ਹੁਨਰਮੰਦ ਹੋਣਾ ਹੀ ਜ਼ਿੰਦਗੀ ਦੀ ਹੈ ਖ਼ੂਬਸੂਰਤੀ

0
9

ਜੇਕਰ ਕਿਸੇ ਕੰਮ ਨੂੰ ਕਰਨ ਦੀ ਦਿਲ ਵਿਚ ਰੀਝ ਹੋਵੇ ਤਾਂ ਜ਼ਿੰਮੇਵਾਰੀਆਂ ਕਦੇ ਵੀ ਥੱਕਣ ਨਹੀਂ ਦਿੰਦੀਆਂ। ਲਗਨ ਹੋਵੇ ਤਾਂ ਥਕਾਵਟ ਕਦੇ ਹਾਵੀ ਨਹੀਂ ਹੁੰਦੀ। ਸ਼ੌਕ ਹੋਵੇ ਤਾਂ ਨਿਰਾਸ਼ਾ ਨੇੜੇ ਨਹੀਂ ਆਉਂਦੀ। ਮਿਹਨਤਾਂ ਵਿਚ ਉਦਾਸੀਆਂ ਨੂੰ ਹਰਾ ਦੇਣ ਦੀ ਅਥਾਹ ਸ਼ਕਤੀ ਹੁੰਦੀ ਹੈ। ਇਕ ਇਰਾਦਾ, ਚਾਅ, ਸ਼ੌਕ, ਲਗਨ ਅਤੇ ਦਿਲਚਸਪੀ ਹੋਣੀ ਚਾਹੀਦੀ ਹੈ, ਵਰਨਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਤੁਹਾਡੇ ਹੱਥਾਂ ਵਿਚ ਹੁਨਰ ਹੈ ਤਾਂ ਤੁਸੀਂ ਦੁਨੀਆ ਦੇ ਕਿਸੇ ਹਿੱਸੇ ‘ਚ ਮਰਜ਼ੀ ਚਲੇ ਜਾਓ, ਤੁਸੀਂ ਬੇਰੁਜ਼ਗਾਰ ਨਹੀਂ ਹੋਵੋਗੇ। ਵੱਡੀਆਂ-ਵੱਡੀਆਂ ਗੱਲਾਂ ਨਾਲ ਤੁਸੀਂ ਸਿਆਣੇ ਨਹੀਂ ਹੋ ਸਕਦੇ, ਬਲਕਿ ਛੋਟੀਆਂ ਛੋਟੀਆਂ ਗੱਲਾਂ ਦੇ ਅਮਲ ਤੁਹਾਨੂੰ ਸਮਝਦਾਰ ਬਣਾਉਂਦੇ ਹਨ। ਅੱਜਕਲ੍ਹ ਮਾਪੇ ਅਕਸਰ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ-ਬੱਚੀਆਂ ਨਾ ਸਿਰਫ਼ ਪੜ੍ਹਾਈ ਵੱਲ ਘੱਟ ਧਿਆਨ ਦਿੰਦੇ ਹਨ, ਸਗੋਂ ਉਹ ਘਰੇਲੂ ਕੰਮਾਂ ਵਿਚ ਵੀ ਮਾਪਿਆਂ ਨਾਲ ਹੱਥ ਨਹੀਂ ਵਟਾਉਂਦੇ। ਮਾਵਾਂ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਦੀਆਂ ਧੀਆਂ ਪੜ੍ਹਾਈ ਵਿਚ ਤਾਂ ਠੀਕ ਹਨ ਪਰ ਉਹ ਘਰ ਦੇ ਕਿਸੇ ਕੰਮ ਵਿਚ ਕੋਈ ਦਿਲਚਸਪੀ ਨਹੀਂ ਲੈਂਦੀਆਂ। ਉਹ ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ ਤੋਂ ਇਲਾਵਾ ਮੋਬਾਈਲ ਵਿਚ ਖਰਚ ਕਰ ਦਿੰਦੀਆਂ ਹਨ। ਦਿਲਚਸਪੀ ਤੋਂ ਬਗ਼ੈਰ ਕੁਝ ਵੀ ਸਿੱਖਿਆ ਨਹੀਂ ਜਾ ਸਕਦਾ। ਸ਼ੌਕ ਵਿਚੋਂ ਹੀ ਇਰਾਦੇ ਦਾ ਜਨਮ ਹੁੰਦਾ ਹੈ। ਨਿੱਕੇ-ਨਿੱਕੇ ਆਪਣੇ ਕੰਮ ਆਪ ਕਰਨ ਅਤੇ ਸਿੱਖਣ ਵਿਚ ਕੋਈ ਸ਼ਰਮ ਨਹੀਂ, ਸਗੋਂ ਸ਼ਰਮ ਤਾਂ ਇਸ ਗੱਲ ਵਿਚ ਹੁੰਦੀ ਹੈ ਜਦੋਂ ਸਾਨੂੰ ਕੋਈ ਕੰਮ ਕਰਨ ਲਈ ਕਹੇ ਜਾਂ ਕਰਨਾ ਪਵੇ ਪਰ ਸਾਨੂੰ ਉਸ ਨੂੰ ਕਰਨ ਦੀ ਜਾਂਚ ਨਾ ਹੋਵੇ। ਜੋ ਵਿਅਕਤੀ ਆਪਣੇ-ਆਪ ਬਾਰੇ ਵੀ ਕੋਈ ਸੋਚ ਨਹੀਂ ਰੱਖਦਾ, ਉਹ ਦੂਜਿਆਂ ਬਾਰੇ ਵੀ ਕੀ ਸੋਚ ਸਕਦਾ ਹੈ? ਨਿਮਰਤਾ ਤੋਂ ਵੱਡੀ ਕੋਈ ਤਾਕਤ ਨਹੀਂ, ਜੇਕਰ ਸਾਡੇ ਦੇਸ਼ ਦੀ ਲੜਕੀ ਚੰਨ ’ਤੇ ਜਾ ਸਕਦੀ ਹੈ, ਪਾਇਲਟ ਬਣ ਕੇ ਜੰਗੀ ਜਹਾਜ਼ ਚਲਾ ਸਕਦੀ ਹੈ, ਮਾਊਂਟ ਐਵਰੈਸਟ ਦੀਆਂ ਚੋਟੀਆਂ ਨੂੰ ਸਰ ਕਰ ਸਕਦੀ ਹੈ, ਦੇਸ਼ ਦੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਚਲਾ ਸਕਦੀ ਹੈ ਤਾਂ ਫਿਰ ਸਾਡੀਆਂ ਲੜਕੀਆਂ ਆਪਣੇ ਨਿੱਕੇ-ਨਿੱਕੇ ਕੰਮਾਂ ਵਿਚ ਮੁਹਾਰਤ ਹਾਸਲ ਕਿਉਂ ਨਹੀਂ ਕਰ ਸਕਦੀਆਂ? ਤੁਸੀਂ ਹੁਨਰਮੰਦ ਬਣੋ ਤਾਂ ਕਿ ਤੁਸੀਂ ਹੀਣ ਭਾਵਨਾ ਤੋਂ ਬਚ ਸਕੋ। ਮਦਦ ਕਰਨ ਵਾਲੇ ਉਨ੍ਹਾਂ ਦੀ ਮਦਦ ਜ਼ਰੂਰ ਕਰਦੇ ਹਨ, ਜਿਹੜੇ ਆਪਣੀ ਮਦਦ ਆਪ ਕਰਦੇ ਹਨ। ਆਪਣੀ ਮਦਦ ਆਪ ਕਰਨ ਨਾਲ ਜਿਹੜੀ ਕਮੀ ਬਾਕੀ ਰਹਿ ਜਾਂਦੀ ਹੈ, ਉਸ ਕਮੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਹਮਦਰਦ ਦਿਲ, ਦਾਇਆਵਾਨ ਲੋਕ ਆਪਣੇ-ਆਪ ਪਹੁੰਚ ਜਾਂਦੇ ਹਨ। ਸਿੱਖਣ ਦਾ ਸ਼ੌਕ ਹੋਣਾ ਚਾਹੀਦਾ ਹੈ, ਸਿਖਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਸਿੱਖਣ ਦੀ ਕੋਸ਼ਿਸ਼ ਕਰਨ ਵਾਲੇ ਤਾਂ ਆਪਣੇ-ਆਪ ਤੋਂ ਵੀ ਬਹੁਤ ਕੁਝ ਸਿੱਖ ਲੈਂਦੇ ਹਨ। ਜੇਕਰ ਤੁਸੀਂ ਆਪਣੇ ਕੰਮ ਆਪ ਨਹੀਂ ਕਰੋਗੇ ਤਾਂ ਦੁਨੀਆ ਉਸ ਕੰਮ ਨੂੰ ਕਰਨ ਲਈ ਤੁਹਾਡੇ ਤੋਂ ਦੁੱਗਣੀ ਕੀਮਤ ਵਸੂਲੇਗੀ। ਘਰ ਦੀ ਰਸੋਈ ਵਿਚ ਆਪਣਾ ਖਾਣਾ ਆਪ ਤਿਆਰ ਕਰੋ, ਇਸ ਨਾਲ ਨਾ ਸਿਰਫ਼ ਤੁਸੀਂ ਆਪਣਾ ਮਨਪਸੰਦ ਖਾਣਾ ਤਿਆਰ ਕਰ ਸਕਦੇ ਹੋ, ਸਗੋਂ ਇਸ ਨਾਲ ਤੁਹਾਡੇ ਆਤਮ-ਵਿਸ਼ਵਾਸ ‘ਚ ਵੀ ਵਾਧਾ ਹੋਵੇਗਾ। ਖਾਣਾ ਤਿਆਰ ਕਰਨਾ, ਕੱਪੜੇ ਧੋਣਾ, ਘਰ ਦੀ ਸਫ਼ਾਈ ਆਦਿ ਤੁਸੀਂ ਖ਼ੁਦ ਕਰੋਗੇ ਤਾਂ ਤੁਹਾਨੂੰ ਮਾਵਾਂ ਦੀ ਮਿਹਨਤ ਦੇ ਸਹੀ ਮੁੱਲ ਦਾ ਪਤਾ ਲੱਗੇਗਾ। ਹੁਨਰਮੰਦ ਲੜਕੀਆਂ ਜਿਥੇ ਵੀ ਜਾਣ, ਉਹ ਆਪਣੀ ਲਿਆਕਤ, ਕਲਾ, ਯੋਗਤਾ ਅਤੇ ਸਿਆਣਪ ਜ਼ਰੀਏ ਦੂਜਿਆਂ ਦੇ ਦਿਲ ਵਿਚ ਥਾਂ ਬਣਾ ਹੀ ਲੈਂਦੀਆਂ ਹਨ। ਹੁਨਰਮੰਦ ਹੱਥ ਹਮੇਸ਼ਾ ਹੀ ਖ਼ੂਬਸੂਰਤ ਹੁੰਦੇ ਹਨ। ਨਿੰਦਿਆ, ਚੁਗਲੀ, ਲੜਾਈ, ਝਗੜਾ, ਬਹਿਸ, ਵਿਖਾਵਾ, ਫਜ਼ੂਲ ਖਰਚੀ, ਬੇਈਮਾਨੀ ਆਦਿ ਸਭ ਅਲਾਮਤਾਂ ਆਲਸ, ਬੇਸਮਝੀ, ਘੁਮੰਡ, ਹਾਊਮੈ ਆਦਿ ਦੀ ਦੇਣ ਹਨ। ਜੋ ਚਾਹੁੰਦੇ ਹੋ, ਉਸ ਲਈ ਤਿਆਰ ਹੋਵੋ, ਜੋ ਨਹੀਂ ਹੈ, ਉਸ ਨੂੰ ਸਵੀਕਾਰ ਕਰੋ। ਮੈਂ ਇਹ ਕੰਮ ਕਰ ਸਕਦੀ ਹਾਂ ਅਤੇ ਕਰਨਾ ਜਾਣਦੀ ਹਾਂ ਪਰ ਕਰਦੀ ਨਹੀਂ ਹਾਂ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਉਸ ਕੰਮ ਦੀ ਸਹੀ ਕੀਮਤ ਤੋਂ ਵਾਕਿਫ਼ ਨਹੀਂ ਹੋ। ਇਹ ਬਹੁਤ ਵੱਡਾ ਭੁਲੇਖਾ ਹੈ ਕਿ ਲੋਕ ਸਿਰਫ਼ ਤੁਹਾਡੀ ਸੁੰਦਰਤਾ ਨੂੰ ਹੀ ਪਿਆਰ ਕਰਦੇ ਹਨ। ਕੰਮ ਸਿੱਖਣ ਲਈ ਕੰਮ ਨੂੰ ਸਮਾਂ ਦੇਣਾ ਪੈਂਦਾ ਹੈ। ਰਿਸ਼ਤਾ ਨਿਭਾਉਣ ਲਈ ਰਿਸ਼ਤੇ ਨੂੰ ਸਮਾਂ ਦੇਣਾ ਪੈਂਦਾ ਹੈ। ਸਿਰਫ਼ ਸਿਲੇਬਸ ਦੀ ਪੜ੍ਹਾਈ ਵਿਚ ਤੁਹਾਡਾ ਹੁਸ਼ਿਆਰ ਹੋਣਾ ਹੀ ਕਾਫ਼ੀ ਨਹੀਂ ਹੈ, ਤੁਹਾਡੇ ਕੋਲ ਹੋਰ ਕੰਮਾਂ ਦੇ ਹੁਨਰ ਵੀ ਹੋਣੇ ਚਾਹੀਦੇ ਹਨ, ਕਿਉਂਕਿ ਆਉਣ ਵਾਲਾ ਸਮਾਂ ਬੜੀ ਤੇਜ਼ੀ ਨਾਲ ਇਸ ਗੱਲ ਦੀ ਮੰਗ ਕਰ ਰਿਹਾ ਹੈ। ਇਸੇ ਨੂੰ ਅਸੀਂ ਆਤਮ ਨਿਰਭਰ ਹੋਣਾ ਕਹਿੰਦੇ ਹਾਂ। —ਰਾਜੂ ਸਿੰਘ