ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

0
7

ਸਰੀ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਕਾਲਮ ਨਵੀਸ ਅਤੇ ਸਾਹਿਤਕਾਰ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਤਹਿਤ ਸੁੱਚਾ ਸਿੰਘ ਕਲੇਰ ਦੇ ਜੀਵਨ, ਕਨੇਡਾ ਵਿੱਚ ਸੈਟਲ ਹੋਣ, ਵੈਨਕੂਵਰ ਵਿੱਚ ਪੰਜਾਬੀ ਮਾਰਕੀਟ ਸਥਾਪਿਤ ਕਰਨ ਅਤੇ ਉਹਨਾਂ ਵੱਲੋਂ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਅਤੇ ਸਮਾਜ ਲਈ ਕੀਤੇ ਕੰਮਾਂ ਸਬੰਧੀ ਵਿਸ਼ੇਸ਼ ਗੱਲਬਾਤ ਹੋਈ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਮੋਹਨ ਗਿੱਲ ਨੇ ਸ. ਕਲੇਰ ਨਾਲ ਆਪਣੀ ਲੰਮੇਰੀ ਸਾਂਝ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਸਲ ਵਿੱਚ ਸੁੱਚਾ ਸਿੰਘ ਕਲੇਰ ਨੂੰ ਮਾਣ ਸਨਮਾਨ ਦੇਣ ਵਾਲਾ ਖ਼ੁਦ ਸਨਮਾਨਿਤ ਹੋ ਰਿਹਾ ਹੁੰਦਾ ਹੈ। ਸੁੱਚਾ ਸਿੰਘ ਕਲੇਰ ਬਹੁਤ ਹੀ ਨਿਮਰ, ਮਿਲਣਸਾਰ, ਮਦਦਗਾਰ ਅਤੇ ਭਾਈਚਾਰੇ ਦੀ ਅਜਿਹੀ ਸ਼ਖ਼ਸੀਅਤ ਹਨ ਜਿਹਨਾਂ ਵੱਲੋਂ ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਤੌਰ ‘ਤੇ ਕੀਤੇ ਕਾਰਜ ਕਦੇ ਵੀ ਵਿਸਾਰੇ ਨਹੀਂ ਜਾ ਸਕਣਗੇ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸੁੱਚਾ ਸਿੰਘ ਕਲੇਰ ਵੱਲੋਂ ਪੰਜਾਬੀ ਬੋਲੀ, ਭਾਸ਼ਾ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਦੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇੰਡੋ-ਕੈਨੇਡੀਅਨ ਅਖਬਾਰ ਰਾਹੀਂ ਉਨ੍ਹਾਂ ਭਾਈਚਾਰੇ ਦੇ ਮਸਲਿਆਂ, ਮੁਸ਼ਕਿਲਾਂ, ਲੋੜਾਂ-ਥੋੜਾਂ ਅਤੇ ਕੀਤੇ ਜਾਣ ਵਾਲੇ ਭਾਈਚਾਰਕ ਕਾਰਜਾਂ ਨੂੰ ਉਭਾਰ ਕੇ ਭਾਈਚਾਰੇ ਨੂੰ ਚੰਗੇਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਆ। ਅੰਗਰੇਜ਼ ਬਰਾੜ, ਸਤੀਸ਼ ਗੁਲਾਟੀ, ਅਸ਼ੋਕ ਭਾਰਗਵ, ਜਰਨੈਲ ਸਿੰਘ ਆਰਟਿਸਟ, ਹਰਦਮ ਮਾਨ, ਸੁਖਵਿੰਦਰ ਚੋਹਲਾ ਅਤੇ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਨੇ ਵੈਨਕੂਵਰ ਖੇਤਰ ਵਿਚ ਪੰਜਾਬੀ ਭਾਸ਼ਾ ਦੀ ਸਥਾਪਤੀ ਲਈ ਬਹੁਤ ਘਾਲਣਾ ਘਾਲੀ ਹੈ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਲੰਮਾਂ ਸਮਾਂ ਕਾਰਜ ਕਰਦਿਆਂ ਨਵੇਂ ਲੇਖਕਾਂ ਦੀ ਯੋਗ ਅਗਵਾਈ ਕੀਤੀ ਹੈ। ਸਮਾਜਿਕ ਖੇਤਰ ਵਿਚ ਉਨ੍ਹਾਂ ਦਾ ਬੇਹੱਦ ਯੋਗਦਾਨ ਹੈ। ਸੀਨੀਅਰ ਸਿਟੀਜ਼ਨ ਵਿਚ ਉਨ੍ਹਾਂ ਦਾ ਬਹੁਤ ਮਾਣ ਸਤਿਕਾਰ ਹੈ ਅਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਡੇਰੇ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਿਆ ਹੈ। ਅੰਤ ਵਿਚ ਸੁੱਚਾ ਸਿੰਘ ਕਲੇਰ ਨੇ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮੈਂਬਰਾਂ, ਅਹੁਦੇਦਾਰਾਂ ਅਤੇ ਹਾਜਰ ਸ਼ਖ਼ਸੀਅਤਾਂ ਵੱਲੋਂ ਪ੍ਰਗਟਾਏ ਮਾਣ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ।