ਕੈਨੇਡਾ ਵਿਜ਼ਟਰ ਵੀਜ਼ੇ ’ਤੇ ਆਉਣ ਵਾਲੇ ਵਾਪਸ ਜਾਣ ਤੋਂ ਇਨਕਾਰੀ

0
6

ਵਿਨੀਪੈਗ-ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਵਿਚ ਢਿੱਲ ਦੇਣੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਸੰਭਾਵਿਤ ਤੌਰ ‘ਤੇ ਮਹਿੰਗੀ ਪਈ ਹੈ ਅਤੇ ਹੁਣ ਇਸ ਦੇ ਅਣਕਿਆਸੇ ਸਿੱਟੇ ਸਾਹਮਣੇ ਆ ਰਹੇ ਹਨ। ‘ਟੋਰਾਂਟੋ ਸਟਾਰ‘ ਵੱਲੋਂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 1,52,400 ਜਣਿਆਂ ਵਿਚੋਂ 19,400 ਨੇ ਕੈਨੇਡਾ ਵਿੱਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ। ਸਾਲ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 58,378 ਨੇ ਮੁਲਕ ਵਿੱਚ ਪਨਾਹ ਮੰਗੀ। ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ ਇਸ ਅੰਕੜੇ ਵਿੱਚ ਕੌਮਾਂਤਰੀ ਵਿਦਿਆਰਥੀ, ਵਿਦੇਸ਼ੀ ਕਾਮੇ ਅਤੇ ਅਮਰੀਕਾ ਰਾਹੀਂ ਦਾਖਲ ਹੋਏ ਗ਼ੈਰਕਾਨੂੰਨੀ ਪਰਵਾਸੀ ਵੀ ਸ਼ਾਮਲ ਸਨ ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਾ ‘ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ। ਰਿਪੋਰਟ ਮੁਤਾਬਕ ਕੈਨੇਡਾ ਵਿੱਚ 2023 ਦੌਰਾਨ ਇੱਕ ਲੱਖ 38 ਹਜ਼ਾਰ ਰਫ਼ਿਊਜੀ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿੱਚ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫ਼ੀਸਦੀ ਬਣਦੇ ਹਨ। ਇਹ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਫ਼ਿਊਜੀ ਕਲੇਮ ਦਾਇਰ ਕਰਨਗੇ। ਸਿਰਫ਼ ਇੱਥੇ ਹੀ ਬੱਸ ਨਹੀਂ ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ‘ਤੇ ਇੱਥੇ ਰਹਿਣਾ ਚਾਹੁੰਦੇ ਹਨ। ਕੈਨੇਡੀਅਨ ਐਸੋਸੀਏਸ਼ਨ ਆਫ਼ ਰਫ਼ਿਊਜੀ ਲਾਅਇਰਜ਼ ਦੇ ਬੁਲਾਰੇ ਅਤੇ ਇਮੀਗ੍ਰੇਸ਼ਨ ਵਕੀਲ ਐਡਮ ਸੈਡਿੰਸਕੀ ਨੇ ਕਿਹਾ ਅਸਲੀਅਤ ਇਹ ਹੈ ਕਿ ਜਦੋਂ ਲੋਕ ਕਰੋਨਾ ਕਾਲ ਦੌਰਾਨ ਆਵਾਜਾਈ ਕਰਨ ਤੋਂ ਅਸਮਰਥ ਸਨ ਤਾਂ ਉਨ੍ਹਾਂ ਨੂੰ ਆਪਣੇ ਜੱਦੀ ਮੁਲਕ ਵਿੱਚ ਵਧੀਕੀਆਂ ਸਹਿਣੀਆਂ ਪਈਆਂ। ਆਖ਼ਰਕਾਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੈਨੇਡਾ ਵਿੱਚ ਆ ਕੇ ਪਨਾਹ ਮੰਗ ਲਈ। ਇਸ ਵੇਲੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ 11 ਲੱਖ 44 ਹਜ਼ਾਰ ਅਰਜ਼ੀਆਂ ਬਕਾਇਆ ਹਨ ਅਤੇ ਇਹ ਅੰਕੜਾ ਫਰਵਰੀ 2023 ਦੇ ਮੁਕਾਬਲੇ 64 ਫ਼ੀਸਦੀ ਹੇਠਾਂ ਆਇਆ ਹੈ।