ਆ ਜਾ ਤੁਝ ਕੋ ਪੁਕਾਰੇ ਮੇਰੇ ਗੀਤ… ਦਾ ਰਚੇਤਾ ਅਨੰਦ ਬਖ਼ਸ਼ੀ

0
7

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਅਜੋਕਾ ਬੌਲੀਵੁੱਡ ਸੰਗੀਤ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਨੌਵੇਂ ਦਹਾਕੇ ਤੱਕ ਆਪਣਾ ਸਿਖਰ ਹੰਢਾਉਣ ਤੋਂ ਬਾਅਦ ਹੁਣ ਹੰਭ ਗਿਆ ਜਾਪਦਾ ਹੈ। ਅਜੋਕੇ ਬੌਲੀਵੁੱਡ ਸੰਗੀਤ ਵਿੱਚ ਪੁਰਾਣੇ ਵੇਲਿਆਂ ਵਾਲੀ ਸਾਰਥਿਕਤਾ, ਸੰਗੀਤਕਤਾ, ਸੁਰੀਲਾਪਣ ਤੇ ਸੰਗੀਤ ਦੀ ਸੁੱਚਤਾ ਪ੍ਰਤੀ ਸਮਰਪਣ ਲਗਭਗ ਖ਼ਤਮ ਹੋ ਗਿਆ ਜਾਪਦਾ ਹੈ। ਜੇ ਇਹ ਗੱਲ ਸੱਚ ਨਾ ਹੁੰਦੀ ਤਾਂ ਅੱਜ ਵੀ ਲੋਕ ਨੌਸ਼ਾਦ, ਸ਼ੰਕਰ-ਜੈ ਕਿਸ਼ਨ, ਲਕਸ਼ਮੀਕਾਂਤ-ਪਿਆਰੇ ਲਾਲ, ਕਲਿਆਣ ਜੀ-ਅਨੰਦ ਜੀ, ਮਦਨ ਮੋਹਨ, ਰੌਸ਼ਨ, ਐੱਸ.ਡੀ. ਬਰਮਨ, ਆਰ.ਡੀ. ਬਰਮਨ ਅਤੇ ਸੀ. ਰਾਮਚੰਦਰ ਜਿਹੇ ਸੰਗੀਤ ਨਿਰਦੇਸ਼ਕਾਂ ਤੇ ਸਾਹਿਰ ਲੁਧਿਆਣਵੀ, ਪ੍ਰਦੀਪ, ਹਸਰਤ ਜੈਪੁਰੀ, ਮਜਰੂਹ ਸੁਲਤਾਨਪੁਰੀ, ਰਜਿੰਦਰ ਕ੍ਰਿਸ਼ਨ ਅਤੇ ਅਨੰਦ ਬਖ਼ਸ਼ੀ ਜਿਹੇ ਕਲਮ ਦੇ ਧਨੀ ਗੀਤਕਾਰਾਂ ਦੀਆਂ ਅਮਰ ਰਚਨਾਵਾਂ ਸੁਣ ਕੇ ਝੂਮਦੇ ਨਾ ਹੁੰਦੇ। ਅਨੰਦ ਬਖ਼ਸ਼ੀ ਬੌਲੀਵੁੱਡ ਦਾ ਉਹ ਸੁੱਘੜ ਸਿਆਣਾ ਗੀਤਕਾਰ ਸੀ ਜਿਸ ਨੇ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਆਖ਼ਰੀ ਦਹਾਕੇ ਤੱਕ ਆਏ ਹਰੇਕ ਦੌਰ ਦੀ ਨਬਜ਼ ਫੜੀ ਤੇ ਆਪਣੇ ਮਨਮੋਹਕ ਤੇ ਅਰਥ ਭਰਪੂਰ ਗੀਤਾਂ ਦੇ ਮੋਤੀਆਂ ਨਾਲ ਬੌਲੀਵੁੱਡ ਦੀ ਝੋਲੀ ਭਰ ਦਿੱਤੀ ਸੀ। ਬਖ਼ਸ਼ੀ ਅਨੰਦ ਪ੍ਰਕਾਸ਼ ਵੈਦ ਉਰਫ਼ ਅਨੰਦ ਬਖ਼ਸ਼ੀ ਦਾ ਜਨਮ 21 ਜੁਲਾਈ 1930 ਨੂੰ ਮਾਤਾ ਸੁਮਿੱਤਰਾ ਦੇਵੀ ਦੀ ਕੁੱਖੋਂ ਪਾਕਿਸਤਾਨ ਦੇ ਰਾਵਲਪਿੰਡੀ ਇਲਾਕੇ ਵਿੱਚ ਹੋਇਆ ਸੀ। ਅਨੰਦ ਅਜੇ ਪੰਜ ਕੁ ਵਰਿ੍ਹਆਂ ਦਾ ਸੀ ਜਦੋਂ ਉਸ ਦੀ ਮਾਂ ਚੱਲ ਵਸੀ ਸੀ। ਸੰਨ ਸੰਤਾਲੀ ਵਿੱਚ ਹੋਏ ਮੁਲਕ ਦੇ ਬਟਵਾਰੇ ਮਗਰੋਂ ਬਖ਼ਸ਼ੀ ਦਾ ਪਰਿਵਾਰ ਪੂਨਾ ਤੇ ਮੇਰਠ ਵਿਖੇ ਕੁਝ ਚਿਰ ਵੱਸਣ ਤੋਂ ਬਾਅਦ ਅਖ਼ੀਰ ਦਿੱਲੀ ਵਿਖੇ ਆ ਵੱਸਿਆ। ਚੜ੍ਹਦੀ ਉਮਰੇ ਕਾਲਜ ਦੀ ਪੜ੍ਹਾਈ ਦੌਰਾਨ ਅਨੰਦ ਬਖ਼ਸ਼ੀ ਨੂੰ ਸ਼ਾਇਰੀ ਕਰਨ ਦਾ ਸ਼ੌਂਕ ਪੈ ਗਿਆ ਜੋ ਬਾਅਦ ਵਿੱਚ ਉਸ ਲਈ ਤੇ ਸਮੱਚੇ ਬੌਲੀਵੁੱਡ ਲਈ ਬੜਾ ਹੀ ਲਾਹੇਵੰਦ ਸਾਬਤ ਹੋਇਆ। ਭਾਰਤੀ ਜਲ ਸੈਨਾ ਵਿੱਚ ਕਈ ਵਰ੍ਹੇ ਨੌਕਰੀ ਕਰਨ ਦੇ ਦੌਰਾਨ ਤੇ ਉਪਰੰਤ ਅਨੰਦ ਬਖ਼ਸ਼ੀ ਨੇ ਗੀਤਾਂ ਤੇ ਕਵਿਤਾਵਾਂ ਦੀ ਰਚਨਾ ਜਾਰੀ ਰੱਖੀ ਤੇ ਅਖ਼ੀਰ ਗੀਤਕਾਰ ਬਣਨ ਦੇ ਮਕਸਦ ਨਾਲ ਬੌਲੀਵੁੱਡ ਵਿੱਚ ਆ ਕਦਮ ਧਰਿਆ। ਉਸ ਨੂੰ 1957 ਵਿੱਚ ‘ਸ਼ੇਰੇ ਬਗ਼ਦਾਦ‘ ਸਣੇ ਇੱਕਾ-ਦੁੱਕਾ ਫਿਲਮਾਂ ਵਿੱਚ ਗੀਤ ਲਿਖਣ ਦਾ ਮੌਕਾ ਮਿਲਿਆ ਪਰ ਮਾੜੀ ਮੋਟੀ ਪਛਾਣ 1958 ਵਿੱਚ ਆਈ ਫਿਲਮ ‘ਭਲਾ ਆਦਮੀ‘ ਵਿੱਚ ਲਿਖੇ ਇੱਕ ਗੀਤ ਨਾਲ ਮਿਲੀ। ‘‘ਧਰਤੀ ਕੇ ਲਾਲ ਨਾ ਕਰ ਮਲਾਲ‘ ਦੇ ਬੋਲਾਂ ਵਾਲਾ ਇਹ ਗੀਤ ਅਨੰਦ ਬਖ਼ਸ਼ੀ ਦੀ ਹੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਤੇ ਅਦਾਕਾਰ ਭਗਵਾਨ ਦਾਦਾ ‘ਤੇ ਫਿਲਮਾਇਆ ਗਿਆ ਸੀ। 1962 ਵਿੱਚ ਆਈ ਫਿਲਮ ‘ਮਹਿੰਦੀ ਲਗੇ ਮੇਰੇ ਹਾਥ‘ ਵਿੱਚ ਉਸ ਦੇ ਰਚੇ ਗੀਤਾਂ ਨੇ ਉਸ ਦਾ ਨਾਂ ਲੋਕਾਂ ਦੇ ਬੁੱਲ੍ਹਾਂ ‘ਤੇ ਲੈ ਆਂਦਾ ਤੇ ਫਿਰ 1965 ਵਿੱਚ ‘ਜਬ ਜਬ ਫੂਲ ਖਿਲੇ‘ ਤੇ ‘ਹਿਮਾਲਿਆ ਕੀ ਗੋਦ ਮੇਂ‘ ਨਾਮਕ ਫਿਲਮਾਂ ਲਈ ਲਿਖੇ ਉਸ ਦੇ ਗੀਤਾਂ ਨੇ ਧੁੰਮਾਂ ਪਾ ਦਿੱਤੀਆਂ। ਗੀਤਕਾਰੀ ਦੇ ਆਪਣੇ ਸਮੁੱਚੇ ਸਫ਼ਰ ਵਿੱਚ ਅਨੰਦ ਬਖ਼ਸ਼ੀ ਨੇ ਛੇ ਸੌ ਤੋਂ ਵੱਧ ਫਿਲਮਾਂ ਲਈ ਸਾਢੇ ਤਿੰਨ ਹਜ਼ਾਰ ਦੇ ਕਰੀਬ ਗੀਤ ਰਚੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੀਤ ਸੁਪਰਹਿੱਟ ਤੇ ਯਾਦਗਾਰੀ ਰਹੇ। ‘ਜਿਸ ਗਲੀ ਮੇਂ ਤੇਰਾ ਘਰ ਨਾ ਹੋ ਬਾਲਮਾ‘, ‘ਬਾਗ਼ੋਂ ਮੇਂ ਬਹਾਰ ਹੈ‘, ‘ਬੜੇ ਅੱਛੇ ਲਗਤੇ ਹੈਂ‘, ‘ਝਿਲਮਿਲ ਸਿਤਾਰੋਂ ਕਾ ਆਂਗਨ ਹੋਗਾ‘, ‘ਕੋਰਾ ਕਾਗ਼ਜ਼ ਥਾ ਯੇ ਮਨ ਮੇਰਾ‘, ‘ਯੇ ਸ਼ਾਮ ਮਸਤਾਨੀ‘, ‘ਮੇਰੇ ਨੈਨਾ ਸਾਵਨ ਭਾਦੋਂ‘, ‘ਮਸਤ ਬਹਾਰੋਂ ਕਾ ਮੈਂ ਆਸ਼ਿਕ‘, ‘ਆ ਜਾ ਤੁਝ ਕੋ ਪੁਕਾਰੇ ਮੇਰੇ ਗੀਤ‘, ‘ਓ ਮੇਰੀ ਮਹਿਬੂਬਾ‘, ‘ਪਰਦੇਸੀਓਂ ਸੇ ਨਾ ਅੱਖੀਆਂ ਮਿਲਾਨਾ‘, ‘ਕੁਛ ਤੋ ਲੋਗ ਕਹੇਂਗੇ‘, ‘ਤੁਝੇ ਦੇਖਾ ਤੋ ਯੇ ਜਾਨਾ ਸਨਮ‘, ‘ਜਾਨੇ ਕਿਉਂ ਲੋਗ ਮੁਹੱਬਤ ਕੀਆ ਕਰਤੇ ਹੈਂ‘, ‘ਤੂ ਚੀਜ਼ ਬੜੀ ਹੈ ਮਸਤ ਮਸਤ‘, ‘ਮੇਰੇ ਖ਼ਾਬੋਂ ਮੇਂ ਜੋ ਆਏ‘, ‘ਖ਼ੁਸ਼ ਰਹੇ ਤੂ ਸਦਾ ਯੇ ਦੁਆ ਹੈ ਮੇਰੀ‘, ‘ਪਿਆਰ ਕਰਨੇ ਵਾਲੇ ਕਭੀ ਡਰਤੇ ਨਹੀਂ‘ ਅਤੇ ‘ਕੋਈ ਹਸੀਨਾ ਜਬ ਰੂਠ ਜਾਤੀ ਹੈ‘ ਜਿਹੇ ਹਜ਼ਾਰਾਂ ਦਿਲਕਸ਼ ਗੀਤਾਂ ਦੇ ਰਚੇਤਾ ਅਨੰਦ ਬਖ਼ਸ਼ੀ ਦਾ ਨਾਂ ਚਾਲੀ ਵਾਰ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਚਾਰ ਵਾਰ ਉਹ ਇਹ ਉੱਚ-ਕੋਟੀ ਦਾ ਐਵਾਰਡ ਹਾਸਲ ਕਰਨ ਵਿੱਚ ਸਫਲ ਵੀ ਰਿਹਾ ਸੀ। ਲਕਸ਼ਮੀਕਾਂਤ-ਪਿਆਰੇ ਲਾਲ ਦੀ ਜੋੜੀ ਦੇ ਸੰਗੀਤ ਵਿੱਚ ਤਿੰਨ ਸੌ ਅਤੇ ਆਰ.ਡੀ. ਬਰਮਨ ਦੇ ਸੰਗੀਤ ਵਿੱਚ ਸੌ ਤੋਂ ਵੱਧ ਗੀਤ ਰਚਣ ਵਾਲੇ ਮਹਾਨ ਗੀਤਕਾਰ ਅਨੰਦ ਬਖ਼ਸੀ ਦੀ ਆਖ਼ਰੀ ਰਿਲੀਜ਼ ਫਿਲਮ ‘ਮਹਿਬੂਬਾ‘ ਸੀ ਜੋ ਉਸ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਈ ਸੀ। ਗਾਇਕ ਸ਼ੈਲੇਂਦਰ ਸਿੰਘ, ਕੁਮਾਰ ਸਾਨੂ ਅਤੇ ਕਵਿਤਾ ਕ੍ਰਿਸ਼ਨਾਮੂਰਤੀ ਦੇ ਕਰੀਅਰ ਦਾ ਪਲੇਠਾ ਗੀਤ ਰਚਣ ਵਾਲੇ ਇਸ ਗੀਤਕਾਰ ਦਾ 30 ਮਾਰਚ 2002 ਨੂੰ ਦੇਹਾਂਤ ਹੋ ਗਿਆ ਸੀ। ਅਨੰਦ ਬਖ਼ਸ਼ੀ ਦੀ ਇਹ ਵਿਸ਼ੇਸ਼ਤਾ ਰਹੀ ਕਿ ਉਸ ਨੇ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ ਵਿੱਚ ਵੀ ਗੀਤ ਲਿਖੇ ਤੇ ਏ.ਆਰ. ਰਹਿਮਾਨ ਤੇ ਨੁਸਰਤ ਫ਼ਤਿਹ ਅਲੀ ਖ਼ਾਂ ਦੇ ਸੰਗੀਤ ਵਿੱਚ ਵੀ ਸੁਰੀਲੇ ਗੀਤਾਂ ਦਾ ਤੋਹਫ਼ਾ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਇਆ।