ਆਬਕਾਰੀ ਨੀਤੀ ਘੁਟਾਲੇ ਵਿਚ ਕੇਜਰੀਵਾਲ ਗ੍ਰਿਫ਼ਤਾਰ

0
15

ਨਵੀਂ ਦਿੱਲੀ-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਕੇਜਰੀਵਾਲ ਨੂੰ ਕੇਂਦਰੀ ਦਿੱਲੀ ਸਥਿਤ ਆਪਣੇ ਦਫ਼ਤਰ ਲੈ ਗਈ ਹੈ ਜਿਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਸੰਘੀ ਏਜੰਸੀ ਕੇਜਰੀਵਾਲ ਨੂੰ ਭਲਕੇ ਕੋਰਟ ‘ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕਰੇਗੀ। ਇਸ ਦੌਰਾਨ ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ‘ਆਪ‘ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਦਿੱਲੀ ਹਾਈ ਕੋਰਟ ਵੱਲੋਂ  ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਫੌਰੀ ਮਗਰੋਂ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁੱਜ ਗਈ ਸੀ। ਸੰਘੀ ਜਾਂਚ ਏਜੰਸੀ ਨੇ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਉਂਜ ਕੇਜਰੀਵਾਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਉਪਰੋਕਤ ਫੈਸਲੇ ਖਿਲਾਫ਼ ਅੱਜ ਦਿਨੇਂ ਹੀ ਸੁਪਰੀਮ ਕੋਰਟ ਵਿਚ ਦਸਤਕ ਦੇ ਦਿੱਤੀ ਸੀ। ਸਰਬਉਚ ਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ‘ਤੇ ਭਲਕੇ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਦੌਰਾਨ ‘ਆਪ‘ ਨੇ ਕਿਹਾ ਕਿ ਕੇਜਰੀਵਾਲ ‘‘ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ। ਜੇਕਰ ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ।‘‘ ਦਿੱਲੀ ਵਿਚ ਅੱਜ ਦਿਨੇਂ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਦਰਮਿਆਨ ਹਾਈ ਕੋਰਟ ਵੱਲੋਂ ਸੁਣਾਏ ਉਪਰੋਕਤ ਫੈਸਲੇ ਤੋਂ ਫੌਰੀ ਮਗਰੋਂ ਈਡੀ ਦੀ 10 ਮੈਂਬਰੀ ਟੀਮ ਕੇਜਰੀਵਾਲ ਦੀ ਸਿਵਲ ਲਾਈਨਜ਼ ਇਲਾਕੇ ਵਿਚਲੀ ਫਲੈਗਸਟਾਫ਼ ਰੋਡ ਸਥਿਤ ਰਿਹਾਇਸ਼ ‘ਤੇ ਪੁੱਜੀ। ਟੀਮ ਨੇ ਘਰ ਦੀ ਤਲਾਸ਼ੀ ਲਈ ਅਤੇ ਮੁੱਖ ਮੰਤਰੀ ਤੋਂ ਦੋ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਈਡੀ ਹੁਣ ਮੁੱਖ ਮੰਤਰੀ ਨੂੰ ਭਲਕੇ (ਸ਼ੁੱਕਰਵਾਰ ਨੂੰ) ਕੋਰਟ ਵਿਚ ਪੇਸ਼ ਕਰਕੇ ਹਿਰਾਸਤ ਦੀ ਮੰਗ ਕਰੇਗੀ। ਕਾਬਿਲੇਗੌਰ ਹੈ ਕਿ ਈਡੀ ਨੇ ਇਸ ਮਾਮਲੇ ਵਿਚ ਪੁੱਛ-ਪੜਤਾਲ ਲਈ ਮੁੱਖ ਮੰਤਰੀ ਨੂੰ ਨੌਂ ਵਾਰੀ ਸੰਮਨ ਜਾਰੀ ਕੀਤੇ ਸਨ, ਪਰ ਕੇਜਰੀਵਾਲ ਨੇ ਇਕ ਵੀ ਸੰਮਨ ਦੀ ਤਾਮੀਲ ਨਹੀਂ ਕੀਤੀ। ਪਿਛਲੇ ਦਿਨੀਂ ਜਾਰੀ ਸੰਮਨ ਵਿਚ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੇਜਰੀਵਾਲ ਇਨ੍ਹਾਂ ਸੰਮਨਾਂ ਨੂੰ ‘ਗੈਰਕਾਨੂੰਨੀ‘ ਦੱਸਦੇ ਰਹੇ ਹਨ। ਉਧਰ ਕੇਜਰੀਵਾਲ ਦੀ ਰਿਹਾਇਸ਼ ‘ਤੇ ਈਡੀ ਦੀ ਸੰਭਾਵੀ ਦਸਤਕ ਦੇ ਮੱਦੇਨਜ਼ਰ ਸਿਵਲ ਲਾਈਨਜ਼ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ।ਦਿੱਲੀ ਪੁਲੀਸ ਦੇ ਨਾਲ ਰੈਪਿਡ ਐਕਸ਼ਨ ਫੋਰਸ ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀਆਂ ਯੂਨਿਟਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਈਡੀ ਦੀ ਦਸਤਕ ਦਾ ਪਤਾ ਲੱਗਦਿਆਂ ਹੀ ਦਿੱਲੀ ਸਰਕਾਰ ‘ਚ ਮੰਤਰੀ ਸੌਰਭ ਭਾਰਦਵਾਜ, ਆਤਿਸ਼ੀ ਤੇ ਹੋਰ ‘ਆਪ‘ ਆਗੂ ਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਕੱਤਰ ਹੋ ਗਏ। ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ‘ਆਪ ਜ਼ਿੰਦਾਬਾਦ‘, ‘ਅਰਵਿੰਦ ਕੇਜਰੀਵਾਲ ਜ਼ਿੰਦਾਬਾਦ‘ ਤੇ ‘ਅਰਵਿੰਦ ਭਾਈ ਤੁਮ ਸੰਘਰਸ਼ ਕਰੋ, ਹਮ ਤੁਮਹਾਰੇ ਸਾਥ ਹੈਂ‘ ਦੇ ਨਾਅਰੇ ਲਾਏ। ‘ਆਪ‘ ਨੇ ਐਕਸ ‘ਤੇ ਲੜੀਵਾਰ ਪੋਸਟਾਂ ਵਿਚ ਕਿਹਾ, ‘‘ਈਡੀ ਦਿੱਲੀ ਦੇ ਪੁੱਤਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਹੁੰਚ ਗਈ ਹੈ। ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਪਹਾੜ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਦੀ ਹਮਾਇਤ ਵਿਚ ਪੂਰਾ ਦੇਸ਼ ਖੜ੍ਹਾ ਹੈ। ਦਿੱਲੀ ਦੇ ਲੋਕ ਸਭ ਕੁਝ ਦੇਖ ਰਹੇ ਹਨ। ਅੱਜ ਕੋਈ ਚੁੱਪ ਨਹੀਂ ਰਹੇਗਾ।‘‘ ਉਧਰ ਦਿਨੇਂ ਕੇਜਰੀਵਾਲ ਨੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਮਗਰੋਂ ‘ਆਪ‘ ਆਗੂ ਆਤਿਸ਼ੀ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚ ਗਏ ਹਨ। ਈਡੀ ਨੇ ਇਸੇ ਮਾਮਲੇ ਵਿਚ ਪਿਛਲੇ ਹਫ਼ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ.ਕਵਿਤਾ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਦੀ ਧੀ ਕਵਿਤਾ 23 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਹੈ।