ਯਾਦਾਂ ਦੇ ਝਰੋਖੇ ’ਚੋਂ… ਮਸਾਲਾ ਭਰਪੂਰ ਫਿਲਮਾਂ ਦਾ ਨਿਰਦੇਸ਼ਕ ਮਨਮੋਹਨ ਦੇਸਾਈ

0
14

ਪ੍ਰੋ. ਪਰਮਜੀਤ ਸਿੰਘ
ਮਨਮੋਹਨ ਦੇਸਾਈ ਬੌਲੀਵੁੱਡ ਦਾ ਅਜਿਹਾ ਫਿਲਮਸਾਜ਼ ਸੀ ਜਿਸ ਨੇ ਨਾ ਕੇਵਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਸਗੋਂ ਆਪਣੀਆਂ ਮਸਾਲਾ ਫਿਲਮਾਂ ਵਿੱਚ ਕਈ ਅਣਹੋਣੇ ਦ੍ਰਿਸ਼ ਵਿਖਾ ਕੇ ‘ਅਣਹੋਣੀ ਨੂੰ ਹੋਣੀ ਬਣਾ ਕੇ ਦਰਸਾਉਣ‘ ਦਾ ਸਫਲ ਯਤਨ ਵੀ ਕੀਤਾ ਸੀ। ਅਮਿਤਾਭ ਬੱਚਨ ਨੂੰ ‘ਸੁਹਾਗ‘, ‘ਨਸੀਬ‘, ‘ਮਰਦ‘, ‘ਕੁਲੀ‘, ‘ਦੇਸ਼ ਪ੍ਰੇਮੀ‘, ‘ਅਮਰ ਅਕਬਰ ਐਂਥਨੀ‘, ‘ਗੰਗਾ ਜਮੁਨਾ ਸਰਸਵਤੀ‘ ਅਤੇ ‘ਤੂਫ਼ਾਨ‘ ਜਿਹੀਆਂ ਸੁਪਰਹਿੱਟ ਫਿਲਮਾਂ ਨਾਲ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲੇ ਫਿਲਮਸਾਜ਼ ਮਨਮੋਹਨ ਦੇਸਾਈ ਦਾ ਜਨਮ 26 ਫਰਵਰੀ 1937 ਨੂੰ ਗੁਜਰਾਤੀ ਪਰਿਵਾਰ ਦੇ ਮੁਖੀ ਅਤੇ ਬੌਲੀਵੁੱਡ ਵਿੱਚ ਬਤੌਰ ਫਿਲਮ ਨਿਰਮਾਤਾ ਕੀਕੂਭਾਈ ਦੇਸਾਈ ਦੇ ਘਰ ਹੋਇਆ ਸੀ ਜਿਨ੍ਹਾਂ ਨੇ ਆਪਣੇ ਜ਼ਮਾਨੇ ਵਿੱਚ ‘ਸਰਕਸ ਕੁਈਨ‘, ‘ਗੋਲਡਨ ਗੈਂਗ‘ ਅਤੇ ‘ਸ਼ੇਖ਼ ਚਿੱਲੀ‘ ਆਦਿ ਨਾਮਕ ਸਟੰਟ ਫਿਲਮਾਂ ਦਾ ਨਿਰਮਾਣ ਕੀਤਾ ਸੀ। ਉਹ 1931 ਤੋਂ 1941 ਦੇ ਸਮੇਂ ਦੌਰਾਨ ‘ਪੈਰਾਮਾਊਂਟ ਸਟੂਡੀਓ‘ ਦੇ ਮਾਲਕ ਰਹੇ ਸਨ ਜੋ ਕਿ ਬਾਅਦ ਵਿੱਚ ‘ਫਿਲਮਾਲਿਆ ਸਟੂਡੀਓਜ਼‘ ਦੇ ਨਾਂ ਨਾਲ ਜਾਣਿਆ ਗਿਆ। ਦੁੱਖ ਦੀ ਗੱਲ ਇਹ ਰਹੀ ਕਿ ਕੇਵਲ 39 ਸਾਲ ਦੀ ਉਮਰ ਵਿੱਚ ਸ੍ਰੀ ਕੀਕੂਭਾਈ ਦਾ ਦੇਹਾਂਤ ਹੋ ਗਿਆ ਤੇ ਭਾਰੀ ਵਿੱਤੀ ਦੇਣਦਾਰੀਆਂ ਦੇ ਚੱਲਦਿਆਂ ਪਰਿਵਾਰ ਨੂੰ ਆਪਣਾ ਘਰ-ਬਾਰ ਤੇ ਕਾਰਾਂ ਆਦਿ ਤੱਕ ਵੀ ਵੇਚਣੀਆਂ ਪੈ ਗਈਆਂ ਪਰ ਆਪਣੇ ਪਰਿਵਾਰ ਦੀ ਆਮਦਨ ਦਾ ਸਰੋਤ ਫਿਲਮ ਸਟੂਡੀਓ ਉਨ੍ਹਾਂ ਨੇ ਨਾ ਵੇਚਿਆ ਤੇ ਮਨਮੋਹਨ ਦੇਸਾਈ ਦੇ ਵੱਡੇ ਭਰਾ ਸੁਭਾਸ਼ ਦੇਸ਼ਾਈ ਨੇ ਬਤੌਰ ਫਿਲਮ ਨਿਰਮਾਤਾ ਮੁੜ ਕਿਸਮਤ ਅਜ਼ਮਾਈ ਅਤੇ ਪਰਿਵਾਰ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ। ਮਨਮੋਹਨ ਦੇਸਾਈ ਨੇ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰਕੇ ਮੁੰਬਈ ਦੇ ਮਸ਼ਹੂਰ ਸੇਂਟ ਜ਼ੇਵੀਅਰਜ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਵੱਡੇ ਭਰਾ ਸੁਭਾਸ਼ ਦੇਸਾਈ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਫਿਲਮਾਂ ਬਣਾਉਣ ਦੇ ਆਪਣੇ ਪਿਤਾ-ਪੁਰਖੀ ਧੰਦੇ ਵਿੱਚ ਆ ਪੈਰ ਪਾਇਆ। 1957 ਵਿੱਚ ਫਿਲਮ ‘ਜਨਮ ਜਨਮ ਕੇ ਫੇਰੇ‘ ਰਾਹੀਂ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੇ ਮਨਮੋਹਨ ਦੇਸਾਈ ਨੇ ਫਿਲਮਸਾਜ਼ ਬਾਬੂ ਭਾਈ ਮਿਸਤਰੀ ਕੋਲੋਂ ਫਿਲਮ ਨਿਰਦੇਸ਼ਨ ਦੇ ਗੁਰ ਸਿੱਖੇ ਸਨ। ਪਹਿਲੀ ਹੀ ਫਿਲਮ ਦੇ ਸਫਲ ਰਹਿਣ ਮਗਰੋਂ ਮਨਮੋਹਨ ਨੇ 1960 ਵਿੱਚ ਆਪਣੇ ਭਰਾ ਸੁਭਾਸ਼ ਦੇਸਾਈ ਵੱਲੋਂ ਨਿਰਮਤ ਫਿਲਮ ‘ਛਲੀਆ‘ ਵਿੱਚ ਰਾਜ ਕਪੂਰ ਨੂੰ ਲੈ ਕੇ ਨਿਰਦੇਸ਼ਨ ਦਿੱਤਾ ਤੇ ਇਹ ਫਿਲਮ ਆਪਣੇ ਗੀਤ-ਸੰਗੀਤ, ਜ਼ਬਰਦਸਤ ਅਦਾਕਾਰੀ ਅਤੇ ਨਿਰਦੇਸ਼ਨ ਦੇ ਚੱਲਦਿਆਂ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਗਈ। ਇਸ ਉਪਰੰਤ ਉਸ ਨੇ ‘ਬਲੱਫ ਮਾਸਟਰ‘, ‘ਬਦਤਮੀਜ਼‘ ਅਤੇ ‘ਕਿਸਮਤ‘ ਆਦਿ ਜਿਹੀਆਂ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਜਿਨ੍ਹਾਂ ਦੀ ਕਾਮਯਾਬੀ ਨੇ ਉਸ ਨੂੰ ਬੌਲੀਵੁੱਡ ਵਿੱਚ ਪੱਕੇ ਪੈਰੀਂ ਕਰ ਦਿੱਤਾ।
ਮਨ ਵਿੱਚ ਲੀਕ ਤੋਂ ਹਟਵਾਂ ਕੁਝ ਕਰਨ ਦੀ ਧਾਰ ਕੇ ਮਨਮੋਹਨ ਦੇਸਾਈ ਨੇ ਬੌਲੀਵੁੱਡ ਵਿੱਚ ਮਸਾਲਾ ਫਿਲਮਾਂ ਦੀ ਨੀਂਹ ਰੱਖਣ ਦਾ ਮਨ ਬਣਾਇਆ ਤੇ ਮੈਦਾਨ ਵਿੱਚ ਉਤਰ ਆਇਆ। 1970 ਵਿੱਚ ਉਸ ਨੇ ਰਾਜੇਸ਼ ਖੰਨਾ ਅਤੇ ਮੁਮਤਾਜ਼ ਨੂੰ ਲੈ ਕੇ ਫਿਲਮ ‘ਸੱਚਾ ਝੂਠਾ‘ ਦਾ ਨਿਰਦੇਸ਼ਨ ਦਿੱਤਾ ਤੇ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਨੇ ਇਸ ਫਿਲਮ ਨੂੰ ਭਰਪੂਰ ਪਿਆਰ ਦਿੰਦਿਆਂ ਆਪਣੇ ਮੁਹੱਬਤੀ ਕਲਾਵੇ ਵਿੱਚ ਲੈ ਲਿਆ। ਜ਼ਬਰਦਸਤ ਤੇ ਰੁਮਾਂਚਕ ਕਹਾਣੀ, ਸੁਰੀਲਾ ਗੀਤ-ਸੰਗੀਤ, ਮਨਮੋਹਕ ਅਦਾਕਾਰੀ ਅਤੇ ਬਿਹਤਰੀਨ ਨਿਰਦੇਸ਼ਨ ਦੇ ਸੁਮੇਲ ਨੇ ਇਸ ਮਸਾਲਾ ਫਿਲਮ ਨੂੰ ਟਿਕਟ ਖਿੜਕੀ ‘ਤੇ ਵੱਡੀ ਸਫਲਤਾ ਪ੍ਰਦਾਨ ਕੀਤੀ ਸੀ। ਇਸ ਤੋਂ ਬਾਅਦ ਤਾਂ ਅਗਲੇ 20 ਸਾਲ ਤੱਕ ਬੌਲੀਵੁੱਡ ‘ਤੇ ਮਨਮੋਹਨ ਦੇਸਾਈ ਦਾ ਰਾਜ ਚੱਲਿਆ ਸੀ। ਉਸ ਦੀਆਂ ਨਿਰਦੇਸ਼ਿਤ ਕੀਤੀਆਂ ‘ਰਾਮਪੁਰ ਕਾ ਲਕਸ਼ਮਣ‘, ‘ਭਾਈ ਹੋ ਤੋ ਐਸਾ‘, ‘ਆ ਗਲੇ ਲਗ ਜਾ‘, ‘ਰੋਟੀ‘, ‘ਪਰਵਰਿਸ਼‘, ‘ਸੁਹਾਗ‘, ‘ਧਰਮਵੀਰ‘, ‘ਚਾਚਾ ਭਤੀਜਾ‘, ‘ਨਸੀਬ‘, ‘ਅਮਰ ਅਕਬਰ ਐਂਥਨੀ‘, ‘ਕੁਲੀ‘, ‘ਮਰਦ‘, ‘ਦੇਸ਼ ਪ੍ਰੇਮੀ‘ ਅਤੇ ‘ਗੰਗਾ ਜਮੁਨਾ ਸਰਸਵਤੀ‘ ਆਦਿ ਜਿਹੀਆਂ ਸਫਲ ਫਿਲਮਾਂ ਨੇ ਬੌਲੀਵੁੱਡ ਵਿੱਚ ਅਮਿਤਾਭ ਬੱਚਨ, ਧਰਮਿੰਦਰ, ਜਤਿੰਦਰ, ਰਾਜੇਸ਼ ਖੰਨਾ, ਸ਼ਤਰੂਘਨ ਸਿਨਹਾ, ਸ਼ਸ਼ੀ ਕਪੂਰ ਅਤੇ ਰਣਧੀਰ ਕਪੂਰ ਆਦਿ ਨੂੰ ਵੱਡੇ ਸਟਾਰ ਬਣਾ ਦਿੱਤਾ ਸੀ।
ਮਨਮੋਹਨ ਦੇਸਾਈ ਬਾਰੇ ਬੌਲੀਵੁੱਡ ਵਿੱਚ ਇਹ ਚਰਚਾ ਰਹਿੰਦੀ ਸੀ ਕਿ ਉਹ ਆਪਣੀਆਂ ਫਿਲਮਾਂ ਵਿੱਚ ‘ਬੱਚਿਆਂ ਦੇ ਬਚਪਨ ਵਿੱਚ ਵਿੱਛੜਨ ਅਤੇ ਜਵਾਨੀ ਵਿੱਚ ਆ ਮਿਲਣ‘ ਦੇ ਫਾਰਮੂਲੇ ਨੂੰ ਬੜੇ ਦਿਲਚਸਪ ਢੰਗ ਨਾਲ ਵਰਤਦਾ ਸੀ ਤੇ ਕਈ ਸਾਰੇ ਅਣਹੋਣੀਆਂ ਘਟਨਾਵਾਂ ਵਾਲੇ ਦ੍ਰਿਸ਼ ਵੀ ਆਪਣੀਆਂ ਫਿਲਮਾਂ ਵਿੱਚ ਸ਼ਾਮਲ ਕਰ ਲੈਂਦਾ ਸੀ। ‘ਅਮਰ ਅਕਬਰ ਐਂਥਨੀ‘ ਫਿਲਮ ਵਿੱਚ ਇੱਕੋ ਮਾਂ ਨੂੰ ਤਿੰਨ ਪੁੱਤਰਾਂ ਵੱਲੋਂ ਇੱਕੋ ਸਮੇਂ ਖ਼ੂਨ ਦਿੱਤੇ ਜਾਣ ਦਾ ਮੈਡੀਕਲ ਇਤਿਹਾਸ ਦਾ ਅਣਹੋਣਾ ਕਾਰਨਾਮਾ ਮਨਮੋਹਨ ਦੇਸਾਈ ਦੇ ਦਿਮਾਗ਼ ਦੀ ਕਾਢ ਸੀ ਤੇ ਉਸ ਦੇ ਇਹ ਰੌਚਕ ਫਾਰਮੂਲੇ ਦਰਸ਼ਕਾਂ ਨੇ ਖ਼ੂਬ ਪਸੰਦ ਵੀ ਕੀਤੇ ਸਨ। ਫਿਲਮ ‘ਸੁਹਾਗ‘ ਵਿੱਚ ਸ਼ਸ਼ੀ ਕਪੂਰ ਅੰਨ੍ਹਾ ਹੁੰਦਾ ਹੋਇਆ ਵੀ ਮੋਟਰਸਾਈਕਲ ਚਲਾਉਂਦਾ ਹੈ ਤੇ ਫਿਲਮ ‘ਮਰਦ‘ ਵਿੱਚ ਦਾਰਾ ਸਿੰਘ ਆਪਣੇ ਕੁੱਛੜ ਚੁੱਕੇ ਨਵਜਨਮੇ ਪੁੱਤਰ ਦੇ ਸੀਨੇ ‘ਤੇ ਚਾਕੂ ਨਾਲ ‘ਮਰਦ‘ ਉੱਕਰ ਦਿੰਦਾ ਹੈ ਤੇ ਵਗ਼ਦੇ ਲਹੂ ਦੇ ਬਾਵਜੂਦ ਬੱਚਾ ਹੱਸਦਾ ਰਹਿੰਦਾ ਹੈ। ਉਸ ਨੇ ਨਾ ਕੇਵਲ ਅਜਿਹੀਆਂ ਅਸੰਭਵ ਘਟਨਾਵਾਂ ਨੂੰ ਕੇਂਦਰ ਬਣਾ ਕੇ ਦ੍ਰਿਸ਼ ਸ਼ੂਟ ਕੀਤੇ ਸਨ ਸਗੋਂ ਆਪਣੀ ਗੱਲ ਖੁੱਲ੍ਹ ਕੇ ਕਹਿਣ ਲਈ ਇਸ ਫਿਲਮ ਵਿੱਚ ਇਹ ਗੀਤ ਵੀ ਸ਼ਾਮਲ ਕੀਤਾ ਸੀ- ‘‘ਅਨਹੋਨੀ ਕੋ ਹੋਨੀ ਕਰਦੇਂ, ਹੋਨੀ ਕੋ ਅਨਹੋਨੀ, ਏਕ ਜਗ੍ਹਾ ਜਬ ਜਮ੍ਹਾ ਹੋਂ ਤੀਨੋਂ, ਅਮਰ, ਅਕਬਰ, ਐਂਥਨੀ।‘‘ ਇਹ ਗੀਤ ਬੇਹੱਦ ਮਕਬੂਲ ਹੋਇਆ ਸੀ।
ਮਨਮੋਹਨ ਦੀ ਇਹ ਖ਼ਾਸੀਅਤ ਵੀ ਸੀ ਕਿ ਉਹ ਆਪਣੇ ਜ਼ਿਆਦਾਤਰ ਕਿਰਦਾਰ ਅਸਲ ਜ਼ਿੰਦਗੀ ‘ਚੋਂ ਅਤੇ ਕਿਰਤੀ ਵਰਗ ‘ਚੋਂ ਚੁਣਦਾ ਸੀ ਜਿਵੇਂ ਕਿ ਫਿਲਮ ‘ਕੁਲੀ‘ ਵਿੱਚ ਕੁਲੀ, ‘ਮਰਦ‘ ਫਿਲਮ ਵਿੱਚ ਟਾਂਗੇਵਾਲਾ, ‘ਨਸੀਬ‘ ਵਿੱਚ ਵੇਟਰ, ‘ਅਮਰ ਅਕਬਰ ਐਂਥਨੀ‘ ਵਿੱਚ ਦਰਜ਼ੀ, ਫੁੱਲ ਵੇਚਣ ਵਾਲਾ, ਪੁਲੀਸ ਇੰਸਪੈਕਟਰ, ‘ਧਰਮਵੀਰ‘ ਵਿੱਚ ਲੁਹਾਰ ਆਦਿ ਜਿਹੇ ਕਿਰਦਾਰ ਉਸ ਦੀਆਂ ਜ਼ਿਆਦਾਤਰ ਫਿਲਮਾਂ ਵਿੱਚ ਵੇਖਣ ਨੂੰ ਮਿਲਦੇ ਸਨ। ਉਹ ਆਪਣੀ ਫਿਲਮ ਦੇ ਗੀਤ-ਸੰਗੀਤ ਵੱਲ ਵਿਸ਼ੇਸ਼ ਤਵੱਜੋ ਦਿੰਦਾ ਸੀ ਜਿਸ ਕਰਕੇ ਉਸ ਦੀਆਂ ਤਕਰੀਬਨ ਸਾਰੀਆਂ ਹੀ ਫਿਲਮਾਂ ਦੇ ਗੀਤ ਸੁਪਰਹਿੱਟ ਰਹਿੰਦੇ ਸਨ। ‘‘ਕਜਰਾ ਮੁਹੱਬਤ ਵਾਲਾ ਅੱਖੀਓਂ ਮੇਂ ਐਸਾ ਡਾਲਾ‘, ‘ਹਮ ਪ੍ਰੇਮੀ ਪ੍ਰੇਮ ਕਰਨਾ ਜਾਨੇ‘, ‘ਆਪਸ ਮੇਂ ਪ੍ਰੇਮ ਕਰੋ ਦੇਸ਼ ਪ੍ਰੇਮੀਓ‘, ‘ਪਰਦਾ ਹੈ ਪਰਦਾ‘, ‘ਸਾਜਨ ਮੇਰਾ ਉਸ ਪਾਰ ਹੈ ਮਿਲਨੇ ਕੋ ਦਿਲ ਬੇਕਰਾਰ ਹੈ‘, ‘ਓ ਮੇਰੀ ਮਹਿਬੂਬਾ ਤੁਝੇ ਜਾਨਾ ਹੈ ਤੋ ਜਾ‘, ‘ਸਾਤ ਅਜੂਬੇ ਇਸ ਦੁਨੀਆ ਮੇਂ ਆਠਵੀਂ ਅਪਨੀ ਜੋੜੀ‘ ਆਦਿ ਜਿਹੇ ਦਰਜਨਾਂ ਹੀ ਸੁਰੀਲੇ ਤੇ ਸੁਪਰਹਿੱਟ ਨਗ਼ਮੇ ਮਨਮੋਹਨ ਦੇਸਾਈ ਦੀਆਂ ਫਿਲਮਾਂ ਦਾ ਸ਼ਿੰਗਾਰ ਸਨ। ਫਿਲਮ ‘ਅਮਰ ਅਕਬਰ ਐਂਥਨੀ‘ ਲਈ ਗਾਇਆ ਗਿਆ ਇੱਕ ਗੀਤ ਬੌਲੀਵੁੱਡ ਦਾ ਉਹ ਗੀਤ ਹੈ ਜੋ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਜਿਹੇ ਦਿੱਗਜ ਗਾਇਕਾਂ ਵੱਲੋਂ ਇਕੱਠਿਆਂ ਗਾਇਆ ਗਿਆ, ਆਖ਼ਰੀ ਗੀਤ ਹੈ। ਬੜੀ ਹੀ ਖ਼ੂਬਸੂਰਤੀ ਅਤੇ ਸਮਝਦਾਰੀ ਨਾਲ ਮਨਮੋਹਨ ਦੇਸਾਈ ਨੇ ਆਪਣੀ ਸੁਪਰਹਿੱਟ ਫਿਲਮ ‘ਧਰਮਵੀਰ‘ ਲਈ ਦਿੱਤੀ ਗਈ ਇੱਕ ਵੱਡੀ ਪਾਰਟੀ ਦਾ ਦ੍ਰਿਸ਼ ਆਪਣੀ ਅਗਲੀ ਫਿਲਮ ‘ਨਸੀਬ‘ ਲਈ ਫਿਲਮਾ ਲਿਆ ਸੀ ਤੇ ਇਸ ਦ੍ਰਿਸ਼ ਵਿੱਚ ਬੌਲੀਵੁੱਡ ਦੇ ਸਭ ਤੋਂ ਮਸ਼ਹੂਰ ਸਿਤਾਰੇ ਇੱਕ ਹੀ ਥਾਂ ‘ਤੇ ਇਕੱਤਰ ਹੋਏ ਵੇਖੇ ਜਾ ਸਕਦੇ ਹਨ। ਮਨਮੋਹਨ ਦੇਸਾਈ ਸਚਮੁੱਚ ਹੀ ਅਜਿਹੇ ਅਣਹੋਣੇ ਕਾਰਨਾਮੇ ਕਰ ਜਾਣ ਵਾਲਾ ਫਿਲਮਸਾਜ਼ ਸੀ। ਆਪਣੀ ਉਮਰ ਦੇ ਪਿਛਲੇ ਵਰਿ੍ਹਆਂ ਵਿੱਚ ਆ ਕੇ ਉਸ ਨੇ 1989 ਵਿੱਚ ਅਮਿਤਾਭ ਬੱਚਨ ਨੂੰ ਬਤੌਰ ਹੀਰੋ ਲੈ ਕੇ ਫਿਲਮ ‘ਤੂਫ਼ਾਨ‘ ਅਤੇ 1990 ਵਿੱਚ ‘ਅਨਮੋਲ‘ ਦਾ ਨਿਰਮਾਣ ਕੀਤਾ ਸੀ ਜੋ ਕਿ ਔਸਤ ਸਫਲਤਾ ਹੀ ਹਾਸਲ ਕਰ ਪਾਈਆਂ ਸਨ। ਅਖ਼ੀਰ 1 ਮਾਰਚ, 1994 ਨੂੰ ਇਹ ਮਹਾਨ ਫਿਲਮਸਾਜ਼ ਸਦਾ ਲਈ ਤੁਰ ਗਿਆ। ਆਪਣੀਆਂ ਫਿਲਮਾਂ ਦੇ ਜਾਨਦਾਰ ਸੰਗੀਤ, ਸ਼ਾਨਦਾਰ ਨਿਰਦੇਸ਼ਨ, ਦਿਲਚਸਪ ਕਹਾਣੀ-ਪਟਕਥਾ ਅਤੇ ਮਨਮੋਹਕ ਸੰਵਾਦਾਂ ਲਈ ਉਸ ਨੂੰ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ।