ਨਵੰਬਰ ਤਕ ਆਰ.ਸੀ.ਐਮ.ਪੀ. ਦੀ ਥਾਂ ਲੈ ਲਵੇਗੀ ਸਰੀ ਪੁਲਿਸ ਸਰਵਿਸ-ਫਾਰਨਵਰਥ

0
8

ਮੰਗਲਵਾਰ ਦਾ ਐਲਾਨ ਸਰੀ ਖ਼ਿਲਾਫ਼ ਬਦਲਾਖੋਰੀ ਵਾਂਗ ਲਗਦਾ-ਬਰੈਂਡਾ ਲੋਕ
ਵੈਨਕੂਵਰ-ਜਨਤਕ ਸੁਰੱਖਿਆ ਬਾਰੇ ਮੰਤਰੀ ਮਾਈਕ ਫਾਰਨਵਰਥ ਨੇ ਦੱਸਿਆ ਕਿ 29 ਨੰਵਬਰ 2024 ਨੂੰ ਸਰੀ ਪੁਲਿਸ ਸਰਵਿਸ ਸ਼ਹਿਰ ਦੀ ਅਧਿਕਾਰਤ ਪੁਲਿਸ ਵਜੋਂ ਆਰਸੀਐਮਪੀ ਦੀ ਥਾਂ ਲੈ ਲਵੇਗੀ ਅਤੇ ਟਰਾਂਜ਼ੀਸ਼ਨ ਢਾਈ ਸਾਲ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗੀ। ਇਸੇ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੋਕ ਨੇ ਫਾਰਨਵਰਥ ’ਤੇ ਸਰੀ ਵਾਸੀਆਂ ਖਿਲਾਫ ਇਕ ਤਰ੍ਹਾਂ ਦੀ ਬਦਲਾਖੋਰੀ ਵਿਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ ਅਤੇ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ। ਉਹ ਚਾਹੁੰਦੀ ਹੈ ਕਿ ਉਹ ਸਾਨੂੰ ਇਸ ਬਾਰੇ ਦੱਸਣ ਕਿਉਂਕਿ ਜਿਥੋਂ ਤਕ ਉਹ ਦੇਖਦੀ ਹੈ ਉਸ ਨੂੰ ਇਸ ਦਾ ਕੋਈ ਚੰਗਾ ਕਾਰਨ ਨਹੀਂ ਦਿਸਦਾ। ਵੈਨਕੂਵਰ ਵਿਚ ਇਕ ਪ੍ਰੈਸ ਕਾਨਫਰੰਸ ਵਿਖੇ ਫਾਰਨਵਰਥ ਨੇ ਇਸ ਵੱਡੇ ਮੀਲ ਪੱਥਰ ਦਾ ਖੁਲਾਸਾ ਕੀਤਾ ਜਿਸ ਮੁੱਦੇ ’ਤੇ ਲਗਪਗ 6 ਸਾਲਾਂ ਤੋਂ ਤਿੱਖੀ ਬਹਿਸ ਹੋ ਰਹੀ ਹੈ। ਜਦੋਂ ਤਕ ਟਰਾਂਜ਼ੀਸ਼ਨ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤਕ ਬੀਸੀ ਆਰਸੀਐਮਪੀ ਸਰੀ ਵਿਚ ਸਰੀ ਪੁਲਿਸ ਸਰਵਿਸ ਨੂੰ ਆਰਜ਼ੀ ਸਹਾਇਤਾ ਮੁਹੱਈਆ ਕਰੇਗੀ। ਆਉਣ ਵਾਲੇ ਹਫ਼ਤਿਆਂ ਵਿਚ ਉਹ ਸਰੀ ਸਿਟੀ ਨੂੰ ਨੋਟਿਸ ਜਾਰੀ ਕਰਨਗੇ ਜਿਹੜਾ ਆਰਸੀਐਮਪੀ ਦੀ ਸਰੀ ਦੀ ਅਧਿਕਾਰਤ ਪੁਲਿਸ ਵਜੋਂ ਵਰਤੋਂ ਲਈ ਸ਼ਹਿਰ ਦਾ ਸੂਬੇ ਨਾਲ ਮਿਉਂਸਪਲ ਪੁਲਿਸ ਯੂਨਿਟ ਸਬੰਧੀ ਹੋਇਆ ਸਮਝੌਤਾ ਖਤਮ ਕਰ ਦੇਵੇਗਾ। ਇਸ ਦੇ ਨਾਲ ਹੀ ਸਰੀ ਆਰਸੀਐਮਪੀ ਮਿਉਂਸਪਲ ਯੂਨਿਟ ਨੂੰ ਫੈਡਰਲ ਸਰਕਾਰ ਨਾਲ ਸੂਬੇ ਦੇ ਪੁਲਿਸ ਸਮਝੌਤੇ ਤੋਂ ਹਟਾ ਦਿੱਤਾ ਜਾਵੇਗਾ। ਇਸ ਨਾਲ ਸਰੀ ਵਿਚ ਪੁਲਿਸ ਪ੍ਰਬੰਧ ਅਤੇ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਆਰਸੀਐਮਪੀ ਤੋਂ ਲੈ ਕੇ ਸਰੀ ਪੁਲਿਸ ਸਰਵਿਸ ਨੂੰ ਦੇ ਦਿੱਤੀ ਜਾਵੇਗੀ। ਲੋਕ ਨੇ ਇਸ ਨੂੰ ਚਿੰਤਾ ਵਾਲੀ ਗੱਲ ਆਖਦਿਆਂ ਕਿਹਾ ਕਿ ਫਾਰਨਵਰਥ ਨੇ ਇਹ ਕੰਮ ਆਰਸੀਐਮਪੀ ਦੀ ਥਾਂ ਸਰੀ ਪੁਲਿਸ ਸਰਵਿਸ ਲਿਆਉਣ ਦੇ ਸੂਬਾ ਮੰਤਰੀ ਦੇ ਹੁਕਮ ਨੂੰ ਰੱਦ ਕਰਨ ਲਈ ਸਰੀ ਸ਼ਹਿਰ ਦੀ ਪਟੀਸ਼ਨ ’ਤੇ ਅਦਾਲਤ ਵਿਚ ਸੁਣਵਾਈ ਤੋਂ ਤਿੰਨ ਦਿਨ ਪਹਿਲਾਂ ਕੀਤਾ ਹੈ। ਪਟੀਸ਼ਨ ’ਤੇ ਪੰਜ ਦਿਨਾਂ ਸੁਣਵਾਈ ਵੈਨਕੂਵਰ ਵਿਚ ਬੀਸੀ ਸੁਪਰੀਮ ਕੋਰਟ ਵਿਚ ਜਸਟਿਸ ਕੇਵਿਨ ਲੂ ਦੇ ਸਾਹਮਣੇ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨਾਉ ਲੀਡਰ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਕੋਲ ਕੋਈ ਯੋਜਨਾ ਸੀ ਤਾਂ ਉਨ੍ਹਾਂ ਨੂੰ ਸ਼ਾਇਦ ਪੰਜ ਸਾਲ ਪਹਿਲਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਪਰ ਅਜੇ ਤਕ ਕੋਈ ਯੋਜਨਾ ਨਹੀਂ। ਉਧਰ ਫਾਰਨਵਰਥ ਨੇ ਕਿਹਾ ਕਿ ਅਦਾਲਤੀ ਮਾਮਲੇ ਦਾ ਟਰਾਂਜ਼ੀਸ਼ਨ ’ਤੇ ਅਸਰ ਨਹੀਂ ਪਵੇਗਾ। ਇਹ ਫ਼ੈਸਲੇ ਨੂੰ ਉਲਟਾਉਣ ਵਾਲਾ ਨਹੀਂ ਜਿਹੜਾ ਕੀਤਾ ਗਿਆ ਸੀ ਅਤੇ ਸਾਨੂੰ ਆਪਣੇ ਪੱਖ ’ਤੇ ਭਰੋਸਾ ਹੈ ਅਤੇ ਜੇਕਰ ਫ਼ੈਸਲਾ ਉਲਟ ਹੁੰਦਾ ਹੈ ਤਾਂ ਸੂਬੇ ਦੇ ਕਾਨੂੰਨ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਸੂਬੇ ਦਾ ਕਾਨੂੰਨ ਕਹਿੰਦਾ ਹੈ ਕਿ ਸਰੀ ਦੀ ਅਧਿਕਾਰਤ ਪੁਲਿਸ ਸਰੀ ਪੁਲਿਸ ਸਰਵਿਸ ਹੋਵੇਗੀ। ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਡਾਇਨੇ ਮੈਕਡੋਨਾਲਡ ਨੇ ਕਿਹਾ ਕਿ ਹੁਣ ਟਰਾਂਜ਼ੀਸ਼ਨ ਦੇ ਰਸਤੇ ਲਈ ਪਛਾਣ ਹੋ ਗਈ ਹੈ ਅਤੇ ਆਰਸੀਐਮਪੀ ਸੂਬਾ ਸਰਕਾਰ, ਪਬਲਿਕ ਸੇਫਟੀ ਕੈਨੇਡਾ, ਐਸਪੀਐਸ ਅਤੇ ਸਰੀ ਸ਼ਹਿਰ ਨਾਲ ਨੇੜਿਓਂ ਹੋ ਕੇ ਕੰਮ ਕਰਨ ਲਈ ਵਚਨਬੱਧ ਹੈ ਅਤੇ ਅਸੀਂ ਨਵੰਬਰ ਵਿਚ ਅਗਲੇ ਮੀਲਪੱਥਰ ’ਤੇ ਪਹੁੰਚਣ ਲਈ ਜ਼ਰੂਰੀ ਕੰਮ ਦੀ ਪੇਸ਼ਗੀ ਵਿਚ ਪਛਾਣ ਕਰ ਲਈ ਹੈ। ਐਸਪੀਐਸ ਦੇ ਚੀਫ਼ ਕੰਸਟੇਬਲ ਨੌਰਮ ਲਿਪਿੰਸਕੀ ਨੇ ਫਾਰਨਵਰਥ ਦੇ ਐਲਾਨ ਨੂੰ ਬਹੁਤ ਹੀ ਉਤਸ਼ਾਹ ਵਾਲਾ ਦੱਸਿਆ ਹੈ। ਲਿਪਿੰਸਕੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਰਸਤਾ ਲੰਬਾ ਹੈ ਅਤੇ ਇਹ ਸਾਡੇ ਕਿਸੇ ਲਈ ਵੀ ਸੌਖਾ ਨਹੀਂ ਪਰ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਇਸ ਗੱਲ ’ਤੇ ਸਹਿਮਤ ਹੋ ਸਕਦੇ ਹਾਂ ਕਿ ਇਸ ਟਰਾਂਜ਼ੀਸ਼ਨ ਦਾ ਮੁਕੰਮਲ ਹੋਣਾ ਦੋਵਾਂ ਸਾਰੀ ਵਾਸੀਆਂ ਅਤੇ ਸਾਰੇ ਪੁਲਿਸ ਸਟਾਫ ਲਈ ਚੰਗਾ ਹੈ ਜਿਹੜੇ ਸਰੀ ਦੀ ਸੇਵਾ ਕਰਦੇ ਹਨ। 22 ਅਪ੍ਰੈਲ ਨੂੰ ਸਰੀ ਕੌਂਸਲ ਨੇ 2024 ਬਜਟ ਦੀ ਤੀਸਰੀ ਪੜ੍ਹਤ ਨੂੰ ਪ੍ਰਵਾਨਗੀ ਦਿੱਤੀ ਜਿਸ ਵਿਚ ਪ੍ਰਾਪਰਟੀ ਟੈਕਸ ਵਿਚ 6 ਫ਼ੀਸਦੀ ਵਾਧਾ ਅਤੇ ਰੋਡ ਅਤੇ ਟੈਕਸ ਲੇਵੀ ਵਿਚ ਇਕ ਫ਼ੀਸਦੀ ਅਤੇ ਮਹਿੰੰਗੀਆਂ ਯੂਟਿਲਟੀ ਦਰ ਫੀਸਾਂ ਤੋਂ ਇਲਾਵਾ ਸੈਕੰਡਰੀ ਸੂਟ ਫੀਸ ਵਿਚ ਵਾਧਾ ਸ਼ਾਮਿਲ ਹੈ।