ਫ਼ਿਲਮ ‘ਕਿਆਮਤ ਸੇ ਕਿਆਮਤ ਤੱਕ’ ਮੇਰੇ ਲਈ ਬਹੁਤ ਖਾਸ-ਆਮਿਰ

0
7

ਮੁੰਬਈ: ਬੌਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਫ਼ਿਲਮ ‘ਕਿਆਮਤ ਸੇ ਕਿਆਮਤ ਤੱਕ‘ ਹਿੰਦੀ ਸਿਨੇ ਜਗਤ ‘ਚ ਇੱਕ ਮੀਲ ਪੱਥਰ ਸਾਬਤ ਹੋਈ ਹੈ ਤੇ ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਦੇ ਮਿਲੇ ਪਿਆਰ ਕਾਰਨ ਇਹ ਫ਼ਿਲਮ ਹਮੇਸ਼ਾ ਉਸ ਲਈ ਖਾਸ ਰਹੀ ਹੈ। ਦੱਸਣਯੋਗ ਹੈ ਕਿ ਜੂਹੀ ਚਾਵਲਾ ਤੇ ਆਮਿਰ ਦੀ ਇਸ ਰੋਮਾਂਟਿਕ ਫ਼ਿਲਮ ਦਾ ਨਿਰਦੇਸ਼ਨ ਮਨਸੂਰ ਖਾਨ ਨੇ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਰੋਮੀਓ ਤੇ ਜੂਲੀਅਟ ਦੇ ਪਿਆਰ ਦੀ ਤਰ੍ਹਾਂ ਦੁੱਖਦਾਈ ਅੰਤ ਵਾਲੀ ਸੀ ਜੋ ਸਾਲ 1988 ‘ਚ ਰਿਲੀਜ਼ ਹੋਣ ਮਗਰੋਂ ਹਿੱਟ ਸਾਬਤ ਹੋਈ ਸੀ। ਆਮਿਰ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਕਾਮਯਾਬ ਹੋਣਗੇ ਜਾਂ ਨਹੀਂ ਪਰ ਉਹ ਤੇ ਮਨਸੂਰ ਜਦੋਂ ਵੀ ਫ਼ਿਲਮ ਦੇਖਦੇ ਸਨ ਤਾਂ ਇਸ ਵਿਚਲੀਆਂ ਖਾਮੀਆਂ ਲੱਭ ਕੇ ਉਨ੍ਹਾਂ ‘ਤੇ ਚਰਚਾ ਕਰਨ ‘ਚ ਬੈਠ ਜਾਂਦੇ ਹਨ। ਆਮਿਰ ਨੇ ਕਿਹਾ,‘‘ਇਸ ਫ਼ਿਲਮ ਨੂੰ ਦਰਸ਼ਕਾਂ ਦਾ ਪਿਆਰ ਮਿਲਣ ‘ਤੇ ਮੈਨੂੰ ਖੁਸ਼ੀ ਹੋਈ। ਮੈਂ ਸਮਝਦਾ ਹਾਂ ਕਿ ‘ਕਿਆਮਤ ਸੇ ਕਿਆਮਤ ਤੱਕ‘ ਫ਼ਿਲਮ ਹਿੰਦੀ ਸਿਨੇਮਾ ‘ਚ ਅਜਿਹਾ ਮੀਲ ਪੱਥਰ ਸਾਬਤ ਹੋਈ ਹੈ ਜਿਸ ਨੇ ਭਾਰਤੀ ਸਿਨੇਮਾ ਦੀ ਸੰਵੇਦਨਸ਼ੀਲਤਾ ਨੂੰ ਹੀ ਬਦਲ ਦਿੱਤਾ। ਸਾਲ 1988 ਤੋਂ ਬਾਅਦ ਹੀ ਅਜਿਹੀਆਂ ਕਹਾਣੀਆਂ ਦਾ ਰੁਝਾਨ ਵਧਿਆ, ਮੈਨੂੰ ਲੱਗਦਾ ਹੈ ਕਿ ਮਨਸੂਰ ਪਹਿਲਾ ਨਿਰਦੇਸ਼ਕ ਸੀ ਜਿਸ ਨੇ ਅਜਿਹੀਆਂ ਕਹਾਣੀਆਂ ਦੀ ਸ਼ੁਰੂਆਤ ਕੀਤੀ। ਇਸ ਕਰ ਕੇ ਇਹ ਮੇਰੇ ਲਈ ਹਰ ਪੱਖੋਂ ਇੱਕ ਖਾਸ ਫ਼ਿਲਮ ਹੈ।’’