ਮਿਸ਼ਨ ਪੰਜਾਬ : ਭਾਜਪਾ ਦੀ ਸਿਆਸੀ ਤੋਪ ਦਾ ਪੰਜਾਬ ਵੱਲ ਰੁਖ਼

0
18

ਚੰਡੀਗੜ੍ਹ-ਭਾਜਪਾ ਦੇ ‘ਮਿਸ਼ਨ ਪੰਜਾਬ‘ ਨੇ ਸਿਆਸੀ ਧਿਰਾਂ ‘ਚ ਸਿਆਸੀ ਤੌਖਲੇ ਪੈਦਾ ਕਰ ਦਿੱਤੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਚੌਕੰਨੀ ਹੋ ਗਈ ਹੈ ਅਤੇ ਆਪਣੇ ਵਿਧਾਇਕਾਂ ਨੂੰ ਮੁਸਤੈਦ ਕਰ ਦਿੱਤਾ ਹੈ। ਦਿੱਲੀ ਵਿੱਚ ਅੱਜ ਜਲੰਧਰ ਤੋਂ ‘ਆਪ‘ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ‘ਆਪ‘ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਲੰਘੇ ਦਿਨ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭਾਜਪਾ ‘ਚ ਸ਼ਾਮਲ ਹੋਏ ਸਨ। ਪੰਜਾਬ ਵਿਚ ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਤੇ ਨਾਲ ਹੀ ਕਾਂਗਰਸ ਤੇ ‘ਆਪ‘ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰ ਦੱਸਦੇ ਹਨ ਕਿ ਭਾਜਪਾ ਨੇ ਦੂਸਰੇ ਸੂਬਿਆਂ ਵਾਂਗ ਹੁਣ ਪੰਜਾਬ ਵੱਲ ਆਪਣਾ ਰੁਖ਼ ਕਰ ਲਿਆ ਹੈ ਜਿਸ ਪਿੱਛੇ ਸਿਆਸੀ ਭੰਨਤੋੜ ਦੀ ਰਣਨੀਤੀ ਹੋ ਸਕਦੀ ਹੈ। ਲੰਘੇ ਦੋ ਦਿਨਾਂ ਦੌਰਾਨ ਕਾਂਗਰਸੀ ਤੇ ‘ਆਪ‘ ਆਗੂਆਂ ਦੀ ਸ਼ਮੂਲੀਅਤ ਤੋਂ ਭਾਜਪਾ ਦੇ ਮਨਸੂਬੇ ਸਾਫ਼ ਹੋਣ ਲੱਗੇ ਹਨ। ਆਉਂਦੇ ਦਿਨਾਂ ਵਿਚ ‘ਮਿਸ਼ਨ ਪੰਜਾਬ‘ ਤਹਿਤ ਭਾਜਪਾ ਆਪਣੇ ਵਿਰੋਧੀਆਂ ਨੂੰ ਹੋਰ ਹਲੂਣਾ ਦੇ ਸਕਦੀ ਹੈ। ਇਸੇ ਦੌਰਾਨ ਅੱਜ ਈਡੀ ਵੱਲੋਂ ਪੰਜਾਬ ‘ਚ ਮਾਰਿਆਂ ਛਾਪਿਆਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਭਾਜਪਾ ਦੇ ਇਰਾਦੇ ਠੀਕ ਨਹੀਂ। ਭਾਜਪਾ ਦੀ ਜਲੰਧਰ ਇਕਾਈ ਨੇ ਤਾਂ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਕਿਹਾ ਹੈ ਕਿ ‘ਆਪ‘ ਵਰਕਰ ਭਾਜਪਾ ‘ਚ ਸ਼ਾਮਲ ਹੋਏ ਆਗੂਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ। ਚਰਚੇ ਹਨ ਕਿ ਕਾਂਗਰਸ ‘ਚੋਂ ਕੁੱਝ ਅਹਿਮ ਆਗੂ ਵੀ ਭਾਜਪਾ ‘ਚ ਜਾ ਸਕਦੇ ਹਨ ਤੇ ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਸਪੱਸ਼ਟ ਕਰਨਾ ਪਿਆ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਾ ਵੀ ਬਣਾਇਆ ਤਾਂ ਵੀ ਉਹ ਕਾਂਗਰਸ ‘ਚ ਹੀ ਰਹਿਣਗੇ। ਰਵਨੀਤ ਬਿੱਟੂ ਦੀ ਭਾਜਪਾ ‘ਚ ਸ਼ਮੂਲੀਅਤ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਜਦਕਿ ਪਹਿਲਾਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਡਾ. ਰਾਜ ਕੁਮਾਰ ਚੱਬੇਵਾਲ ‘ਆਪ‘ ਦਾ ਪੱਲਾ ਫੜ੍ਹ ਚੁੱਕੇ ਹਨ। ਕਾਂਗਰਸ ਤੇ ‘ਆਪ‘ ਨੇ ਭਾਜਪਾ ਦੀ ਟੇਢੀ ਨਜ਼ਰ ਨੂੰ ਤੱਕਦਿਆਂ ਆਪਣੇ ਆਗੂਆਂ ਨਾਲ ਤਾਲਮੇਲ ਵਧਾ ਦਿੱਤਾ ਹੈ।
ਦੂਸਰੀ ਤਰਫ਼ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਅੰਦਰੋ-ਅੰਦਰੀ ਇਨ੍ਹਾਂ ਦਲ ਬਦਲੂਆਂ ਤੋਂ ਔਖ ਵਿੱਚ ਤਾਂ ਹੈ ਪਰ ਕੋਈ ਬੋਲਣ ਦੀ ਜੁਰੱਅਤ ਨਹੀਂ ਦਿਖਾ ਰਿਹਾ ਹੈ। ਕਈ ਟਕਸਾਲੀ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਪਹਿਲੀ ਕਤਾਰ ‘ਚ ਹੁਣ ਪੁਰਾਣੇ ਕਾਂਗਰਸੀ ਬੈਠੇ ਹਨ ਜਦੋਂ ਕਿ ਪਾਰਟੀ ਦੇ ਟਕਸਾਲੀ ਲੀਡਰ ਹੁਣ ਦੂਜੀ ਸਫ਼ ‘ਚ ਬੈਠੇ ਹਨ। ਸੂਤਰ ਆਖਦੇ ਹਨ ਕਿ ਭਾਜਪਾ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਜਦਕਿ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਬਣਾ ਸਕਦੀ ਹੈ। ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾ ਸਕਦੀ ਹੈ।
ਬਿੱਟੂ ਦਾ ਅਧਾਰ ਖਤਮ ਹੋ ਚੁੱਕੈ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਕਦੇ ਕੋਈ ਸੋਚ ਨਹੀਂ ਸਕਦਾ ਸੀ ਕਿ ਕਾਂਗਰਸੀ ਟਿਕਟ ‘ਤੇ ਤਿੰਨ ਵਾਰ ਐੱਮਪੀ ਬਣੇ ਰਵਨੀਤ ਬਿੱਟੂ ਇਸ ਤਰ੍ਹਾਂ ਪਾਰਟੀ ਨਾਲ ਗੱਦਾਰੀ ਕਰਨਗੇ। ਉਨ੍ਹਾਂ ਕਿਹਾ, ‘‘ਹਲਕੇ ਦੇ ਲੋਕਾਂ ਦਾ ਫੋਨ ਨਾ ਚੁੱਕਣਾ ਬਿੱਟੂ ਦੀ ਆਦਤ ਸੀ ਜਿਸ ਕਰ ਕੇ ਲੋਕਾਂ ਵਿੱਚ ਉਸ ਦਾ ਆਧਾਰ ਖੁਰ ਚੁੱਕਾ ਸੀ। ਪੰਜਾਬ ਦੇ ਲੋਕ ਗੱਦਾਰੀ ਕਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਦੇ।‘‘
ਬਿੱਟੂ ਨੇ ਨਾ ਭੁੱਲਣ ਵਾਲੀ ਗੱਦਾਰੀ ਕੀਤੀ: ਰੰਧਾਵਾ
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਨਾ ਭੁੱਲਣ ਵਾਲੀ ਗੱਦਾਰੀ ਕੀਤੀ ਹੈ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਅੱਜ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਰਵਨੀਤ ਬਿੱਟੂ ਨੂੰ ਭੁਗਤਣਾ ਪਵੇਗਾ।
ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਮਾਨਸਾ ਦੀ ਸਿਆਸਤ ’ਤੇ ਨਹੀਂ ਪਵੇਗਾ ਅਸਰ
ਮਾਨਸਾ: ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਅੱਜ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਮਾਨਸਾ ਜ਼ਿਲ੍ਹੇ ਦੀ ਸਿਆਸਤ ਉਪਰ ਕੋਈ ਅਸਰ ਨਹੀਂ ਪਵੇਗਾ। ਬਿੱਟੂ ਦੀ ਮਾਨਸਾ ਜ਼ਿਲ੍ਹੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫ਼ਰ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ ਜਿਸ ਕਰਕੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਦਿਲਚਸਪ ਗੱਲ ਹੈ ਕਿ ਬਿੱਟੂ ਦੀ ਸਕੀ ਭੈਣ ਜ਼ਿਲ੍ਹੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ ਨਾਲ ਵਿਆਹੀ ਹੋਈ ਹੈ। ਬਿਕਰਮ ਮੋਫ਼ਰ ਇਸ ਵੇਲੇ ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸ ਪਾਰਟੀ ਵੱਲੋਂ ਚੇਅਰਮੈਨ ਹਨ ਅਤੇ ਉਨ੍ਹਾਂ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਹਾਲ ਹੀ ਵਿੱਚ ਚੋਣ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਤੋਂ ਹਾਰ ਗਏ ਸਨ। ਬਿਕਰਮ ਮੋਫ਼ਰ ਦੇ ਪਿਤਾ ਅਜੀਤ ਇੰਦਰ ਸਿੰਘ ਮੋਫ਼ਰ ਕਾਂਗਰਸ ਦੇ ਪਹਿਲੀ ਕਤਾਰ ਦੇ ਆਗੂ ਹਨ ਅਤੇ ਉਹ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਵੱਲੋਂ ਸੰਭਾਵੀ ਉਮੀਦਵਾਰ ਵਜੋਂ ਵੱਡੀ ਚਰਚਾ ‘ਚ ਹਨ। ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਕਿਸੇ ਵੀ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦੇ।