ਭਾਰਤ ਦੇ ਇਕ ਫ਼ੀਸਦੀ ਧਨਾਢਾਂ ਕੋਲ 40 ਫ਼ੀਸਦੀ ਦੌਲਤ

0
14

ਭਾਰਤ ’ਚ ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਅਮਰੀਕਾ ਤੋਂ ਵੱਧ ਆਰਥਿਕ ਨਾਬਰਾਬਰੀ

ਨਵੀਂ ਦਿੱਲੀ-ਇਕ ਕੌਮਾਂਤਰੀ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੌਮਾਂਤਰੀ ਮਾਪਦੰਡਾਂ ਦੇ ਮੁਕਾਬਲੇ ਭਾਰਤ ਵਿਚ ਆਰਥਿਕ ਨਾਬਰਾਬਰੀ ਆਪਣੇ ਸਿਖਰ ‘ਤੇ ਹੈ। ਇਹ ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਅਮਰੀਕਾ ਤੋਂ ਵੀ ਵੱਧ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022-23 ਵਿਚ ਦੇਸ਼ ਦੀ ਸਭ ਤੋਂ ਅਮੀਰ ਇਕ ਫੀਸਦ ਆਬਾਦੀ ਦੀ ਕੌਮੀ ਆਮਦਨ ਵਿਚ ਹਿੱਸੇਦਾਰੀ ਵਧ ਕੇ 22.6 ਫੀਸਦ ਹੋ ਗਈ ਹੈ। ਉਧਰ ਧਨ ਸੰਪਤੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧ ਕੇ 40.1 ਫੀਸਦ ਹੋ ਗਈ ਹੈ। ਇਹ ਅੰਕੜਾ 1922 ਮਗਰੋਂ ਦਰਜ ਸਿਖਰਲਾ ਪੱਧਰ ਹੈ। ਦਿ ਵਰਲਡ ਇਨਇਕੁਐਲਿਟੀ ਲੈਬ ਵੱਲੋਂ ਭਾਰਤ ਵਿਚ ਨਾਬਰਾਬਰੀ ਦੀ ਇਕ ਸਦੀ ਲੰਮੀ ਜਾਂਚ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ‘ਭਾਰਤ ਵਿਚ ਆਮਦਨ ਤੇ ਧਨ-ਸੰਪਤੀ ਨਾਬਰਾਬਰੀ 1922-2023: ਅਰਬਪਤੀ ਰਾਜ ਦਾ ਉਭਾਰ‘ ਸਿਰਲੇਖ ਵਾਲੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੇਸ਼ ਆਜ਼ਾਦੀ ਤੋਂ ਬਾਅਦ ਦੇ ਅਰਸੇ ਵਿਚ ਨਾਬਰਾਬਰੀ ਘਟ ਗਈ ਸੀ, ਪਰ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਹ ਵਧਣੀ ਸ਼ੁਰੂ ਹੋ ਗਈ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਅਸਮਾਨੀ ਚੜ੍ਹ ਗਈ। ਇਹ ਨਾਬਰਾਬਰੀ 2022-23 ਵਿਚ ਸਿਖਰ ‘ਤੇ ਪਹੁੰਚ ਗਈ। ਇਹ ਰਿਪੋਰਟ ਥੌਮਸ ਪਿਕੈੱਟੀ (ਪੈਰਿਸ ਸਕੂਲ ਆਫ਼ ਇਕਨਾਮਿਕਸ ਐਂਡ ਵਰਲਡ ਇਨਇਕੁਐਲਿਟੀ ਲੈਬ) ਤੇ ਨਿਤਿਨ ਕੁਮਾਰ ਭਾਰਤੀ (ਨਿਊਯਾਰਕ ਯੂਨੀਵਰਸਿਟੀ ਅਤੇ ਵਰਲਡ ਇਨਇਕੁਐਲਿਟੀ ਲੈਬ) ਵੱਲੋਂ ਤਿਆਰ ਕੀਤੀ ਗਈ ਹੈ।ਖੱਬੇ-ਪੱਖੀਆਂ ਵੱਲ ਝੁਕਾਅ ਰੱਖਣ ਵਾਲੇ ਚਾਰ ਅਰਥਸ਼ਾਸਤਰੀਆਂ ਦੇ ਇਸ ਪੇਪਰ ਵਿਚ ਲਿਖਿਆ ਗਿਆ ਹੈ ਕਿ ਭਾਰਤ ਦੇ ਆਧੁਨਿਕ ਪੂੰਜੀਪਤੀ ਵਰਗ ਦੀ ਅਗਵਾਈ ਵਾਲਾ ‘ਅਰਬਪਤੀ ਰਾਜ‘ ਹੁਣ ਉਪਨਿਵੇਸ਼ਵਾਦੀ ਤਾਕਤਾਂ ਦੀ ਅਗਵਾਈ ਵਾਲੇ ਬ੍ਰਿਟਿਸ਼ ਰਾਜ ਦੀ ਤੁਲਨਾ ਵਿਚ ਵਧੇਰੇ ਅਸਮਾਨ ਹੈ। ਉਂਜ ਇਹ ਸਪਸ਼ਟ ਨਹੀਂ ਹੈ ਕਿ ਇਸ ਤਰ੍ਹਾਂ ਦੀ ਨਾਬਰਾਬਰੀ ਦਾ ਪੱਧਰ ਵੱਡੇ ਸਮਾਜਿਕ ਤੇ ਸਿਆਸੀ ਫੇਰਬਦਲ ਤੋਂ ਬਗੈਰ ਕਿੰਨੇ ਸਮੇਂ ਲਈ ਬਣਿਆ ਰਹਿ ਸਕਦਾ ਹੈ।

ਅਚਾਨਕ ਵਧੀ ਅਰਬਪਤੀਆਂ ਦੀ ਗਿਣਤੀ

ਰਿਪੋਰਟ ਵਿਚ ਫੋਰਬਸ ਅਰਬਪਤੀ ਦਰਜਾਬੰਦੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ 1 ਅਰਬ ਡਾਲਰ ਤੋਂ ਵੱਧ ਦੀ ਕੁੱਲ ਸੰਪਤੀ ਵਾਲੇ ਭਾਰਤੀਆਂ ਦੀ ਗਿਣਤੀ 1991 ਵਿਚ ਸਿਰਫ਼ ਇਕ ਸੀ, ਜੋ 2022 ਵਿਚ ਵਧ ਕੇ 162 ਹੋ ਗਈ। ਭਾਰਤ ਦੇ 10,000 ਸਭ ਤੋਂ ਅਮੀਰ ਵਿਅਕਤੀਆਂ ਕੋਲ ਔਸਤਨ 2260 ਕਰੋੜ ਰੁਪਏ ਦੀ ਧਨ ਸੰਪਤੀ ਹੈ, ਜੋ ਦੇਸ਼ ਦੀ ਔਸਤ ਦਾ 16,763 ਗੁਣਾ ਹੈ।