ਜੱਗਾ ਸਿੰਘ ਆਦਮਕੇ

0
10

ਖੇਤੀਬਾੜੀ ਮੁੱਢ ਕਦੀਮ ਤੋਂ ਮਨੁੱਖੀ ਖੁਰਾਕ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ ਰਹੀ ਹੈ। ਜਿਵੇਂ ਜਿਵੇਂ ਮਨੁੱਖ ਵਿਕਸਤ ਹੁੰਦਾ ਗਿਆ, ਉਵੇਂ ਉਵੇਂ ਮਨੁੱਖ ਦੀ ਖੇਤੀਬਾੜੀ ‘ਤੇ ਨਿਰਭਰਤਾ ਵਧਦੀ ਗਈ। ਜਿੱਥੇ ਪਹਿਲਾਂ ਇਸ ਦਾ ਉਦੇਸ਼ ਮਨੁੱਖੀ ਭੋਜਨ ਦੀਆਂ ਲੋੜਾਂ ਦੀ ਪੂਰਤੀ ਕਰਨਾ ਸੀ, ਉੱਥੇ ਸਮੇਂ ਨਾਲ ਇਹ ਉਸ ਦੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਦਾ ਹਿੱਸਾ ਬਣਦੀ ਗਈ। ਅਜਿਹਾ ਹੋਣ ਕਾਰਨ ਬਹੁਤ ਸਾਰੀਆਂ ਫ਼ਸਲਾਂ ਦਾ ਮਨੁੱਖੀ ਜੀਵਨ ਵਿੱਚ ਬਹੁਪੱਖੀ ਮਹੱਤਵ ਹੋਣ ਕਾਰਨ ਇਹ ਪੰਜਾਬੀ ਸੱਭਿਆਚਾਰ ਵਿੱਚ ਵੀ ਵਿਸ਼ੇਸ਼ ਪਛਾਣ ਰੱਖਦੀਆਂ ਹਨ। ਇਹ ਫ਼ਸਲਾਂ ਪੰਜਾਬੀ ਲੋਕ ਗੀਤਾਂ, ਟੱਪਿਆਂ, ਬੋਲੀਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਚਿਤਰੀਆਂ ਮਿਲਦੀਆਂ ਹਨ। ਪੰਜਾਬ ਵਿੱਚ ਹੁੰਦੀਆਂ ਇਨ੍ਹਾਂ ਫ਼ਸਲਾਂ ਵਿੱਚੋਂ ਕਣਕ ਪ੍ਰਮੁੱਖ ਹੈ।
ਕਣਕ ਪੰਜਾਬੀਆਂ ਦੀ ਖੁਰਾਕ ਦਾ ਹਿੱਸਾ ਹੋਣ ਦੇ ਨਾਲ ਨਾਲ ਬਹੁਪੱਖੀ ਮਹੱਤਵ ਦੀ ਧਾਰਨੀ ਹੈ। ਕਣਕ ਕਿੱਥੋਂ ਦੀ ਮੂਲ ਫ਼ਸਲ ਹੈ, ਇਹ ਅਜੇ ਵੀ ਬੁਝਾਰਤ ਹੈ। ਇਸ ਸਬੰਧੀ ਵੱਖ ਵੱਖ ਤਰ੍ਹਾਂ ਦੀਆਂ ਦੰਦ ਕਥਾਵਾਂ ਪ੍ਰਸਿੱਧ ਹਨ ਪ੍ਰੰਤੂ ਇਸ ਦਾ ਇਤਿਹਾਸ ਕਾਫ਼ੀ ਪੁਰਾਤਨ ਹੈ। ਵੱਖ ਵੱਖ ਪੁਰਾਤਨ ਸੱਭਿਆਤਾਵਾਂ ਦੇ ਮਿਲੇ ਅਵਸ਼ੇਸ਼ਾਂ ਵਿੱਚੋਂ ਕਣਕ ਦੀ ਫ਼ਸਲ ਦੀ ਪੈਦਾਵਾਰ ਕਰਨ ਸਬੰਧੀ ਜਾਣਕਾਰੀਆਂ ਮਿਲਦੀਆਂ ਹਨ। ਅਸਲ ਵਿੱਚ ਆਰੰਭ ਵਿੱਚ ਹੋਰਨਾਂ ਫ਼ਸਲਾਂ ਵਾਂਗ ਇਹ ਵੀ ਇੱਕ ਜੰਗਲੀ ਘਾਹ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਮਿਸਰ ਦੇ ਲੋਕ ਕਣਕ ਸਬੰਧੀ ਜਾਣਕਾਰੀ ਰੱਖਦੇ ਸਨ। ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਦੇ ਕਣਕ ਤੋਂ ਵਾਕਿਫ਼ ਹੋਣ ਸਬੰਧੀ ਪ੍ਰਮਾਣ ਮਿਲਦੇ ਹਨ। ਮੰਨਿਆ ਜਾਂਦਾ ਹੈ ਕਿ ਏਸ਼ੀਆ ਖਿੱਤੇ ਵਿੱਚ ਸਭ ਤੋਂ ਪਹਿਲਾਂ ਚੀਨ ਵਿੱਚ ਕਣਕ ਦੀ ਪੈਦਾਵਾਰ ਕੀਤੀ ਜਾਣ ਲੱਗੀ ਅਤੇ ਫਿਰ ਇਹ ਪੰਜਾਬ ਸਮੇਤ ਏਸ਼ੀਆ ਦੇ ਦੂਸਰੇ ਖਿੱਤਿਆਂ ਵਿੱਚ ਪੈਦਾ ਕੀਤੀ ਜਾਣ ਲੱਗੀ।
ਕਣਕ ਪੰਜਾਬ ਦੀ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਹੋਣ ਕਾਰਨ ਇਸ ਦਾ ਬਹੁਪੱਖੀ ਮਹੱਤਵ ਹੈ। ਅਜਿਹਾ ਹੋਣ ਕਾਰਨ ਪੰਜਾਬੀ ਕਿਸਾਨੀ ਦੇ ਬਹੁਤ ਸਾਰੇ ਪੱਖ ਕਣਕ ਦੇ ਆਸ ਪਾਸ ਘੁੰਮਦੇ ਹਨ। ਫ਼ਸਲਾਂ ਨਾਲ ਕਿਸਾਨ ਦਾ ਮੋਹ ਜਿਹਾ ਹੋਣਾ ਲਾਜ਼ਮੀ ਹੈ। ਅਜਿਹਾ ਹੋਣ ਕਾਰਨ ਉਸ ਨੂੰ ਫ਼ਸਲਾਂ ਵਿੱਚ ਜੀਵਨ, ਸਰੀਰਕ ਵਿਕਾਸ ਅਤੇ ਉਨ੍ਹਾਂ ‘ਤੇ ਜਵਾਨੀ ਆਉਂਦੀ ਪ੍ਰਤੀਤ ਹੁੰਦੀ ਹੈ। ਕਣਕ ਰਾਹੀਂ ਅਜਿਹੇ ਪੱਖ ਨੂੰ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਪ੍ਰਗਟ ਕੀਤਾ ਮਿਲਦਾ ਹੈ:
ਗੱਭਰੂ ਹੋ ਗਈਆਂ ਕਣਕਾਂ, ਵੱਖਰੀ ਜੌਂ ‘ਤੇ ਜਵਾਨੀ ਆਈ।
ਕਣਕ ਦਾ ਪੰਜਾਬੀ ਕਿਸਾਨੀ ਜੀਵਨ ਵਿੱਚ ਮਹੱਤਵ ਹੋਣ ਕਾਰਨ ਇਹ ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪੱਖਾਂ ਦੀ ਤਰਜਮਾਨੀ ਕਰਦੀ ਹੈ। ਉਸ ਦੇ ਦੁੱਖਾਂ ਸੁੱਖਾਂ ਦੇ ਪ੍ਰਗਟਾਵੇ ਦਾ ਜ਼ਰੀਆ ਬਣਦੀ ਹੈ। ਅਜਿਹਾ ਕੁਝ ਹੀ ਆਪਣੇ ਕਿਸੇ ਪਿਆਰੇ ਦੇ ਦੂਰ ਜਾਣ ਦੇ ਦਰਦ ਨੂੰ ਕਣਕਾਂ ਰਾਹੀਂ ਪ੍ਰਗਟ ਕੀਤਾ ਮਿਲਦਾ ਹੈ:
ਐਧਰ ਕਣਕਾਂ ਓਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ
ਛੱਡ ਆਈਆਂ ਬਹਾਰਾਂ ਨੂੰ, ਚੰਦਰਾ ਮੈਥੋਂ ਬੜੇ ਦੂਰ ਗਿਆ।
ਕਣਕ ਤੇ ਛੋਲੇ ਪੰਜਾਬ ਦੀ ਹਾੜ੍ਹੀ ਦੀਆਂ ਪ੍ਰਮੁੱਖ ਫ਼ਸਲਾਂ ਹਨ। ਇਨ੍ਹਾਂ ਦੇ ਨਿਸਰਨ ਭਾਵ ਦਾਣਿਆਂ ਲਈ ਬੱਲੀਆਂ ਅਤੇ ਟਾਟਾਂ ਬਣਨ ਦੀ ਪ੍ਰਕਿਰਿਆ ਦੇ ਹੌਲੀ ਹੌਲੀ ਵਾਪਰਨ ਵਾਂਗ ਲੜਕੀਆਂ/ ਧੀਆਂ ਦੇ ਆਪਣੇ ਪੇਕੇ ਘਰ ਨੂੰ ਹੌਲੀ ਹੌਲੀ ਭੁੱਲਣ ਸਬੰਧੀ ਕਣਕ ਤੇ ਛੋਲਿਆਂ ਦੇ ਨਿਸਰਨ ਰਾਹੀਂ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ :
ਕਣਕ ਤੇ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰੇਗਾ
ਬਾਬਲ ਦਾ ਵਿਹੜਾ ਹੌਲੀ ਹੌਲੀ ਵਿਸਰੇਗਾ।
ਬਾਬਲ ਧਰਮੀ ਦਾ ਦੇਸ਼
ਹੌਲੀ ਹੌਲੀ ਵਿਸਰੇਗਾ।
ਕੁਝ ਇਸੇ ਤਰ੍ਹਾਂ ਹੀ ਕਣਕਾਂ ਦੇ ਨਿਸਰਨ ਰਾਹੀਂ ਟੱਪਿਆਂ, ਬੋਲੀਆਂ ਵਿੱਚ ਮਾਵਾਂ ਨੂੰ ਧੀਆਂ ਦੇ ਵਿਸਰਨ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:
ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ
ਕਣਕਾਂ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ।
ਲੋਕ ਸਿਆਣਪਾਂ ਮਨੁੱਖੀ ਤਜਰਬਿਆਂ ਦਾ ਨਿਚੋੜ ਹਨ। ਵੱਖ ਵੱਖ ਪੱਖਾਂ ਦੇ ਨਾਲ ਨਾਲ ਖੇਤੀਬਾੜੀ ਸਬੰਧੀ ਕਾਫ਼ੀ ਕੁਝ ਇਨ੍ਹਾਂ ਲੋਕ ਸਿਆਣਪਾਂ ਦਾ ਹਿੱਸਾ ਹੈ। ਕੁਝ ਇਸ ਤਰ੍ਹਾਂ ਹੀ ਲੋਕ ਸਿਆਣਪਾਂ ਵਿੱਚ ਕਣਕ ਵਰਗੀਆਂ ਫ਼ਸਲਾਂ ਵਿੱਚ ਰੂੜੀ ਦੀ ਖਾਦ ਦੇ ਉਪਯੋਗ ਕਰਨ ਦੇ ਮਹੱਤਵ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:
ਕਣਕ, ਕਪਾਹੀ, ਕਮਾਦੀ, ਮੱਕੀ ਖੇਤੀ ਕੁੱਲ
ਰੂੜੀ ਬਾਂਝ ਨਾ ਹੁੰਦੀਆਂ, ਕਿਤੇ ਨਾ ਜਾਈਂ ਭੁੱਲ।
ਵਿਸ਼ਵ ਦੇ ਦੂਸਰੇ ਹਿੱਸਿਆਂ ਦੇ ਲੋਕਾਂ ਦੇ ਨਾਲ ਨਾਲ ਕਣਕ ਪੰਜਾਬੀਆਂ ਦੀ ਖੁਰਾਕ ਦਾ ਵੀ ਪ੍ਰਮੁੱਖ ਹਿੱਸਾ ਹੈ। ਕਣਕ ਦੀ ਫ਼ਸਲ ਦੇ ਉਪਯੋਗ ਸਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਪੁਰਾਣੀ ਹੋਣ ਦੇ ਨਾਲ ਵਧੇਰੇ ਗੁਣਕਾਰੀ ਅਤੇ ਖੁਰਾਕੀ ਪੱਖ ਤੋਂ ਵਧੇਰੇ ਉਪਯੋਗੀ ਹੋ ਜਾਂਦੀ ਹੈ। ਕਣਕ ਦੇ ਅਜਿਹੇ ਪੱਖ ਸਬੰਧੀ ਪੰਜਾਬੀ ਲੋਕ ਸਿਆਣਪਾਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:
ਕਣਕ ਪੁਰਾਣੀ, ਘਿਓ ਨਵਾਂ, ਘਰ ਸਤਵੰਤੀ ਨਾਰ
ਘੋੜਾ ਹੋਵੇ ਚੜ੍ਹਨ ਨੂੰ, ਸੁਖੀ ਹੋਵੇ ਸੰਸਾਰ।
ਪੰਜਾਬੀ ਲੋਕ ਕਹਾਵਤਾਂ, ਅਖਾਣਾਂ, ਮੁਹਾਵਰਿਆਂ, ਲੋਕ ਸਿਆਣਪਾਂ ਵਿੱਚ ਵੱਖ ਵੱਖ ਫ਼ਸਲਾਂ ਨੂੰ ਵੱਖ ਵੱਖ ਰੂਪਾਂ ਵਿੱਚ ਚਿਤਰਿਆ ਮਿਲਦਾ ਹੈ। ਕੁਝ ਇਸੇ ਤਰ੍ਹਾਂ ਹੀ ਜੇਕਰ ਕੋਈ ਬਿਨਾਂ ਕਿਸੇ ਸੰਭਾਵਨਾ, ਤਿਆਰੀ, ਹਾਲਾਤ ਦੇ ਕਿਸੇ ਵਰਤਾਰੇ ਦੇ ਵਾਪਰਨ ਦੀ ਗੱਲ ਕਰੇ ਤਾਂ ਇਸ ਤਰ੍ਹਾਂ ਦੇ ਵਰਤਾਰੇ ਸਬੰਧੀ ਕਣਕ ਰਾਹੀਂ ਇਸ ਤਰ੍ਹਾਂ ਕਿਹਾ ਮਿਲਦਾ ਹੈ :
ਕਣਕ ਖੇਤ, ਕੁੜੀ ਪੇਟ ਆ ਜਵਾਈ ਮੰਡੇ ਖਾ।
ਕਣਕ ਦੀ ਫ਼ਸਲ ਪੰਜਾਬੀ ਕਿਸਾਨਾਂ ਦੀ ਆਰਥਿਕਤਾ ਦਾ ਮੁੱਖ ਸਰੋਤ ਰਹੀ ਹੈ। ਕਿਸਾਨੀ ਦੀ ਮਾੜੀ ਆਰਥਿਕਤਾ ਅਤੇ ਖੇਤੀ ਆਧਾਰਿਤ ਦੂਸਰੇ ਕਿੱਤਿਆਂ ਦੀ ਸਫਲਤਾ ਨੂੰ ਕਣਕ ਰਾਹੀਂ ਸ਼ਾਇਰ ਸੰਤ ਰਾਮ ਉਦਾਸੀ ਕੁਝ ਇਸ ਤਰ੍ਹਾਂ ਵਿਅਕਤ ਕਰਦਾ ਹੈ :
ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ
ਨੀਂ ਮੇਰੀਏ ਜਵਾਨ ਕਣਕੇ
ਕੱਲ੍ਹ ਸ਼ਾਹਾਂ ਦੇ ਗੁਦਾਮ ਵਿੱਚੋਂ ਨਿਕਲੇਂ
ਤੂੰ ਸੋਨੇ ਦਾ ਪਟੋਲਾ ਬਣਕੇ
ਕਣਕ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਹੋਣ ਕਾਰਨ ਪੰਜਾਬੀ ਕਿਸਾਨੀ ਦੀ ਆਰਥਿਕਤਾ ਦਾ ਪ੍ਰਮੁੱਖ ਧੁਰਾ ਰਹੀ ਹੈ। ਪੰਜਾਬੀਆਂ ਦੀਆਂ ਬਹੁਤ ਸਾਰੀਆਂ ਗੌ ਗਰਜ਼ਾਂ ਕਣਕ ਦੀ ਫ਼ਸਲ ‘ਤੇ ਨਿਰਭਰ ਹੁੰਦੀਆਂ ਸਨ ਪ੍ਰੰਤੂ ਕਿਸੇ ਕਿਸਾਨ ਵੱਲੋਂ ਕਣਕ ਦਾ ਸਾਰਾ ਬੋਹਲ ਵੇਚਣ ਦੇ ਬਾਵਜੂਦ ਖਾਲੀ ਰਹਿਣ ਦੇ ਵਰਤਾਰੇ ਦਾ ਵਰਣਨ ਵੀ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ :
ਬੋਹਲ ਸਾਰਾ ਵੇਚਿਆ ਗਿਆ
ਛਿੱਲੜਾ ਇੱਕ ਹੱਥ ਨਾ ਆਇਆ।
ਕਿਸਾਨਾਂ ਦੀ ਆਰਥਿਕਤਾ ਦਾ ਮੁੱਖ ਸਰੋਤ ਫ਼ਸਲਾਂ ਹੁੰਦੀਆਂ ਹਨ। ਸਾਰੇ ਖ਼ਰਚੇ ਉਨ੍ਹਾਂ ‘ਤੇ ਨਿਰਭਰ ਹੁੰਦੇ ਹਨ। ਉਨ੍ਹਾਂ ‘ਤੇ ਪਈਆਂ ਵੱਖ ਵੱਖ ਤਰ੍ਹਾਂ ਦੀਆਂ ਮਾਰਾਂ ਨੂੰ ਵੀ ਆਰਥਿਕ ਰੂਪ ਵਿੱਚ ਫ਼ਸਲਾਂ ਹੀ ਸਹਿਣ ਕਰਦੀਆਂ ਹਨ। ਕਿਸਾਨਾਂ ਦੇ ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ :
ਕਣਕ ਤੇਰੀ ਵਕੀਲਾਂ ਖਾਧੀ
ਸਾਉਣੀ ਤੇਰੀ ‘ਤੇ ਕਬਜ਼ਾ ਸ਼ਾਹਾਂ ਦਾ।
ਕਣਕ ਪੰਜਾਬੀਆਂ ਦੀ ਖੁਰਾਕ ਦਾ ਪ੍ਰਮੁੱਖ ਸਰੋਤ ਹੈ। ਇਹ ਅਨੇਕਾਂ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪੰਜਾਬੀ ਘਰਾਂ ਵਿੱਚ ਹੋਰ ਬਹੁਤ ਸਾਰੇ ਪਕਵਾਨਾਂ ਦੇ ਨਾਲ ਨਾਲ ਰੋਟੀਆਂ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਕਣਕ ਦੇ ਅਜਿਹੇ ਖੁਰਾਕੀ ਪੱਖ ਨੂੰ ਲੋਕ ਕਾਵਿ ਰੂਪਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ :
ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਉਂਨੀ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿੱਤ ਕਰੂ ਮੁਕਲਾਵੇ ਜਾਵਾਂਗੇ।
ਕਦੇ ਪੰਜਾਬ ਵਿੱਚ ਕਣਕ ਦਾ ਉਤਪਾਦਨ ਘੱਟ ਹੋਣ ਕਾਰਨ ਕਣਕ ਦੀ ਰੋਟੀ ਦੀ ਥਾਂ ਦੂਸਰੇ ਅਨਾਜਾਂ ਦੀ ਵਰਤੋਂ ਰੋਟੀ ਬਣਾਉਣ ਲਈ ਕੀਤੀ ਜਾਂਦੀ ਸੀ। ਮਾਲਵੇ ਵਿੱਚ ਇਸ ਲਈ ਆਮ ਕਰਕੇ ‘ਬੇਰੜੇ‘ ਜਾਂ ਸਰਦੀ ਵਿੱਚ ਬਾਜਰੇ ਦੀ ਵਰਤੋਂ ਕੀਤੀ ਜਾਂਦੀ ਹੈ। ਕਣਕ ਦੀਆਂ ਰੋਟੀਆਂ ਕੁਝ ਖ਼ਾਸ ਲੋਕਾਂ ਨੂੰ ਵਿਸ਼ੇਸ਼ ਮੌਕਿਆਂ ‘ਤੇ ਦਿੱਤੀਆਂ ਜਾਂਦੀਆਂ ਸਨ। ਕਣਕ ਦੇ ਅਜਿਹੇ ਪੱਖ ਨੂੰ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਪ੍ਰਗਟਾਇਆ ਮਿਲਦਾ ਹੈ :
ਅਸੀਂ ਯਾਰ ਦੀ ਤਰੀਕੇ ਜਾਣਾ ਕਣਕ ਦੇ ਲਾਹਦੇ ਫੁਲਕੇ।
ਕਣਕ ਦੇ ਵਿਸ਼ੇਸ਼ ਮਹੱਤਵ ਕਾਰਨ ਲੋਕ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਕੁਝ ਅਜਿਹਾ ਹੋਣ ਕਾਰਨ ਹੀ ਲੋਰੀਆਂ ਵਿੱਚ ਕਣਕ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀਆਂ ਕੱਤੇਗੀ
ਬਾਵੀ ਮੰਡੇ ਪਕਾਵੇਗੀ, ਬਾਵੀ ਬਹਿ ਕੇ ਖਾਵੇਗੀ
ਰੋਟੀਆਂ ਬਣਾਉਣਾ ਸੁਆਣੀਆਂ ਦੇ ਘਰੇਲੂ ਕੰਮ ਕਾਰ ਦਾ ਹਿੱਸਾ ਹੈ। ਸ਼ੌਂਕ ਨਾਲ ਤਿਆਰ ਕੀਤੀਆਂ ਜਾਂਦੀਆਂ ਕਣਕ ਦੀਆਂ ਹਲਕੀਆਂ ਫੁਲਕੀਆਂ ਰੋਟੀਆਂ ਨੂੰ ਫੁਲਕੇ ਕਿਹਾ ਜਾਂਦਾ ਹੈ। ਅਜਿਹਾ ਹੋਣ ਕਾਰਨ ਲੋਕ ਬੋਲੀਆਂ ਵਿੱਚ ਇਸ ਪੱਖ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਅਰਬੀ ਅਰਬੀ ਅਰਬੀ
ਬਈ ਵਹੁਟੀ ਨੌਕਰ ਦੀ
ਪਾਣੀ ਖੂਹ ਤੋਂ ਭਰਦੀ
ਫਾਰਮ ਕਣਕ ਦੀਆਂ ਲਾਹੁੰਦੀ ਫੁਲਕੇ
ਦਾਲ ਕੱਦੂ ਦੀ ਧਰਦੀ।
ਸਿੱਠਣੀਆਂ ਵਿਆਹ ਸਮੇਂ ਗਾਏ ਜਾਣ ਵਾਲੇ ਗੀਤ ਹਨ। ਇਨ੍ਹਾਂ ਵਿੱਚ ਕਾਫ਼ੀ ਕੁਝ ਪ੍ਰਤੀਕਾਤਮਕ ਰੂਪ ਵਿੱਚ ਵਿਅਕਤ ਕੀਤਾ ਮਿਲਦਾ ਹੈ। ਲਾੜੇ ਨੂੰ ਦਿੱਤੀਆਂ ਜਾਂਦੀਆਂ ਸਿੱਠਣੀਆਂ ਵਿੱਚ ਕਣਕ ਰਾਹੀਂ ਕੁਝ ਇਸ ਤਰ੍ਹਾਂ ਵੀ ਕਿਹਾ ਮਿਲਦਾ ਹੈ:
ਲਾੜੇ ਦੀ ਭੈਣ ਦੀ ਕਣਕ, ਹੁਲਾਰੇ ਆਈ
ਕਣਕ ਹੋਈ ਮਣ ਚਾਰ
ਹਾਲਾ ਮੰਗਦੀ ਸਰਕਾਰ
ਬਈ ਕਣਕ ਹੁਲਾਰੇ ਆਈ।
ਕਣਕ ਸਰਦੀ ਦੇ ਮੌਸਮ ਦੀ ਫ਼ਸਲ ਹੈ। ਚੇਤ ਮਹੀਨੇ ਦੇ ਕੁਝ ਗਰਮ ਹੋਏ ਦਿਨਾਂ ਵਿੱਚ ਇਸ ਦਾ ਰੰਗ ਸੁਨਹਿਰੀ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਸਾਖ ਮਹੀਨੇ ਦੇ ਆਰੰਭ ਵਿੱਚ ਇਸ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਕਣਕ ਦੇ ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਤੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਚੜਿ੍ਹਆ ਵਿਸਾਖ
ਕਣਕਾਂ ਵੀ ਪੱਕੀਆਂ
ਛੋਲੇ ਹੋਏ ਗਰੜ ਬਰੜੇ
ਕਣਕ ਦੀ ਬੱਲੀ ਵਿੱਚ ਦਾਣੇ ਪਣਪਣ ਤੋਂ ਲੈ ਕੇ ਪੱਕਣ ਤੱਕ ਦੀ ਪ੍ਰਕਿਰਿਆ ਹੁੰਦੀ ਹੈ। ਇਸ ਦੇ ਨਾਲ ਨਾਲ ਇਸ ਦੀ ਵਿਸ਼ੇਸ਼ ਬਣਤਰ ਵੀ ਆਕਰਸ਼ਿਤ ਕਰਨ ਵਾਲੀ ਹੁੰਦੀ ਹੈ। ਅਜਿਹਾ ਹੋਣ ਕਾਰਨ ਇਸ ਦੀ ਵਰਤੋਂ ਪ੍ਰਤੀਕਾਤਮਕ ਰੂਪ ਵਿੱਚ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:
ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲੇ।
ਕਣਕ ਦੀਆਂ ਬੱਲੀਆਂ ਰਾਹੀਂ ਆਪਣੇ ਮਹਿਰਮ ਦੇ ਆਉਣ ਦੀ ਦੇਰੀ ਦਾ ਉਲਾਂਭਾ ਕੁਝ ਇਸ ਤਰ੍ਹਾਂ ਦਿੱਤਾ ਗਿਆ ਮਿਲਦਾ ਹੈ :
ਵੇ ਹਾਣੀਆਂ, ਕਣਕਾਂ ਨੂੰ ਲੱਗੀਆਂ ਗਿੱਠ ਗਿੱਠ
ਲੰਬੀਆਂ ਬੱਲੀਆਂ
ਦਿਲ ਦੇ ਮਹਿਰਮਾ, ਤੇਰੇ ਆਉਣ ਦੀਆਂ
ਇਹ ਤਰੀਖਾਂ ਇਹ ਵੀ ਲੰਘ ਚੱਲੀਆਂ।
ਕਣਕ ਕਿਸਾਨਾਂ ਦੀ ਆਰਥਿਕਤਾ ਦਾ ਪ੍ਰਮੁੱਖ ਸਰੋਤ ਹੋਣ ਕਾਰਨ ਕਣਕ ਦੇ ਆਉਣ ‘ਤੇ ਕਿਸਾਨਾਂ ਵਿੱਚ ਹੌਸਲਾ ਆਉਣਾ ਲਾਜ਼ਮੀ ਹੈ। ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ :
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿੱਸਰ ਗਈਆਂ
ਅਜੋਕੇ ਖੇਤੀਬਾੜੀ ਨਾਲ ਸਬੰਧਤ ਆਧੁਨਿਕ ਸਾਧਨਾਂ ਦੀ ਅਣਹੋਂਦ ਸਮੇਂ ਘਰ ਦੀਆਂ ਸੁਆਣੀਆਂ ਸਮੇਤ ਘਰ ਦੇ ਸਾਰੇ ਮੈਂਬਰ ਖੇਤੀਬਾੜੀ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਉਂਦੇ ਸਨ। ਇਸ ਸਮੇਂ ਗਰਮੀ ਵਧਣ ਕਾਰਨ ਕਣਕ ਦੀ ਫ਼ਸਲ ਦੇ ਪੌਦਿਆਂ ਦੇ ਜਲਦੀ ਸੁੱਕ ਕੇ ਇਸ ਦੀਆਂ ਬੱਲੀਆਂ ਦੇ ਜਲਦੀ ਝੜਨ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹਾ ਹੋਣ ਕਾਰਨ ਵਾਢੀ ਵਿੱਚ ਸਹਿਯੋਗ ਲਈ ਕਿਸੇ ਔਰਤ ਵੱਲੋਂ ਮਰਦ ਮੈਂਬਰ ਦੇ ਬਰਾਬਰ ਹਾੜ੍ਹੀ ਵੱਢਣ ਦੀ ਗੱਲ ਕੀਤੀ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦੀ ਹੈ :
ਦਾਤੀ ਨੂੰ ਲਵਾ ਦੇ ਘੁੰਗਰੂ
ਹਾੜ੍ਹੀ ਵੱਢੂੰਗੀ ਬਰੋਬਰ ਤੇਰੇ।
ਹਾੜ੍ਹੀ ਵੱਢਣ ਦੇ ਦਿਨਾਂ ਵਿੱਚ ਗਰਮੀ ਹੋ ਜਾਂਦੀ ਹੈ। ਨਾਲ ਦੀ ਨਾਲ ਕਣਕ ਦੀ ਵਾਢੀ ਸਖ਼ਤ ਮਿਹਨਤ ਵਾਲਾ ਕੰਮ ਹੈ। ਅਜਿਹਾ ਹੋਣ ਕਾਰਨ ਵਾਢੀ ਕਰਦਿਆਂ ਦੇ ਪਸੀਨਾ ਆਉਣਾ ਵੀ ਆਮ ਜਿਹੀ ਗੱਲ ਹੈ। ਟੱਪਿਆਂ ਵਿੱਚ ਕਣਕ ਦੀ ਵਾਢੀ ਨਾਲ ਸਬੰਧਤ ਅਜਿਹੇ ਪੱਖ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਵਾਢੀ ਕਰਦੀ ਬਰੋਬਰ ਤੇਰੇ
ਮੱਥੇ ਤੋਂ ਚੋਵੇ ਮੁੜਕਾ।
ਇਸ ਤਰ੍ਹਾਂ ਕਣਕ ਪੰਜਾਬ ਦੀ ਪ੍ਰਮੁੱਖ ਫ਼ਸਲ ਹੋਣ ਦੇ ਨਾਲ ਨਾਲ ਮੁੱਖ ਖੁਰਾਕੀ ਪਦਾਰਥ ਹੈ। ਇਕੱਲਾ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਪੱਧਰ ‘ਤੇ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਲਈ ਕਣਕ ਮੱਕੀ ਤੋਂ ਬਾਅਦ ਦੂਸਰੀ ਸਭ ਤੋਂ ਵੱਧ ਪੈਦਾ ਕੀਤੀ ਜਾਣ ਵਾਲੀ ਫ਼ਸਲ ਹੈ। ਇਹ ਬਹੁਤ ਸਾਰੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਦੂਸਰੇ ਸੂਖਮ ਖੁਰਾਕੀ ਖਣਿਜ ਪਦਾਰਥ ਮੌਜੂਦ ਹੁੰਦੇ ਹਨ। ਕਣਕ ਦੇ ਬਹੁਪੱਖੀ ਮਹੱਤਵ ਕਾਰਨ ਇਹ ਲੋਕ ਸਾਹਿਤ ਅਤੇ ਸੱਭਿਆਚਾਰ ਵਿੱਚ ਵੀ ਵਿਸ਼ੇਸ਼ ਪਛਾਣ ਰੱਖਦੀ ਹੈ।