ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

0
8

ਸਰੀ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਬੀਤੇ ਦਿਨ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਚ ਵੱਲੋਂ 19 ਮਈ ਨੂੰ ਕਰਵਾਈ ਜਾ ਰਹੀ ਸੰਗੀਤਕ ਸ਼ਾਮ ਦੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਟਿੰਗ ਵਿਚ ਪੰਜਾਬੀ ਸ਼ਾਇਰੀ ਦੀਆਂ ਚਾਰ ਨਵ-ਪਕਾਸ਼ਿਤ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੰਚ ਵੱਲੋਂ 19 ਮਈ 2024 ਨੂੰ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਗ਼ਜ਼ਲ ਗਾਇਕੀ ਦਾ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਅਮਰੀਕਾ ਤੋਂ ਨਾਮਵਰ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਉਨ੍ਹਾਂ ਤੋਂ ਇਲਾਵਾ ਅਮਰੀਕਾ ਦੇ ਹੀ ਗ਼ਜ਼ਲ ਗਾਇਕ ਮੇਸ਼੍ਹੀ ਬੰਗੜ, ਸਰੀ ਦੇ ਨੌਜਵਾਨ ਗਾਇਕ ਪਰਖਜੀਤ ਅਤੇ ਡਾ. ਰਣਦੀਪ ਮਲਹੋਤਰਾ ਆਪਣੇ ਸੁਰੀਲੇ ਸੁਰਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕਰਨਗੇ। ਇਹ ਪ੍ਰੋਗਰਾਮ ਸੰਗੀਤ ਪ੍ਰੇਮੀਆਂ ਲਈ ਬਿਲਕੁਲ ਫਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਮੰਚ ਦੇ ਮੈਂਬਰ ਪ੍ਰੀਤ ਮਨਪ੍ਰੀਤ ਰਾਹੀਂ ਚਾਰ ਸ਼ਾਇਰਾਂ ਦੀਆਂ ਨਵੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਗ਼ਜ਼ਲ ਮੰਚ ਨੂੰ ਮਿਲੀਆਂ ਹਨ ਅਤੇ ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ ਅਤੇ ਜਸਵਿੰਦਰ ਨੇ ਇਨ੍ਹਾਂ ਪੁਸਤਕਾਂ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਰਿਲੀਜ਼ ਕੀਤੀਆਂ ਗਈਆਂ ਇਨ੍ਹਾਂ ਪੁਸਤਕਾਂ ਵਿਚ ਰਾਜਿੰਦਰਜੀਤ ਦਾ ਗ਼ਜ਼ਲ ਸੰਗ੍ਰਹਿ ‘ਸੂਲਾਂ ਸੇਤੀ ਰਾਤਿ‘, ਸੁਖਦੀਪ ਔਜਲਾ ਦਾ ਗ਼ਜ਼ਲ ਸੰਗ੍ਰਹਿ ‘ਇਕ ਕਮਰੇ ਦਾ ਸ਼ਾਇਰ‘, ਗੁਰਜੰਟ ਰਾਜੇਆਣਾ ਦੀ ਕਾਵਿ-ਪੁਸਤਕ “ਸੁਲਗ਼ਦੇ ਸਫ਼ਰ ‘ਤੇ‘ ਅਤੇ ਕੇਸਰ ਕਰਮਜੀਤ ਦਾ ਗ਼ਜ਼ਲ ਸੰਗ੍ਰਹਿ ‘ਦਿਨ ਢਲ਼ੇ‘ ਸ਼ਾਮਲ ਹਨ। ਮੰਚ ਦੇ ਮੈਂਬਰਾਂ ਨੇ ਇਨ੍ਹਾਂ ਪੁਸਤਕਾਂ ਦੇ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ। ਨੌਜਵਾਨ ਸ਼ਾਇਰ ਸੁਖਦੀਪ ਔਜਲਾ ਨੂੰ ਮਰਹੂਮ ਮਹਿੰਦਰ ਸਾਥੀ ਐਵਾਰਡ ਲਈ ਚੁਣੇ ਜਾਣ ‘ਤੇ ਮੰਚ ਦੇ ਮੈਂਬਰਾਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਸੁਖੀਪ ਔਜਲਾ ਨੂੰ ਵਧਾਈ ਦਿੱਤੀ।