ਵਿਸਾਖੀ ਨਗਰ ਕੀਰਤਨ ’ਤੇ ਲਾਈ ਪੁਸਤਕ ਪ੍ਰਦਰਸ਼ਨੀ ਨੂੰ ਨੌਜਵਾਨ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ

0
7

ਸਰੀ (ਹਰਦਮ ਮਾਨ)-ਸਰੀ ਵਿਖੇ ਸਜਾਏ ਗਏ ਵਿਸਾਖੀ ਨਗਰ ਕੀਰਤਨ ਮੌਕੇ ਜਿੱਥੇ ਸ਼ਰਧਾਲੂਆਂ ਨੇ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਜਗਿਆਸਾ ਦੀ ਪੂਰਤੀ ਕੀਤੀ, ਵੱਖ ਵੱਖ ਪਕਵਾਨਾਂ ਦਾ ਆਨੰਦ ਮਾਣਿਆ ਉੱਥੇ ਹੀ ਪੁਸਤਕਾਂ ਪੜ੍ਹਨ ਦੇ ਸੌਕੀਨਾਂ ਨੇ ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਲਾਏ ਬੁੱਕ ਸਟਾਲ ਉੱਪਰ ਵੀ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਕਿਤਾਬਾਂ ਨੂੰ ਆਪਣਾ ਸਾਥੀ ਬਣਾਇਆ। ਇਸ ਪੁਸਤਕ ਪ੍ਰਦਰਸ਼ਨੀ ‘ਤੇ ਪਹੁੰਚ ਕੇ ਪੰਜਾਬੀ ਦੇ ਵਿਦਵਾਨ ਡਾ. ਸਾਧੂ ਸਿੰਘ, ਡਾ. ਸ਼ੁਭਪ੍ਰੇਮ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਚਿੱਤਰਕਾਰ, ਸ਼ਾਇਰ ਮੋਹਨ ਗਿੱਲ, ਪੱਤਰਕਾਰ ਸੁਰਿੰਦਰ ਚਾਹਲ, ਕੁਲਵਿੰਦਰ ਕੁਲਾਰ, ਬਲਵਿੰਦਰ ਸਿੰਘ ਪੰਧੇਰ (ਫਿਨਲੈਂਡ), ਰਣਧੀਰ ਢਿੱਲੋਂ, ਚਮਕੌਰ ਢਿੱਲੋਂ, ਡਾ. ਸੁਖਵਿੰਦਰ ਵਿਰਕ, ਮਿਸਜ਼ ਦਰਸ਼ਨ ਗਿੱਲ, ਮਿਸਜ਼ ਹਰਦਿਆਲ ਸਿੰਘ ਚੀਮਾ (ਸਿਆਟਲ), ਜਸਵੀਰ ਭਲੂਰੀਆ ਅਤੇ ਹੋਰ ਕਈ ਲੇਖਕਾਂ, ਪਾਠਕਾਂ ਨੇ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਵੱਲੋਂ ਕੈਨੇਡਾ, ਅਮਰੀਕਾ ਵਿਚ ਪੁਸਤਕਾਂ ਰਾਹੀਂ ਪੰਜਾਬੀ ਭਾਸ਼ਾ, ਸਭਿਆਚਾਰ, ਸਾਹਿਤ ਅਤੇ ਵਿਰਸੇ ਦੇ ਪ੍ਰਚਾਰ ਪਾਸਾਰ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਖਤ ਘਾਲਣਾ ਦੀ ਪ੍ਰਸੰਸਾ ਕੀਤੀ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਪੁਸਤਕ ਪ੍ਰੇਮੀਆਂ ਵੱਲੋਂ ਇਸ ਵਾਰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੇ ਕਿਤਾਬਾਂ ਖਰੀਦਣ ਵਿਚ ਵਧੇਰੇ ਦਿਲਚਸਪੀ ਦਿਖਾਈ ਹੈ। ਨੌਜਵਾਨਾਂ ਨੇ ਵਿਸ਼ੇਸ਼ ਤੌਰ ‘ਤੇ ਸਿੱਖ ਇਤਿਹਾਸ, ਪੰਜਾਬ ਅਤੇ ਉਸਾਰੂ ਸੋਚ ਨਾਲ ਸੰਬੰਧਤ ਪੁਸਤਕਾਂ ਖਰੀਦੀਆਂ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਸੁਨੇਹਾ ਕਿ ਅੱਜ ਦੇ ਡਿਜ਼ੀਟਲ ਯੁਗ ਵਿਚ ਵੀ ਨੌਜਵਾਨ ਪੀੜ੍ਹੀ ਪੁਸਤਕਾਂ ਨਾਲ ਜੁੜ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੌਰਾਨ ਤਰਕਸ਼ੀਲ ਸੋਸਾਇਟੀ ਆਫ ਕੈਨੇਡਾ ਅਤੇ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ ਵੱਲੋਂ ਵੀ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਗਈਆਂ ਸਨ।