6 ਫ਼ੀਸਦੀ ਪ੍ਰਾਪਰਟੀ ਟੈਕਸ ਵਾਧੇ ਨਾਲ ਸਰੀ ਕੌਂਸਲ ਵਲੋਂ ਬਜਟ ਨੂੰ ਪ੍ਰਵਾਨਗੀ

0
2

ਸਰੀ-ਸਿਟੀ ਕੌਂਸਲ ਨੇ ਸੋਮਵਾਰ ਰਾਤ ਨੂੰ 2024 ਬਜਟ ਦੀ ਤੀਸਰੀ ਪੜ੍ਹਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਜਟ ਵਿਚ ਪ੍ਰਾਪਰਟੀ ਟੈਕਸ ਵਿਚ 6 ਫ਼ੀਸਦੀ, ਰੋਡ ਅਤੇ ਟੈਕਸ ਲੇਵੀ ਵਿਚ ਇਕ ਫ਼ੀਸਦੀ ਅਤੇ ਮਹਿੰਗੀਆਂ ਯੂਟਿਲਟੀ ਦਰ ਫੀਸਾਂ ਤੋਂ ਇਲਾਵਾ ਸੈਕੰਡਰੀ ਸੂਟ ਫੀਸ ਵਿਚ ਵਾਧਾ ਸ਼ਾਮਿਲ ਹੈ। ਸਿਟੀ ਹਾਲ ਵਿਖੇ ਜਨਤਕ ਸੁਣਵਾਈ ਵਿਚ ਸ਼ਾਮਿਲ ਸਿਰਫ ਤਿੰਨ ਸਰੀ ਵਾਸੀਆਂ ਵਲੋਂ ਆਪਣੀ ਚਿੰਤਾਵਾਂ ਜ਼ਾਹਿਰ ਕਰਨ ਪਿੱਛੋਂ ਸ਼ਹਿਰ ਦੀ ਵਿੱਤ ਕਮੇਟੀ ਨੇ ਬਜਟ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਸਰੀ ਦੀ ਮੇਅਰ ਬਰੈਂਡਾ ਲੋਕ ਨੇ ਬਜਟ ਨੂੰ ਸ਼ਾਨਦਾਰ ਆਖਿਆ ਹੈ। ਮੇਅਰ ਨੇ ਖੁਦ ਅਤੇ ਪੰਜ ਕੌਂਸਲਰਾਂ ਦੀ ਬਹੁਮਤ ਵਾਲੀ ਸਰੀ ਕੁਨੈਕਟ ਦੇ ਕੌਂਸਲਰਾਂ ਪ੍ਰਦੀਪ ਕੂਨਰ, ਹੈਰੀ ਬੈਂਸ, ਰੋਬ ਸਟੱਟ ਅਤੇ ਗੋਰਡਨ ਹੇਪਨਰ ਨੇ ਬਜਟ ਨੂੰ ਪ੍ਰਵਾਨ ਕਰਨ ਦੇ ਪੱਖ ਵਿਚ ਵੋਟ ਦਿੱਤਾ। ਸਰੀ ਫਸਟ ਕੌਂਸਲਰਾਂ ਲਿੰਡਾ ਐਨਿਸ ਅਤੇ ਮਾਈਕ ਬੋਸ ਅਤੇ ਸੇਫ ਸਰੀ ਕੁਲੀਸ਼ਨ ਦੇ ਕੌਂਸਲਰਾਂ ਡੱਗ ਐਲਫਰਡ ਅਤੇ ਮਨਦੀਪ ਨਾਗਰਾ ਨੇ ਨਾਂਹ ਵਿਚ ਵੋਟ ਦਿੱਤਾ। ਵਿੱਤ ਬਾਰੇ ਸਰੀ ਦੇ ਜਨਰਲ ਮੈਨੇਜਰ ਕੈਮ ਗਰੇਵਾਲ ਨੇ ਕੌਂਸਲ ਦੇ ਲਗਪਗ ਖਾਲੀ ਚੈਂਬਰਸ ਵਿਚ ਦਸਤਾਵੇਜ਼ ਪੇਸ਼ ਕੀਤੇ। ਜਨਰਲ ਪ੍ਰਾਪਰਟੀ ਟੈਕਸ ਵਿਚ 6 ਫ਼ੀਸਦੀ ਵਾਧੇ ਦਾ ਮਤਲਬ ਇਕ ਆਮ ਇਕੱਲੇ ਪਰਿਵਾਰ ਵਾਲੇ ਘਰ ਲਈ 152 ਡਾਲਰ ਵਾਧੂ ਦੇਣੇ ਪੈਣਗੇ। ਇਸ ਟੈਕਸ ਵਾਧੇ ਦਾ ਉਦੇਸ਼ ਮਹਿੰਗਾਈ ਦਾ ਦਬਾਅ ਘਟਾਉਣ ਲਈ ਪੁਲਿਸ, ਫਾਇਰਫਾਈਟਿੰਗ ਅਤੇ ਬਾਈਲਾਅ ਇਨਫੋਰਸਮੈਂਟ ਲਈ ਨਵੇਂ ਆਮਦਨ ਵਸੀਲੇ ਪੈਦਾ ਕਰਨਾ ਹੈ।