ਕੈਨੇਡਾ ’ਚ 24 ਸਾਲਾ ਭਾਰਤੀ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ, ਕਾਰ ‘ਚੋਂ ਮਿਲੀ ਲਾਸ਼; ਕੁਝ ਦੇਰ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ

0
11

ਓਟਾਵਾ : ਕੈਨੇਡਾ ਦੇ ਵੈਨਕੂਵਰ ’ਚ 24 ਸਾਲਾ ਭਾਰਤੀ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵੈਨਕੂਵਰ ਪੁਲਿਸ ਨੇ ਕਿਹਾ ਕਿ ਚਿਰਾਗ ਅੰਤਿਲ (Chirag Antil) ਆਪਣੀ ਕਾਰ ’ਚ ਮਰਿਆ ਮਿਲਿਆ। 12 ਅਪ੍ਰੈਲ ਨੂੰ ਰਾਤ 11 ਵਜੇ ਦੇ ਕਰੀਬ ਗੁਆਂਢੀਆਂ ਵੱਲੋਂ ਗੋਲ਼ੀਆਂ ਦੀ ਆਵਾਜ਼ ਸੁਣਨ ਮਗਰੋਂ ਅਧਿਕਾਰੀਆਂ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਤੇ ਜਾਂਚ ਕੀਤੀ ਜਾ ਰਹੀ ਹੈ। ਚਿਰਾਗ ਹਰਿਆਣੇ ਦੇ ਸੋਨੀਪਤ ਦਾ ਰਹਿਣ ਵਾਲਾ ਸੀ।

ਚਿਰਾਗ ਅੰਤਿਲ ਦੇ ਭਰਾ ਹਰਿਆਣਾ ਵਾਸੀ ਰੋਮਿਤ ਨੇ ਕਿਹਾ ਕਿ ਸਵੇਰੇ ਜਦੋਂ ਉਨ੍ਹਾਂ ਦੀ ਫੋਨ ’ਤੇ ਗੱਲਬਾਤ ਹੋਈ ਸੀ ਤਾਂ ਚਿਰਾਗ ਖ਼ੁਸ਼ ਲੱਗ ਰਿਹਾ ਸੀ। ਬਾਅਦ ’ਚ ਚਿਰਾਗ ਨੇ ਕਿਤੇ ਜਾਣ ਲਈ ਆਪਣੀ ਔਡੀ ਕਾਰ ਕੱਢੀ। ਉਸੇ ਸਮੇਂ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚਿਰਾਗ ਦਾ ਕਦੀ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸੀ। ਉਹ ਸਤੰਬਰ, 2022 ’ਚ ਵੈਨਕੂਵਰ ਗਿਆ ਸੀ। ਉਸ ਨੇ ਯੂਨੀਵਰਸਿਟੀ ਕੈਨੇਡਾ ਵੈਸਟ ਤੋਂ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ ਤੇ ਹਾਲ ਹੀ ’ਚ ਉਸ ਨੂੰ ਵਰਕ ਪਰਮਿਟ ਮਿਲਿਆ ਸੀ।

ਕਾਂਗਰਸ ਦੀ ਵਿਦਿਆਰਥੀ ਸ਼ਾਖਾ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਪ੍ਰਧਾਨ ਵਰੁਣ ਚੌਧਰੀ ਨੇ ‘ਐਕਸ’ ਪੋਸਟ ’ਚ ਵਿਦੇਸ਼ ਮੰਤਰਾਲੇ ਨੂੰ ਟੈਗ ਕਰਦਿਆਂ ਵਿਦਿਆਰਥੀ ਦੇ ਪਰਿਵਾਰ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ। ਚਿਰਾਗ ਦਾ ਪਰਿਵਾਰ ਉਸ ਦੀ ਦੇਹ ਨੂੰ ਭਾਰਤ ਲਿਆਉਣ ਲਈ ‘ਕ੍ਰਾਊਡਫੰਡਿੰਗ ਪਲੇਟਫਾਰਮ ਗੋ ਫੰਡ ਮੀ’ ਜ਼ਰੀਏ ਪੈਸਾ ਇਕੱਠਾ ਕਰ ਰਿਹਾ ਹੈ।