‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਯਾਦਗਾਰੀ ਕਿਤਾਬ ਜਲਦੀ ਹੀ ਐਮਾਜ਼ੋਨ ’ਤੇ ਲਾਂਚ ਕੀਤੀ ਜਾਵੇਗੀ

0
9

ਸਰੀ (ਹਰਦਮ ਮਾਨ)-ਪੰਜਾਬ ਵਿੱਚ ਬਸਤੀਵਾਦੀ ਦੌਰ ਦੇ ਇੱਕ ਉੱਘੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਰਾਸਤ ‘ਤੇ ਰੌਸ਼ਨੀ ਪਾਉਂਦੀ ‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ‘ ਯਾਦਗਾਰੀ ਰਚਨਾ ਜਲਦੀ ਹੀ ਐਮਾਜ਼ੋਨ ‘ਤੇ ਲਾਂਚ ਕੀਤੀ ਜਾਵੇਗੀ ਅਤੇ ਦੁਨੀਆ ਭਰ ਦੇ ਪਾਠਕ ਇਸ ਨੂੰ ਪੜ੍ਹਨ ਦੀ ਸਹੂਲਤ ਮਾਣ ਸਕਣਗੇ। ਇਹ ਪੁਸਤਕ ਲਹਿੰਦੇ ਪੰਜਾਬ ਦੇ ਪ੍ਰੋ. ਪਰਵੇਜ਼ ਵੰਡਲ ਅਤੇ ਪ੍ਰੋ: ਸਾਜਿਦਾ ਵੰਡਲ ਦੀ ਖੋਜ ਭਰਪੂਰ ਰਚਨਾ ਹੈ। ਕੈਨੇਡਾ ਦੀ ਫੇਰੀ ‘ਤੇ ਆਏ ਪੁਸਤਕ ਦੇ ਲੇਖਕ ਪ੍ਰੋ: ਪਰਵੇਜ਼ ਵੰਡਲ ਬੀਤੇ ਦਿਨ ਕੈਨੇਡੀਅਨ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਮੁਖੀ ਅਤੇ ਉੱਘੇ ਸਿੱਖ ਵਿਦਵਾਨ ਸਰਦਾਰ ਜੈਤੇਗ ਸਿੰਘ ਅਨੰਤ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ ਅਤੇ ਉਨ੍ਹਾਂ ਇਹ ਪੁਸਤਕ ਜੈਤੇਗ ਸਿੰਘ ਅਨੰਤ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਲੋਕ ਸੰਪਰਕ ਅਫ਼ਸਰ ਸੁਰਿੰਦਰ ਸਿੰਘ ਜੱਬਲ ਨੂੰ ਭੇਂਟ ਕੀਤੀ। ਇਸ ਮੌਕੇ ਦੋਹਾਂ ਕੈਨੇਡੀਅਨ ਸੰਸਥਾਵਾਂ ਨੇ ਕਿਤਾਬ ਦੇ ਇਤਿਹਾਸਕ ਮਹੱਤਵ ਨੂੰ ਪਛਾਣਦੇ ਹੋਏ ਉੱਤਰੀ ਅਮਰੀਕਾ ਵਿੱਚ ਇਸ ਦੇ ਸ਼ਾਨਦਾਰ ਰਿਲੀਜ਼ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਆਪਣੀ ਉਤਸੁਕਤਾ ਪ੍ਰਗਟਾਈ। ਪ੍ਰੋ. ਵੰਡਲ ਨੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਨਵੰਬਰ 2024 ਵਿੱਚ ਲਾਹੌਰ ਵਿੱਚ ਹੋਣ ਵਾਲੀ ਸਾਲਾਨਾ “811P ਕਾਨਫਰੰਸ ਤੋਂ ਬਾਅਦ ਕਿਤਾਬ ਨੂੰ ਉੱਤਰੀ ਅਮਰੀਕਾ ਵਿੱਚ ਲਾਂਚ ਕੀਤਾ ਜਾਵੇਗਾ। ਪ੍ਰੋ. ਵੰਡਲ ਨੇ ਦੱਸਿਆ ਕਿ ‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ‘ ਪੁਸਤਕ ਵਿਚ ਭਾਈ ਰਾਮ ਸਿੰਘ ਦੇ ਜੀਵਨ ਅਤੇ ਕੈਰੀਅਰ ਦੀ ਡੂੰਘਾਈ ਨਾਲ ਕੀਤੀ ਖੋਜ ਅਤੇ ਅੰਗਰੇਜ਼ੀ ਰਾਜ ਦੌਰਾਨ ਉਨ੍ਹਾਂ ਦੇ ਯਾਦਗਾਰੀ ਇਮਾਰਤਸਾਜ਼ੀ ਦੇ ਯੋਗਦਾਨ, ਅੰਮ੍ਰਿਤਸਰ ਤੋਂ ਉਨ੍ਹਾਂ ਦੀ ਨਿਮਾਣੀ ਸ਼ੁਰੂਆਤ ਤੋਂ ਲੈ ਕੇ ਲਾਹੌਰ ਵਿੱਚ ਸ਼ਾਨਦਾਰ ਕੈਰੀਅਰ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਮੇਓ ਸਕੂਲ ਆਫ਼ ਆਰਟਸ ਵਿੱਚ ਜੌਹਨ ਲੌਕਵੁੱਡ ਕਿਪਲਿੰਗ ਵਰਗੇ ਦਿੱਗਜਾਂ ਨਾਲ ਉਨ੍ਹਾਂ ਦੀ ਸਾਂਝ ਅਤੇ ਆਪਣੇ ਸਮੇਂ ਦੇ ਇਕ ਸ਼ਾਨਦਾਰ ਆਰਕੀਟੈਕਟ ਦੇ ਰੂਪ ਵਿੱਚ ਉਨ੍ਹਾਂ ਦੇ ਉਭਾਰ, ਭਾਈ ਰਾਮ ਸਿੰਘ ਦੇ ਚਰਿੱਤਰ, ਕਾਰਜ ਅਤੇ ਪੇਸ਼ੇਵਰ ਸਫ਼ਰ ਦੀ ਖੋਜ ਭਰਪੂਰ ਜਾਣਕਾਰੀ ਵਾਲੀ ਇਹ ਕਿਤਾਬ ਆਰਕੀਟੈਕਚਰ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਵਿਦਿਆਰਥੀਆਂ ਲਈ ਇਕ ਅਨਮੋਲ ਖਜ਼ਾਨਾ ਹੋਣ ਦਾ ਵਾਅਦਾ ਕਰਦੀ ਹੈ। ਪ੍ਰੋ. ਪਰਵੇਜ਼ ਵੰਡਲ ਨੇ ਇਹ ਵੀ ਖੁਲਾਸਾ ਕੀਤਾ ਕਿ “811P ਐਮਾਜੋਨ ‘ਤੇ ਕਿਤਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਲਗਨ ਨਾਲ ਕੰਮ ਕਰ ਰਿਹਾ ਹੈ, ਜਿਸ ਨਾਲ ਵਿਸ਼ਵ-ਵਿਆਪੀ ਪੰਜਾਬੀ ਭਾਈਚਾਰਾ, ਅਕਾਦਮਿਕ ਅਤੇ ਆਰਕੀਟੈਕਚਰ ਭਾਈ ਰਾਮ ਸਿੰਘ ਦੀ ਵਿਰਾਸਤ ਨੂੰ ਜਾਣਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਸ ਦੀ ਆਸਾਨ ਪਹੁੰਚ ਦੀ ਸਹੂਲਤ ਮਿਲ ਸਕੇਗੀ।