ਗੁੱਡ ਫਰਾਈਡੇਅ ’ਤੇ ਵਿਸ਼ੇਸ਼

0
8

ਸ਼ੈਲੀ ਅਲਬਰਟ
ਪਵਿੱਤਰ ਬਾਈਬਲ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਦਾ ਜ਼ਿਕਰ ਹੈ, ਪਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਹੀ ਸਰਵਸ਼੍ਰੇਸ਼ਟ ਮੰਨਿਆ ਗਿਆ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਦੁਨੀਆਂ ਵਿੱਚ ਮਨੁੱਖ ਦੇ ਰੂਪ ਵਿੱਚ ਆਉਣ, ਸਲੀਬੀ ਮੌਤ ਅਤੇ ਉਨ੍ਹਾਂ ਦਾ ਤੀਜੇ ਦਿਨ ਮੁੜ ਜੀ ਉੱਠਣਾ ਪ੍ਰਮੇਸ਼ਵਰ ਦੀ ਯੋਜਨਾ ਸੀ। ਪ੍ਰਭੂ ਯਿਸੂ ਮਸੀਹ ਬਾਰੇ ਪ੍ਰਮੇਸ਼ਵਰ ਨੇ ਆਪਣੇ ਭੇਜੇ ਹੋਏ ਨਬੀਆਂ ਜ਼ਰੀਏ ਉਨ੍ਹਾਂ ਦੀ ਜ਼ੁਬਾਨੀ ਹਜ਼ਾਰਾਂ ਸਾਲ ਪਹਿਲਾਂ ਹੀ ਭਵਿੱਖਬਾਣੀਆਂ ਕਰ ਦਿੱਤੀਆਂ ਸਨ ਜੋ ਪਵਿੱਤਰ ਬਾਈਬਲ ਦੇ ਪੁਰਾਣੇ ਅਹਿਦਨਾਮੇ ਵਿੱਚ ਦਰਜ ਹਨ। ਪਵਿੱਤਰ ਬਾਈਬਲ ਦਾ ਪੁਰਾਣਾ ਅਹਿਦਨਾਮਾ ਮਸੀਹ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਨਬੀਆਂ ਨੇ ਪ੍ਰਮੇਸ਼ਵਰ ਦੀ ਅਗਵਾਈ ਹੇਠ ਲਿਖਿਆ ਸੀ। ਪਵਿੱਤਰ ਬਾਈਬਲ ਅਨੁਸਾਰ ਪ੍ਰਮੇਸ਼ਵਰ ਆਪਣੇ ਨਬੀਆਂ ਨਾਲ ਸਿੱਧੀ ਗੱਲ ਕਰਦਾ ਸੀ। ਬਾਈਬਲ ਵਿੱਚ ਨਬੀਆਂ ਅਤੇ ਪ੍ਰਮੇਸ਼ਵਰ ਨੇ ਖ਼ੁਦ ਪ੍ਰਭੂ ਯਿਸੂ ਮਸੀਹ ਨੂੰ ਪ੍ਰਮੇਸ਼ਵਰ ਦਾ ਪੁੱਤਰ ਕਿਹਾ ਹੈ। ਯਹੂੰਨਾ ਨਬੀ ਨੇ ਆਪਣੀ ਪੋਥੀ ਵਿੱਚ ਲਿਖਿਆ ਹੈ ਕਿ ‘ਪ੍ਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਬੇਟਾ ਦੇ ਦਿੱਤਾ ਤਾਂ ਜੋ ਕੋਈ ਵੀ ਉਸ ‘ਤੇ ਵਿਸ਼ਵਾਸ ਕਰੇ, ਹਲਾਕ ਨਾ ਹੋਵੇ ਬਲਕਿ ਹਮੇਸ਼ਾਂ ਦਾ ਜੀਵਨ ਪਾਏ।‘ ਇਸ ਤੋਂ ਇਲਾਵਾ ਯਹੂੰਨਾ ਨਬੀ ਦੀ ਪੁਸਤਕ ਵਿੱਚ ਇੰਜ ਲਿਖਿਆ ਹੈ ਕਿ ‘ਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਪੁੱਤਰ ਵਰਗਾ ਡਿੱਠਾ।‘ ਇੱਥੇ ‘ਸ਼ਬਦ‘ ਪ੍ਰਭੂ ਯਿਸੂ ਮਸੀਹ ਲਈ ਵਰਤਿਆ ਗਿਆ ਹੈ, ਜਿਸ ਦਾ ਜ਼ਿਕਰ ਪਵਿੱਤਰ ਬਾਈਬਲ ਦੀ ਪਹਿਲੀ ਪੋਥੀ ਦੀ ਉਤਪਤੀ ਵਿੱਚ ਵੀ ਕੀਤਾ ਹੋਇਆ ਹੈ। ਯਹੂੰਨਾ ਨਬੀ ਵੱਲ ਜਦੋਂ ਪ੍ਰਭੂ ਯਿਸੂ ਮਸੀਹ ਆ ਰਿਹਾ ਸੀ ਤਾਂ ਯਹੂੰਨਾ ਨੇ ਕਿਹਾ ਕਿ ‘ਵੇਖੋ ਪ੍ਰਮੇਸ਼ਰ ਦਾ ਲੇਲਾ (ਅਰਥਾਤ ਪੁੱਤਰ) ਜਿਹੜਾ ਜਗਤ ਦੇ ਪਾਪ ਚੁੱਕ ਲੈ ਜਾਂਦਾ ਹੈ ਇਹ ਉਹ ਹੈ ਜਿਸ ਦੇ ਬਾਰੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਖ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲੋਂ ਸੀ।‘ ਪ੍ਰਭੂ ਯਿਸੂ ਮਸੀਹ ਨੇ ਖ਼ੁਦ ਆਪਣੀ ਸਲੀਬੀ ਮੌਤ ਬਾਰੇ ਇੱਥੋਂ ਤਕ ਕਿ ਉਨ੍ਹਾਂ ਨੇ ਆਪਣੇ ਫੜਵਾਉਣ ਵਾਲੇ ਦਾ ਨਾਂ, ਜਿਹੜਾ ਕਿ ਉਨ੍ਹਾਂ ਦੇ 12 ਚੇਲਿਆਂ ਵਿੱਚੋਂ ਸੀ, ਚੇਲਿਆਂ ਨੂੰ ਦੱਸ ਦਿੱਤਾ ਸੀ। ਪ੍ਰਭੂ ਯਿਸੂ ਮਸੀਹ ਦਾ ਦੁਨੀਆਂ ‘ਤੇ ਆਉਣ ਦਾ ਸਿਰਫ਼ ਇੱਕ ਹੀ ਮਕਸਦ ਪਾਪੀਆਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮੁਕਤ ਕਰਨਾ ਸੀ। ਉਨ੍ਹਾਂ ਨੇ ਆਪਣੇ ਪਾਪ ਰਹਿਤ ਸਰੀਰ ਦੀ ਪਾਪੀਆਂ ਵਾਸਤੇ ਕੁਰਬਾਨੀ ਦੇ ਦਿੱਤੀ। ਉਹ ਜਿਹੜੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਇਹ ਸਵੀਕਾਰ ਕਰਦੇ ਹਨ ਕਿ ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਦੇ ਪਾਪਾਂ ਦੇ ਬਦਲੇ ਵਿੱਚ ਪ੍ਰਮੇਸ਼ਵਰ ਦੇ ਖਾਤੇ ਵਿੱਚੋਂ ਪੂਰੀ ਅਦਾਇਗੀ ਕਰ ਦਿੱਤੀ ਹੈ। ਪ੍ਰਭੂ ਯਿਸੂ ਨੇ ਆਪਣੇ ਜੀਵਨ ਦੇ 30 ਸਾਲ ਆਪਣੇ ਮਾਤਾ-ਪਿਤਾ ਦੀ ਸੇਵਾ ਵਿੱਚ ਗੁਜ਼ਾਰੇ ਅਤੇ ਆਖ਼ਰੀ ਸਾਢੇ ਤਿੰਨ ਸਾਲ ਮਨੁੱਖਤਾ ਦੀ ਰੂਹਾਨੀ ਸੇਵਾ ਕੀਤੀ। ਯਿਸੂ ਨੇ ਜਿੱਥੇ ਮਨੁੱਖਤਾ ਨੂੰ ਪ੍ਰੇਮ, ਸ਼ਾਂਤੀ, ਆਪਸੀ ਭਾਈਚਾਰੇ ਅਤੇ ਪਾਪਾਂ ਤੋਂ ਤੌਬਾ ਕਰਨ ਦਾ ਸੰਦੇਸ਼ ਦਿੱਤਾ, ਉੱਥੇ ਊਚ-ਨੀਚ ਦਾ ਭੇਦ-ਭਾਵ ਖ਼ਤਮ ਕਰਦਿਆਂ ਬਹੁਤ ਸਾਰੇ ਰੋਗੀਆਂ ਨੂੰ ਤੰਦਰੁਸਤ ਕੀਤਾ। ਇੱਥੋਂ ਤਕ ਕਿ ਰੱਬੀ ਰੂਹਾਨੀ ਸ਼ਕਤੀ ਦੇ ਨਾਲ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਅਤੇ ਹੋਰ ਕਈ ਅਚੰਭਿਤ ਕਰਨ ਵਾਲੇ ਕੰਮ ਕੀਤੇ। ਪ੍ਰਭੂ ਯਿਸੂ ਮਸੀਹ ਨੇ ਦੁਨੀਆਂ ‘ਤੇ ਆਉਣ ਵਾਲੀਆਂ ਅਗਾਮੀ ਔਕੜਾਂ ਬਾਰੇ ਮਨੁੱਖ ਨੂੰ ਸੁਚੇਤ ਕਰਦਿਆਂ ਪਾਪਾਂ ਤੋਂ ਤੌਬਾ ਕਰਕੇ ਸਵਰਗ ਦੇ ਰਾਜ ਲਈ ਤਿਆਰ ਹੋਣ ਦਾ ਸੱਦਾ ਦਿੱਤਾ। ਪਰ ਉਸ ਵੇਲੇ ਦੇ ਧਰਮ ਦੇ ਠੇਕੇਦਾਰਾਂ (ਫੱਕੀ ਫਰੀਸੀਆਂ) ਨੇ ਆਪਣੀ ਹੋਂਦ ਨੂੰ ਬਚਾਉਣ ਲਈ ਲੋਕਾਂ ਅਤੇ ਉਸ ਵੇਲੇ ਦੇ ਹਾਕਮਾਂ ਨੂੰ ਇਸ ਰੱਬੀ ਰੂਹ ਵਿਰੁੱਧ ਗੁੰਮਰਾਹ ਕਰਕੇ ਉਨ੍ਹਾਂ ਉੱਤੇ ਲਾਏ ਗ਼ਲਤ ਦੋਸ਼ਾਂ ਤਹਿਤ ਸਲੀਬੀ ਮੌਤ ਦੇਣ ਲਈ ਮਜਬੂਰ ਕਰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਆਪਣੇ ਪ੍ਰਾਣ ਤਿਆਗਣ ਤੋਂ ਪਹਿਲਾਂ ਇਹ ਕਹਿ ਕੇ ‘ਪੂਰਾ ਹੋਇਆ‘ ਪ੍ਰਮੇਸ਼ਵਰ ਦੀ ਯੋਜਨਾ ਨੂੰ ਸਰਅੰਜਾਮ ਦਿੱਤਾ। ਜਦੋਂ ਪ੍ਰਭੂ ਯਿਸੂ ਮਸੀਹ ਨੇ ਸਲੀਬ ‘ਤੇ ਆਪਣੇ ਪ੍ਰਾਣ ਤਿਆਗੇ ਤਾਂ ਹੈਕਲ ਦਾ ਪਰਦਾ ਫਟ ਗਿਆ ਅਤੇ ਸਾਰੀ ਦੁਨੀਆਂ ‘ਤੇ ਹਨੇਰਾ ਛਾ ਗਿਆ ਤਾਂ ਸਲੀਬ ‘ਤੇ ਚੜ੍ਹਾਉਣ ਵਾਲਿਆਂ ਨੇ ਉਦੋਂ ਮੰਨਿਆ ਕਿ ਯਿਸੂ ਤਾਂ ਵਾਕਈ ਧਰਮੀ ਮਨੁੱਖ ਤੇ ਪ੍ਰਮੇਸ਼ਵਰ ਦਾ ਪੁੱਤਰ ਸੀ। ਪ੍ਰਭੂ ਯਿਸੂ ਦਾ ਬਲੀਦਾਨ ਦਿਵਸ ‘ਗੁੱਡ ਫਰਾਈਡੇਅ‘ ਦੇ ਤੌਰ ‘ਤੇ ਸਾਰੀ ਦੁਨੀਆਂ ਦੇ ਮਸੀਹੀ ਵਿਸ਼ਵਾਸੀ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਉਨ੍ਹਾਂ ਦੀ ਯਾਦ ਵਿੱਚ ਚਾਲੀ ਰੋਜ਼ੇ ਵੀ ਰੱਖਦੇ ਹਨ। ਮਸੀਹੀ ਵਿਸ਼ਵਾਸੀ ਤੇ ਹੋਰ ਉਨ੍ਹਾਂ ਦੇ ਨਾਮ ਲੇਵਾ ‘ਗੁੱਡ ਫਰਾਈਡੇਅ‘ ਨੂੰ ਆਪਣੇ ਜੀਵਨ ਵਿੱਚ ਬਹੁਤ ਮਹੱਤਵ ਦਿੰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਯਿਸੂ ਮਸੀਹ ਨੇ ਆਪਣਾ ਵਡਮੁੱਲਾ ਬਲੀਦਾਨ ਦੇ ਕੇ ਉਨ੍ਹਾਂ ਲਈ ਮੁਕਤੀ ਦਾ ਰਾਹ ਖੋਲ੍ਹ ਦਿੱਤਾ ਹੈ। ਇਸ ਦਿਨ ਵਿਸ਼ਵਭਰ ਵਿੱਚ ਮਸੀਹ ਵਿਸ਼ਵਾਸੀ ਰੋਜ਼ਾ ਰੱਖ ਕੇ ਗਿਰਜਾਘਰਾਂ ਵਿੱਚ ਕੀਤੀਆਂ ਜਾਂਦੀਆਂ ਸ਼ੋਕ ਸਭਾਵਾਂ ਵਿੱਚ ਸ਼ਾਮਲ ਹੁੰਦੇ ਹਨ। ਇਨ੍ਹਾਂ ਪ੍ਰਾਰਥਨਾ ਸਭਾਵਾਂ ਵਿੱਚ ਯਿਸੂ ਮਸੀਹ ਦੁਆਰਾ ਮਨੁੱਖਤਾ ਦੇ ਭਲੇ ਲਈ ਉਠਾਏ ਦੁੱਖਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਸਾਨੂੰ ਇਸ ਪਵਿੱਤਰ ਦਿਨ ‘ਤੇ ਪਾਪਾਂ ਤੋਂ ਤੌਬਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।