ਕੇਜਰੀਵਾਲ ਜ਼ਮਾਨਤ ਲਈ ਅੰਬ ਤੇ ਮਠਿਆਈਆਂ ਖਾ ਰਹੇ ਨੇ-ਈ.ਡੀ. ਨੇ ਕੀਤੀ ਸ਼ਿਕਾਇਤ

0
7

ਨਵੀਂ ਦਿੱਲੀ: ਆਬਕਾਰੀ ਘੁਟਾਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਾਈਪ 2 ਦੀ ਡਾਇਬਟੀਜ਼ ਹੋਣ ਦੇ ਬਾਵਜੂਦ ਰੋਜ਼ਾਨਾ ਚੀਨੀ ਵਾਲੀ ਚਾਹ, ਕੇਲਾ, ਆਲੂ-ਪੂੜੀ, ਅੰਬ ਅਤੇ ਮਠਿਆਈਆਂ ਵਰਗੇ ਵੱਧ ਸ਼ੂਗਰ ਵਾਲੇ ਪਦਾਰਥ ਖਾ ਰਹੇ ਹਨ ਤਾਂ ਜੋ ਮੈਡੀਕਲ ਆਧਾਰ ‘ਤੇ ਜ਼ਮਾਨਤ ਲਈ ਦਾਅਵਾ ਪੇਸ਼ ਕੀਤਾ ਜਾ ਸਕੇ। ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਇਹ ਦਾਅਵਾ ਸੀਬੀਆਈ ਅਤੇ ਈਡੀ ਕੇਸਾਂ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਅੱਗੇ ਕੀਤਾ। ਜੱਜ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਡਾਈਟ ਚਾਰਟ (ਖਾਣ-ਪੀਣ ਦਾ ਵੇਰਵਾ) ਸਮੇਤ ਮਾਮਲੇ ਦੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਜਰੀਵਾਲ ਨੇ ਅਦਾਲਤ ਕੋਲ ਪਹੁੰਚ ਕਰਕੇ ਆਪਣੇ ਰੈਗੂਲਰ ਡਾਕਟਰ ਨਾਲ ਵੀਡੀਓ ਕਾਨਫਰੰਸ ਰਾਹੀਂ ਮਸ਼ਵਰਾ ਕਰਨ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਉਸ ਦੀ ਸ਼ੂਗਰ ਦਾ ਪੱਧਰ ਵਧ-ਘੱਟ ਰਿਹਾ ਹੈ। ਜੱਜ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਭਲਕੇ ਤੱਕ ਰਿਪੋਰਟ ਪੇਸ਼ ਕਰਨ ਜਦੋਂ ਅਦਾਲਤ ਵੱਲੋਂ ਦੁਬਾਰਾ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਕੇਜਰੀਵਾਲ ਨੇ ਆਪਣੇ ਡਾਕਟਰ ਨਾਲ ਹਫ਼ਤੇ ‘ਚ ਤਿੰਨ ਵਾਰ ਬਲੱਡ ਸ਼ੂਗਰ ਲੈਵਲ ਆਦਿ ‘ਤੇ ਨਿਗਰਾਨੀ ਸਬੰਧੀ ਵਰਚੁਅਲੀ ਮਸ਼ਵਰੇ ਦੀ ਮੰਗ ਵਾਲੀ ਅਰਜ਼ੀ ਵਾਪਸ ਲੈ ਲਈ ਹੈ।ਇਸ ਦੌਰਾਨ ਜੱਜ ਨੇ ਗੋਆ ਵਿਧਾਨ ਸਭਾ ਚੋਣਾਂ ਦੌਰਾਨ ‘ਆਪ‘ ਦੇ ਫੰਡਾਂ ਦਾ ਕਥਿਤ ਤੌਰ ‘ਤੇ ਪ੍ਰਬੰਧ ਕਰਨ ਵਾਲੇ ਚੰਨਪ੍ਰੀਤ ਸਿੰਘ ਨੂੰ 23 ਅਪਰੈਲ ਤੱਕ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਈਡੀ ‘ਚ ਹਿਰਾਸਤ ਦੀ ਮਿਆਦ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਜੱਜ ਨੇ ‘ਆਪ‘ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵੀ 26 ਅਪਰੈਲ ਤੱਕ ਵਧਾ ਦਿੱਤੀ ਹੈ। ਉਸ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਸਿਸੋਦੀਆ ਨਾਲ ਸਹਿ-ਮੁਲਜ਼ਮ ਸੰਜੈ ਸਿੰਘ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕੇਸ ‘ਚ ਜ਼ਮਾਨਤ ਦਿੱਤੀ ਹੋਈ ਹੈ, ਵੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਏ। ਸੀਬੀਆਈ ਵੱਲੋਂ ਦਾਖ਼ਲ ਕੇਸ ‘ਚ ਸਿਸੋਦੀਆ ਦੀ ਨਿਆਂਇਕ ਹਿਰਾਸਤ 26 ਅਪਰੈਲ ਨੂੰ ਖ਼ਤਮ ਹੋਵੇਗੀ।