ਬੱਚਿਆਂ ਨੂੰ ਅਰੋਗ ਕਿਵੇਂ ਰੱਖਿਆ ਜਾਏ?

0
11

ਅਰਦਾਸਾਂ ਕਰਕੇ ਲਏ ਬੱਚਿਆਂ ਨੂੰ ਅਸੀਂ ਕਿਵੇਂ ਰੋਗੀ ਬਣਾਉਂਦੇ ਹਾਂ? ਉਹਨਾਂ ਨੂੰ ਰੋਗੀ ਬਣਾਉਣ ਤੋਂ ਸਾਨੂੰ ਕਿਵੇਂ ਬਚਣਾ ਚਾਹੀਦਾ ਹੈ? ਅਸੀਂ ਬੜੇ ਚਾਅ ਨਾਲ ਬੱਚਿਆਂ ਨੂੰ ਜਨਮ ਦਿੰਦੇ ਹਾਂ। ਕਈ ਵਾਰ ਤਾਂ ਅਰਦਾਸਾਂ ਕਰਕੇ, ਮੰਗ ਕੇ ਬੱਚੇ ਲੈਂਦੇ ਹਾਂ ਅਤੇ ਬੜੇ ਚਾਅ ਨਾਲ ਪਾਲਦੇ ਹਾਂ। ਪਰੰਤੂ, ਚਾਅ ਅਤੇ ਲਾਡ ਕਾਰਣ ਅਸੀਂ ਭਾਵੁਕ ਹੋ ਕੇ, ਭੋਲੇਪਣ ਵਿੱਚ ਹੀ; ਬੱਚੇ ਦੇ ਮਨ ਅਤੇ ਤਨ ਦੋਵਾਂ ਨੂੰ ਰੋਗੀ ਕਰ ਦਿੰਦੇ ਹਾਂ। ਸਫਲਤਾ ਪੂਰਵਕ ਬੱਚੇ ਦਾ ਪਾਲਣ-ਪੋਸ਼ਣ ਕਰਨਾ ਇੱਕ ਕਲਾ ਹੈ। ਬੱਚੇ ਪੈਦਾ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬੱਚੇ ਦੇ ਮਨ ਅਤੇ ਤਨ ਨੂੰ ਅਰੋਗ ਕਿਵੇਂ ਰੱਖ ਸਕਦੇ ਹਾਂ ਅਤੇ ਬੱਚੇ ਨੂੰ ਚੰਗੇ ਗੁਣਾਂ ਵਾਲਾ ਮਨੁੱਖ ਕਿਵੇਂ ਬਣਾ ਸਕਦੇ ਹਾਂ? ਪਰੰਤੂ ਸਮੱਸਿਆ ਇਹ ਹੈ ਕਿ ਇਹ ਗੱਲਾਂ ਸਾਨੂੰ ਕੋਈ ਦੱਸਦਾ ਹੀ ਨਹੀਂ ਕਿ ਬੱਚੇ ਦਾ ਸਫਲਤਾ ਪੂਰਵਕ ਵਧੀਆ ਢੰਗ ਨਾਲ ਪਾਲਣ-ਪੋਸ਼ਣ ਕਿਵੇਂ ਕਰਨਾ ਹੈ? ਜੇ ਬੱਚੇ ਪਾਲਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਸਫਲਤਾ ਪੂਰਵਕ ਬੱਚੇ ਨੂੰ ਪਾਲਣ ਦੀ ਕਲਾ ਸਿੱਖਣੀ ਅਸੰਭਵ ਨਹੀਂ; ਸੰਭਵ ਹੈ। ਸਾਰੇ ਮਾਤਾ-ਪਿਤਾ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਤੋਂ ਬੱਚਾ ਮਾਂ ਦਾ ਦੁੱਧ ਛੱਡੇ; ਉਦੋਂ ਤੋਂ ਹੀ ਬੱਚੇ ਨੂੰ ਸਿਹਤ ਲਈ ਲਾਭਦਾਇਕ ਭੋਜਨ ਦੀ ਆਦਤ ਪਾਓ ਅਤੇ ਹਾਨੀਕਾਰਕ ਭੋਜਨ (ਟਾਫ਼ੀਆਂ, ਚਾਕਲੇਟ, ਚਿਪਸ ਆਦਿ) ਦਾ ਸੁਆਦ ਪੈਣ ਤੋਂ ਬਚਾਓ। ਤਲੀਆਂ ਵਸਤੂਆਂ, ਪਰੌਂਠੇ, ਮੈਦੇ ਤੋਂ ਬਣੇ ਪਦਾਰਥ ਜਿਵੇਂ: ਨੂਡਲਜ਼, ਬਿਸਕੁਟ, ਪੀਜ਼ਾ ਆਦਿ ਸਿਹਤ ਲਈ ਅਤਿਅੰਤ ਹਾਨੀਕਾਰਕ ਭੋਜਨ ਹਨ। ਦੁੱਧ, ਦਹੀਂ, ਚੋਪੜੇ ਹੋਏ ਪ੍ਰਸ਼ਾਦੇ ਵਿੱਚ ਬੱਚੇ ਲਈ ਲੋੜੀਂਦੀ ਮਾਤਰਾ ਵਿੱਚ ਥੰਧਿਆਈ ਕਾਫੀ ਹੁੰਦੀ ਹੈ। ਮੱਖਣ, ਮਲਾਈ, ਖੋਆ, ਬਰਫੀ ਆਦਿ ਭੋਜਨ ਭਾਰੇ ਹੋਣ ਕਰਕੇ ਬੱਚੇ ਨੂੰ ਪਚਣੇ ਔਖੇ ਹੁੰਦੇ ਹਨ। ਇਹ ਅਣਪਚਿਆ ਭਾਰਾ ਭੋਜਨ ਬੱਚੇ ਨੂੰ ਲਾਭ ਦੀ ਬਜਾਇ ਹਾਨੀ ਪਹੁੰਚਾਉਂਦਾ ਹੈ। ਕੋਕਾ ਕੋਲਾ, ਹਰ ਤਰ੍ਹਾਂ ਦੀ ਸੋਫਟ ਡ੍ਰਿੰਕ ਅਤੇ ਬਜ਼ਾਰੀ ਜੂਸ ਆਦਿ ਤੋਂ ਵੀ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ।
ਮਾਪਿਆਂ ਵੱਲੋਂ ਬਹੁਤ ਵਾਰੀ ਹਾਨੀਕਾਰਕ ਭੋਜਨ ਅਗਿਆਨਤਾ ਵੱਸ, ਆਪ ਹੀ ਬੱਚੇ ਨੂੰ ਦਿੱਤਾ ਜਾਂਦਾ ਹੈ। ਕਈ ਵਾਰ ਬੱਚੇ ਤੋਂ ਕੋਈ ਕੰਮ ਕਰਵਾਉਣ ਲਈ ਟੋਫ਼ੀ ਆਦਿ ਦਾ ਲਾਲਚ, ਮਾਪੇ ਜਾਣਬੁੱਝ ਕੇ ਵੀ ਦੇ ਦਿੰਦੇ ਹਨ, ਜਿਸ ਨੂੰ ਖਾਣ ਦੀ ਬੱਚੇ ਨੂੰ ਆਦਤ ਪੈ ਜਾਂਦੀ ਹੈ। ਬੱਚਿਆਂ ਨੂੰ ਰੋਗੀ ਬਣਾਉਣ ਵਾਸਤੇ ਘਰ ਦੇ ਬਜ਼ੁਰਗ ਵੀ ਅਗਿਆਨਤਾ ਵੱਸ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਹਨ। ਬੱਚਿਆਂ ਨੂੰ ਆਪਣੇ ਕੋਲ ਸੱਦਣ ਲਈ ਅਤੇ ਆਪਣੇ ਕੋਲ ਵੱਧ ਸਮਾਂ ਰੱਖਣ ਲਈ; ਉਹਨਾਂ ਨੂੰ ਐਸੇ ਭੋਜਨ ਅਤੇ ਚੀਜ਼ਾਂ ਦੇ ਦਿੰਦੇ ਹਨ; ਜਿਨ੍ਹਾਂ ਨਾਲ ਬੱਚਿਆਂ ਦੀਆਂ ਆਦਤਾਂ ਵਿਗੜ ਜਾਂਦੀਆਂ ਹਨ ਅਤੇ ਸਿਹਤ ਖਰਾਬ ਹੋ ਜਾਂਦੀ ਹੈ।
ਹਾਨੀਕਾਰਕ ਭੋਜਨਾਂ ਤੋਂ ਬੱਚੇ ਨੂੰ ਬਚਾਉਣ ਵਾਸਤੇ ਮਾਤਾ-ਪਿਤਾ ਨੂੰ ਆਪ ਵੀ ਇਹਨਾਂ ਭੋਜਨਾਂ ਨੂੰ ਤਿਆਗਣਾ ਪਵੇਗਾ। ਕਿਉਂਕਿ ਬੱਚੇ ਕਹਿਣ ਨਾਲ ਓਨੀ ਗੱਲ ਨਹੀਂ ਅਪਣਾਉਂਦੇ; ਜਿੰਨਾਂ ਦੇਖ ਕੇ ਅਤੇ ਮਾਤਾ-ਪਿਤਾ ਦੀ ਨਕਲ ਕਰਕੇ, ਸੰਸਕਾਰ ਧਾਰਨ ਕਰਦੇ ਹਨ। ਟੌਫ਼ੀਆਂ, ਚਾਕਲੇਟ, ਚਿਪਸ, ਫਾਸਟ ਫੂਡ ਆਦਿ ਘਰ ਵਿੱਚ ਲਿਆਉਣਾ ਅਤੇ ਖਾਣਾ ਆਪ ਵੀ ਬੰਦ ਕਰੋ। ਬੱਚੇ ਭਾਵੇਂ ਰੋਣ ਅਤੇ ਖਾਣ ਦੀ ਜਿੱਦ ਕਰਨ ਤਾਂ ਵੀ ਉਹਨਾਂ ਨੂੰ ਸਿਹਤ ਲਈ ਹਾਨੀਕਾਰਕ ਭੋਜਨ ਨਾ ਦਿਓ। ਜੇ ਨਾ ਦਿਓਗੇ ਤਾਂ ਬੱਚੇ ਅੱਕ ਕੇ ਫਲ, ਸਬਜ਼ੀਆਂ ਆਦਿ ਖਾਣੇ ਸ਼ੁਰੂ ਕਰ ਦੇਣਗੇ; ਜੋ ਹੌਲੀ-ਹੌਲੀ ਉਹਨਾਂ ਦੀ ਜੀਭ ਦਾ ਸੁਆਦ ਬਣ ਜਾਵੇਗਾ। ਇਸ ਤਰ੍ਹਾਂ ਬੱਚੇ ਨੂੰ ਲੋੜ ਪੈਣ ਉੱਤੇ ਥੋੜ੍ਹਾ ਭੁੱਖੇ ਰੱਖ ਕੇ ਜਾਂ ਥੋੜ੍ਹਾ ਰੁਆ ਕੇ ਵੀ ਸਿਹਤ ਲਈ ਚੰਗਾ ਭੋਜਨ ਖਾਣ ਦੀ ਆਦਤ ਹੀ ਪਾਈ ਜਾਵੇ।
ਟਾਫ਼ੀਆਂ, ਚਾਕਲੇਟ ਦੀ ਥਾਂ ਉੱਤੇ ਬੱਚੇ ਨੂੰ ਖਜੂਰ, ਅੰਜੀਰ, ਸੌਗੀ ਆਦਿ ਸੁੱਕੇ ਮੇਵੇ ਖਾਣ ਲਈ ਦਿੱਤੇ ਜਾ ਸਕਦੇ ਹਨ। ਜੋ ਪਰਿਵਾਰ ਮਹਿੰਗੇ ਸੁੱਕੇ ਮੇਵੇ ਨਾ ਖਰੀਦ ਸਕਣ; ਉਹ ਗੁੜ ਦੇ ਛੋਟੇ ਟੁਕੜੇ ਕਰਕੇ ਅਤੇ ਲੂਣ ਵਾਲੇ ਭੁੱਜੇ ਛੋਲੇ ਬੱਚੇ ਨੂੰ ਦੇ ਸਕਦੇ ਹਨ। ਚਿਪਸ ਦੀ ਥਾਂ ਉੱਤੇ ਬੱਚਿਆਂ ਨੂੰ ਪ੍ਰਸ਼ਾਦਾ ਰਾੜ ਕੇ, ਲੂਣ, ਮਿਰਚ, ਨਿੰਬੂ ਜਾਂ ਚਾਟ ਮਸਾਲਾ ਆਦਿ ਪਾ ਕੇ ਅਤੇ ਉਸਦੇ ਛੋਟੇ-ਛੋਟੇ ਟੁਕੜੇ ਕਰਕੇ ਦਿੱਤੇ ਜਾ ਸਕਦੇ ਹਨ। ਉਹ ਚਿਪਸ ਤੋਂ ਵੀ ਵੱਧ ਸਵਾਦਿਸ਼ਟ ਬਣਦੇ ਹਨ। ਬੱਚਿਆਂ ਨੂੰ ਟੌਫ਼ੀਆਂ, ਚਾਕਲੇਟ ਆਦਿ ਖਾਣ ਦੀ ਆਦਤ ਵੀ ਮਾਪੇ ਹੀ ਪਾਉਂਦੇ ਹਨ। ਬੱਚੇ ਦੇ ਭਲੇ ਵਾਸਤੇ, ਇਹਨਾਂ ਚੀਜਾਂ ਨੂੰ ਖਾਣ ਦੀ ਆਦਤ ਬਦਲਣਾ ਅਤਿਅੰਤ ਜ਼ਰੂਰੀ ਹੈ।
ਤਾਜ਼ੇ ਫਲ-ਸਬਜ਼ੀਆਂ ਆਪ ਵੀ ਖਾਣੇ ਆਰੰਭ ਕਰੋ ਅਤੇ ਬੱਚੇ ਨੂੰ ਵੀ ਦੱਸੋ ਕਿ ਤਾਜ਼ੇ ਫਲ-ਸਬਜ਼ੀਆਂ ਆਦਿ ਖਾਣ ਨਾਲ ਅਤੇ ਇਹਨਾਂ ਦਾ ਰਸ ਆਪ ਕੱਢ ਕੇ ਲੈਣ ਨਾਲ, ਸਾਡਾ ਸਰੀਰ ਅਰੋਗ ਰਹਿੰਦਾ ਹੈ। ਪਰੰਤੂ ਪੈਸੇ ਦੀ ਕਮੀ ਕਾਰਨ ਹਰ ਪਰਿਵਾਰ ਬੱਚਿਆਂ ਨੂੰ ਫਲ ਨਹੀਂ ਖੁਆ ਸਕਦਾ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਫਲਾਂ ਦਾ ਰਸ ਨਹੀਂ ਦੇ ਸਕਦੇ; ਉਹ ਸਬਜ਼ੀਆਂ, ਛੋਲੇ ਜਾਂ ਦਾਲਾਂ ਆਦਿ ਰਿੰਨ੍ਹ ਕੇ, ਉਹਨਾਂ ਦੇ ਰਸੇ (ਅੰਮ੍ਰਿਤੀ) ਵਿੱਚ ਥੋੜ੍ਹਾ ਜਿਹਾ ਲੂਣ, ਮਿਰਚ, ਖਟਿਆਈ ਪਾ ਕੇ, ਸਵਾਦੀ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹਨ। ਪਾਪੜੀ ਚਾਟ ਆਦਿ ਦੀ ਥਾਂ ਉੱਤੇ ਅੰਕੁਰਿਤ (ਉੱਗਿਆ ਹੋਇਆ) ਅਨਾਜ ਜਾਂ ਉਬਲੀ ਦਾਲ ਵਿੱਚ ਕੱਚੀਆਂ ਸਬਜ਼ੀਆਂ, ਖੀਰਾ, ਸ਼ਿਮਲਾ ਮਿਰਚ, ਟਮਾਟਰ, ਲੂਣ, ਮਿਰਚ, ਨਿੰਬੂ ਪਾ ਕੇ ਬੜਾ ਸੁਆਦੀ ਬਣਦਾ ਹੈ ਅਤੇ ਬੱਚੇ ਖੁਸ਼ ਹੋ ਕੇ ਖਾਂਦੇ ਹਨ। ਕੋਕਾ ਕੋਲਾ, ਹਰ ਤਰ੍ਹਾਂ ਦੀ ਸੋਫਟ ਡ੍ਰਿੰਕ ਅਤੇ ਬਜ਼ਾਰੀ ਜੂਸ ਆਦਿ ਦੀ ਥਾਂ ਉੱਤੇ ਨਿੰਬੂ-ਪਾਣੀ (ਸ਼ਕੰਜਵੀ) ਵਰਤਣਾ ਆਰੰਭ ਕਰੋ।
ਆਪਣੇ ਬੱਚੇ ਨੂੰ ਮੋਬਾਈਲ, ਟੀ.ਵੀ. ਆਦਿ ਘੱਟ ਤੋਂ ਘੱਟ ਦੇਖਣ ਦਿਓ, ਇਸ ਨਾਲ ਉਹ ਬਾਜ਼ਾਰੀ ਹਾਨੀਕਾਰਕ ਭੋਜਨਾਂ ਦੇ ਇਸ਼ਤਿਹਾਰਾਂ ਤੋਂ ਬਚਣਗੇ। ਬੱਚਿਆਂ ਦਾ ਇਹੀ ਸਮਾਂ ਰਸੋਈ, ਸਫਾਈ ਆਦਿ ਘਰੋਗੀ ਕੰਮਾਂ ਵਿੱਚ ਲਵਾਓ । ਬੱਚਿਆਂ ਨੂੰ ਖੇਡਣ ਵਾਸਤੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਵੋ, ਜਿਨ੍ਹਾਂ ਨਾਲ ਉਹਨਾਂ ਦਾ ਦਿਮਾਗ ਤੇਜ਼ ਹੋਵੇ।
ਬੱਚੇ ਨੂੰ ਕਸ਼ਟ ਆਉਣ ਉੱਤੇ ਉਸ ਰੋਗ ਦੀ ਨਵਿਰਤੀ: ਭੋਜਨ ਵਿੱਚ ਪਰਿਵਰਤਨ ਕਰਕੇ, ਕੁਦਰਤੀ ਚਿਕਿਤਸਾ ਜਾਂ ਜੜੀਆਂ ਬੂਟੀਆਂ ਰਾਹੀਂ ਕਰੋ। ਤੁਰੰਤ ਡਾਕਟਰ ਕੋਲ ਨਾ ਜਾਓ ਅਤੇ ਨਾ ਹੀ ਦਵਾਈਆਂ ਦੇਣ ਦੇ ਚੱਕਰ ਵਿੱਚ ਪਓ। ਵਿਕਸਿਤ ਦੇਸ਼ਾਂ ਅਮਰੀਕਾ, ਕਨੇਡਾ ਆਦਿ ਵਿੱਚ ਛੇਤੀ ਕਿਤੇ ਡਾਕਟਰ ਦਵਾਈ ਹੀ ਨਹੀਂ ਦਿੰਦੇ। ਜਿਵੇਂ ਆਪਾਂ ਭੋਜਨ, ਪਹਿਰਾਵਾ, ਬੋਲਚਾਲ ਆਦਿ ਬਹੁਤ ਸਾਰੇ ਕੰਮਾਂ ਵਿੱਚ ਵਿਕਸਿਤ ਦੇਸ਼ਾਂ ਦੀ ਨਕਲ ਕਰਦੇ ਹਾਂ, ਇਸੇ ਤਰ੍ਹਾਂ ਸਾਨੂੰ ਬੱਚੇ ਨੂੰ ਦਵਾਈ ਨਾ ਦੇਣ ਵਾਲੀ ਪ੍ਰਥਾ ਦੀ ਵੀ ਨਕਲ ਕਰਨੀ ਚਾਹੀਦੀ ਹੈ। ਬੱਚੇ ਦੀ ਉਮਰ ਅਨੁਸਾਰ ਥੋੜ੍ਹਾ-ਥੋੜ੍ਹਾ ਯੋਗ-ਆਸਣ ਅਤੇ ਪ੍ਰਾਣਾਯਾਮ ਸ਼ੁਰੂ ਕਰਾਓ। ਤੁਸੀਂ ਯੋਗਾਸਣ, ਪ੍ਰਾਣਾਯਾਮ ਆਦਿ ਯੂ-ਟਿਊਬ ਉੱਤੇ ਦੇਖ ਕੇ ਸਿੱਖ ਸਕਦੇ ਹੋ। ਬਹੁਤ ਸਾਰੇ ਮੰਦਰਾਂ ਵਿੱਚ ਵੀ ਯੋਗ ਕੇਂਦਰ ਬਣੇ ਹੋਏ ਹਨ; ਉੱਥੇ ਜਾ ਕੇ ਵੀ ਸਿੱਖ ਸਕਦੇ ਹੋ।
ਆਪਣੇ ਬੱਚਿਆਂ ਨੂੰ ਆਯੁਰਵੇਦ ਅਤੇ ਕੁਦਰਤੀ ਇਲਾਜ ਦੇ ਗੁਣ: ਮਿੱਟੀ ਦਾ ਲੇਪ, ਸਾਦੀਆਂ ਜੜੀਆਂ-ਬੂਟੀਆਂ ਜਿਵੇਂ: ਕਾਲੀ ਮਿਰਚ, ਅਜਵਾਇਣ, ਹਰੜ, ਹਲਦੀ ਆਦਿ ਦੇ ਲਾਭ ਦੱਸੋ। ਬੱਚਿਆਂ ਦੇ ਸਾਹਮਣੇ ਇਹਨਾਂ ਵਸਤੂਆਂ ਨੂੰ ਆਪ ਵੀ ਵਰਤੋ ਤਾਂ ਕਿ ਬੱਚੇ ਦੇ ਮਨ ਵਿੱਚ ਇਹ ਬਚਪਨ ਤੋਂ ਹੀ ਬੈਠ ਜਾਏ ਕਿ “ਪ੍ਰਾਕ੍ਰਿਤਕ ਚਿਕਿਤਸਾ, ਜੜੀਆਂ-ਬੂਟੀਆਂ, ਸਾਦਾ ਜੀਵਨ, ਯੋਗ-ਆਸਣ, ਪ੍ਰਾਣਾਯਾਮ ਅਤੇ ਆਯੁਰਵੇਦ; ਸਰਵੋਤਮ ਹਨ। ਇਹਨਾਂ ਦਾ ਉਪਯੋਗ ਕਰਨ ਨਾਲ ਮੇਰਾ ਜੀਵਨ ਸੁਖੀ ਚੱਲੇਗਾ ਅਤੇ ਮੈਂ ਅਰੋਗ ਰਹਿ ਸਕਾਂਗਾ।” ਉਹਨਾਂ ਚੀਜ਼ਾਂ ਅਤੇ ਆਦਤਾਂ ਦੇ ਆਪ ਵੀ ਧਾਰਨੀ ਬਣੋ ਤਾਂ ਕਿ ਤੁਹਾਨੂੰ ਦੇਖ ਕੇ ਬੱਚਾ ਉਹਨਾਂ ਚੀਜ਼ਾਂ ਨੂੰ ਅਪਣਾਏ। ਅਜਿਹਾ ਕਰਕੇ ਤੁਸੀਂ ਬੱਚੇ ਨੂੰ ਚੰਗੇ ਸੰਸਕਾਰ ਦਿਓਗੇ, ਚੰਗੀਆਂ ਆਦਤਾਂ ਪਾ ਦਿਓਗੇ; ਜਿਹੜੀਆਂ ਪੂਰੀ ਉਮਰ ਉਸ ਦੇ ਲਈ ਲਾਭਦਾਇਕ ਰਹਿਣਗੀਆਂ ਅਤੇ ਜਿਸ ਨਾਲ ਬੱਚਾ ਵੀ ਅਰੋਗ ਰਹੇਗਾ।