ਐਰੀਜ਼ੋਨਾ ਸੜਕ ਹਾਦਸੇ ’ਚ ਦੋ ਭਾਰਤੀ ਵਿਦਿਆਰਥੀ ਹਲਾਕ

0
7

ਵਾਸ਼ਿੰਗਟਨ-ਐਰੀਜ਼ੋਨਾ ਵਿਚ ਲੇਕ ਪਲੈਸੈਂਟ ਨੇੜੇ ਦੋ ਵਾਹਨਾਂ (ਕਾਰਾਂ) ਦੀ ਆਹਮੋ-ਸਾਹਮਣੀ ਟੱਕਰ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੀੜਤਾਂ ਦੀ ਪਛਾਣ ਨਿਵੇਸ਼ ਮੁੱਕਾ (19) ਤੇ ਗੌਤਮ ਪਾਰਸੀ (19) ਵਜੋਂ ਹੋਈ ਹੈ। ਦੋਵੇਂ ਪਿੱਛੋਂ ਤਿਲੰਗਾਨਾ ਨਾਲ ਸਬੰਧਤ ਸਨ ਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਪਿਓਰੀਆ ਪੁਲੀਸ ਮੁਤਾਬਕ ਉਨ੍ਹਾਂ ਨੂੰ 20 ਅਪਰੈਲ ਨੂੰ ਸ਼ਾਮੀਂ 6:18 ਵਜੇ ਦੇ ਕਰੀਬ ਕੈਸਲ ਹੌਟ ਸਪਰਿੰਗਜ਼ ਰੋਡ ‘ਤੇ ਹਾਦਸਾ ਹੋਣ ਬਾਰੇ ਜਾਣਕਾਰੀ ਮਿਲੀ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਕਾ ਤੇ ਪਾਰਸੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ ਉੱਤੇ ਹੀ ਦਮ ਤੋੜ ਗਏ ਸਨ ਜਦੋਂਕਿ ਜਿਸ ਕਾਰ ਵਿਚ ਉਹ ਸਵਾਰ ਸਨ, ਦੇ ਡਰਾਈਵਰ ਨੂੰ ਗੰਭੀਰ ਸੱਟਾਂ ਨਾਲ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਧਰ ਦੂਜੀ ਕਾਰ, ਜਿਸ ‘ਚ ਇਕੱਲਾ ਡਰਾਈਵਰ ਹੀ ਮੌਜੂਦ ਸੀ, ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ। ਹਾਦਸੇ ਦੀ ਜਾਂਚ ਦੌਰਾਨ ਇਲਾਕੇ ‘ਚ ਕੁਝ ਘੰਟਿਆਂ ਲਈ ਆਵਾਜਾਈ ਬੰਦ ਰਹੀ, ਜਿਸ ਨੂੰ ਐਤਵਾਰ ਸਵੇਰੇ ਖੋਲ੍ਹ ਦਿੱਤਾ ਗਿਆ।