ਸਿਨੇਮਾ ਇਕੱਲਿਆਂ ਕ੍ਰਾਂਤੀ ਨਹੀਂ ਲਿਆ ਸਕਦਾ-ਮਨੋਜ ਬਾਜਪਾਈ

0
15

ਮੁੰਬਈ: ਅਦਾਕਾਰ ਮਨੋਜ ਬਾਜਪਾਈ ਦਾ ਕਹਿਣਾ ਹੈ ਕਿ ਸਿਨੇਮਾ ਇਕੱਲਿਆਂ ਕ੍ਰਾਂਤੀ ਨਹੀਂ ਲਿਆ ਸਕਦਾ। ਅਦਾਕਾਰ ਨੇ ਇਹ ਗੱਲ ਆਪਣੀ ਆਉਣ ਵਾਲੀ ਫ਼ਿਲਮ ‘ਸਾਈਲੈਂਸ 2: ਦਿ ਨਾਈਟ ਆਊਲ ਬਾਰ ਸ਼ੂਟਆਊਟ‘ ਦਾ ਟਰੇਲਰ ਜਾਰੀ ਕਰਨ ਲਈ ਹੋਏ ਸਮਾਗਮ ਦੌਰਾਨ ਆਖੀ। ਇਸ ਦੌਰਾਨ ਉਸ ਨੇ ਕਲਾ ਨੂੰ ਅੰਦੋਲਨਾਂ ਨੂੰ ਗਤੀ ਦੇਣ ਵਾਲਾ ਰਾਹ ਦੱਸਿਆ। ਬਾਜਪਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਨੇਮਾ ਸਮਾਜ ਲਈ ਸ਼ੀਸ਼ਾ ਹੋ ਸਕਦਾ ਹੈ ਪਰ ਸਿਨੇਮਾ ਅੰਦੋਲਨ ਸ਼ੁਰੂ ਨਹੀਂ ਕਰ ਸਕਦਾ। ਇਹ ਅੰਦੋਲਨ ਦਾ ਹਿੱਸਾ ਹੋ ਸਕਦਾ ਹੈ। ਸਿਨੇਮਾ ਇਕੱਲਿਆਂ ਕੁੱਝ ਨਹੀਂ ਕਰ ਸਕਦਾ। ਹਰ ਸਾਸ਼ਕ ਨੇ ਸਿਨੇਮਾ ਜਾਂ ਕਲਾ ਦੀ ਆਪਣੇ ਢੰਗ ਨਾਲ ਵਰਤੋਂ ਕੀਤੀ ਹੈ।‘ ਅਮਿਤਾਭ ਬੱਚਨ ਦੀਆਂ ‘70ਵਿਆਂ ਦੀਆਂ ਫ਼ਿਲਮਾਂ ਵਿੱਚ ‘ਐਂਗਰੀ ਯੰਗ ਮੈਨ‘ ਦੇ ਅਕਸ ਦੀ ਮਿਸਾਲ ਦਿੰਦਿਆਂ ਬਾਜਪਾਈ ਨੇ ਕਿਹਾ ਕਿ ਇਹ ਅਕਸ ਉਸ ਸਮੇਂ ਬਣ ਗਿਆ ਜਦੋਂ ਦੇਸ਼ ਵਿੱਚ ਹਰ ਨੌਜਵਾਨ ਬੇਰੁਜ਼ਗਾਰੀ ਅਤੇ ਨਿਰਾਸ਼ਾ ਨਾਲ ਜੂਝ ਰਿਹਾ ਸੀ। ਸਮਾਗਮ ਵਿੱਚ ਪ੍ਰਾਚੀ ਦੇਸਾਈ, ਪਾਰੁਲ ਗੁਲਾਟੀ, ਸਾਹਿਲ ਵੈਦ, ਦਿਨਕਰ ਸ਼ਰਮਾ ਆਦਿ ਸ਼ਾਮਲ ਸਨ। ਕਾਬਲੇਗੌਰ ਹੈ ਕਿ ਜ਼ੀ ਸਟੂਡੀਓਜ਼ ਅਤੇ ਕੈਂਡਿਡ ਕ੍ਰੀਏਸ਼ਨ ਵੱਲੋਂ ਬਣਾਈ ਫ਼ਿਲਮ ‘ਸਾਈਲੈਂਸ 2: ਨਾਈਟ ਆਊਲ ਬਾਰ ਸ਼ੂਟਆਊਟ‘ ਦਾ ਪ੍ਰੀਮੀਅਰ 16 ਅਪਰੈਲ ਨੂੰ ਜ਼ੀ5 ‘ਤੇ ਹੋਵੇਗਾ।