ਭਗਵੰਤ ਮਾਨ ਵੱਲੋਂ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਸ਼ੁਰੂ

0
10

ਜ਼ੀਰਕਪੁਰ/ਬਨੂੜ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦਿਆਂ ਅੱਜ ਇੱਥੋਂ ਮਿਸ਼ਨ 13-0 ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਪਾਰਟੀ ਵਰਕਰਾਂ ਅਤੇ ਮੀਡੀਆ ਨਾਲ ਪਾਰਟੀ ਦੇ 13 ਲੋਕ ਸਭਾ ਉਮੀਦਵਾਰਾਂ ਦੀ ਜਾਣ ਪਛਾਣ ਕਰਵਾਈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ‘ਆਪ‘ ਦੇ ਉਮੀਦਵਾਰ ਪਰਿਵਾਰਵਾਦੀ ਸਿਆਸਤਦਾਨ ਨਹੀਂ ਹਨ। ਉਹ ਸਾਂਝੇ ਪਰਿਵਾਰਾਂ ਵਾਲੇ ਲੋਕ ਹਨ ਜੋ ਹੁਣ ਲੋਕ ਸਭਾ ਵਿੱਚ ਲੋਕਾਂ ਦੀ ਆਵਾਜ਼ ਬਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਰੇਕ ਲੜਾਈ ਅੱਗੇ ਹੋ ਕੇ ਲੜੀ ਹੈ ਅਤੇ ਹੁਣ ਤਾਨਾਸ਼ਾਹੀ ਵਿਰੁੱਧ ਵੀ ਲੜਾਈ ਪੰਜਾਬੀ ਹੀ ਮੂਹਰੇ ਹੋ ਕੇ ਲੜਨਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਹੈ ਤੇ ਆਪਣਾ ਘਰ ਭਰਿਆ ਹੈ। ਉਨ੍ਹਾਂ ਮੁੱਖ ਮੁੰਤਰੀ ਹੁੰਦਿਆਂ ਕੋਈ ਜ਼ਮੀਨ ਨਹੀਂ ਖਰੀਦੀ ਸਗੋਂ ਪੰਜਾਬ ‘ਚ ਬਿਜਲੀ ਪੂਰੀ ਕਰਨ ਲਈ ਥਰਮਲ ਪਲਾਂਟ ਖਰੀਦਿਆ ਹੈ। ਉਨ੍ਹਾਂ ਪਾਰਟੀ ਦੇ ਵਾਲੰਟੀਅਰਾਂ ਨੂੰ ਵੀ ਗਿਲੇ-ਸ਼ਿਕਵੇ ਭੁਲਾ ਕੇ ਅਤੇ ਇਕਜੁੱਟ ਹੋ ਕੇ ਸੰਘਰਸ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਜਿੱਤ ਜਾਂ ਹਾਰ ਦੀ ਲੜਾਈ ਨਹੀਂ ਹੈ ਸਗੋਂ ਤਾਨਾਸ਼ਾਹੀ ਵਿਰੁੱਧ ਇਕ ਜੰਗ ਹੈ। ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਇਕ ਬਹੁਤ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਇਕ ਵੱਡਾ ਤਾਨਾਸ਼ਾਹ ਹੈ ਜੋ ਜ਼ੁਲਮ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਝੀ ਸਿਆਸਤ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਲੋਕ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ। ਲੋਕ ਇਨ੍ਹਾਂ ਜ਼ੁਲਮਾਂ ਦਾ ਜਵਾਬ ਵੋਟ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਕੇਜਰੀਵਾਲ ਨੂੰ ਜੇਲ੍ਹ ਵਿੱਚ ਸੁੱਟਿਆ ਹੈ ਪਰ ਕੇਜਰੀਵਾਲ ਇਕ ਸੋਚ ਹੈ ਜਿਸ ਨੂੰ ਉਹ ਕਦੇ ਨਹੀਂ ਰੋਕ ਸਕਦੇ। ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦਾ ਆਗਾਜ਼ ਕਰਦਿਆਂ ਮਿਸ਼ਨ 13-0 ਦੇ ਨਾਂ ਹੇਠ ਕਰਵਾਇਆ ਗਿਆ ਅੱਜ ਦਾ ਸਾਰਾ ਪ੍ਰੋਗਰਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਆਲੇ ਦੁਆਲੇ ਹੀ ਕੇਂਦਰਿਤ ਰਿਹਾ। ਇਸ ਦੌਰਾਨ ਉਹ ਤਿੰਨ ਵਜੇ ਦਾ ਸਮਾਂ ਦੇ ਕੇ ਕਾਫੀ ਦੇਰੀ ਨਾਲ ਸਮਾਗਮ ਵਿੱਚ ਪਹੁੰਚੇ।