ਸਾਬਕਾ ਮੰਤਰੀ ਧਰਮਸੋਤ ਦੀ ਕਰੋੜਾਂ ਦੀ ਸੰਪਤੀ ਜ਼ਬਤ

0
17

ਚੰਡੀਗੜ੍ਹ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰਾਂ ਦੀਆਂ 4.58 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈਡੀ ਨੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਅਸਥਾਈ ਤੌਰ ‘ਤੇ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੇ ਤਹਿਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਐਫਆਈਆਰ ਦਰਜ ਕੀਤੀ ਸੀ ਜਿਸ ਦੇ ਅਧਾਰ ‘ਤੇ ਈਡੀ ਨੇ ਪੜਤਾਲ ਕੀਤੀ ਸੀ। ਕੇਂਦਰੀ ਏਜੰਸੀ ਨੇ ਕਾਲੇ ਧਨ ਨੂੰ ਕਾਨੂੰਨੀ ਬਣਾਉਣ ਸਬੰਧੀ ‘ਮਨੀ ਲਾਂਡਰਿੰਗ ਰੋਕੂ ਕਾਨੂੰਨ‘ (ਪੀਐਮਐਲਏ) ਦੇ ਤਹਿਤ ਜਾਂਚ ਵਿੱਚ ਪਾਇਆ ਕਿ ਸਾਬਕਾ ਮੰਤਰੀ ਧਰਮਸੋਤ ਨੇ ਪਹਿਲੀ ਮਾਰਚ, 2016 ਤੋਂ 31 ਮਾਰਚ, 2022 ਤੱਕ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਬਣਾਈਆਂ ਹਨ। ਜਦੋਂ ਧਰਮਸੋਤ ਜੰਗਲਾਤ ਮੰਤਰੀ ਸਨ ਉਦੋਂ ਪ੍ਰਾਪਤ ਜਾਇਦਾਦਾਂ ਨੂੰ ਵੀ ਇਸ ਜਾਂਚ ਵਿਚ ਸ਼ਾਮਿਲ ਕੀਤਾ ਗਿਆ ਹੈ। ਈਡੀ ਜਲੰਧਰ ਨੇ 13 ਮਾਰਚ, 2024 ਨੂੰ ਸਾਧੂ ਸਿੰਘ ਧਰਮਸੋਤ ਦੀਆਂ 4.58 ਕਰੋੜ ਰੁਪਏ ਦੀਆਂ ਵੱਖ-ਵੱਖ ਜਾਇਦਾਦਾਂ ਨੂੰ ਆਰਜ਼ੀ ਤੌਰ ‘ਤੇ ਜ਼ਬਤ ਕੀਤਾ ਹੈ ਜੋ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਮਲਕੀਅਤ ਹਨ। ਜ਼ਬਤ ਕੀਤੀਆਂ ਸੰਪਤੀਆਂ ਵਿਚ ਚਾਰ ਅਚੱਲ ਸੰਪਤੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਦੋ ਰਿਹਾਇਸ਼ੀ ਪਲਾਟ, ਇੱਕ ਰਿਹਾਇਸ਼ੀ ਮਕਾਨ ਅਤੇ ਇੱਕ ਰਿਹਾਇਸ਼ੀ ਫਲੈਟ ਪੰਜਾਬ ਵਿੱਚ ਅਤੇ ਚੱਲ ਜਾਇਦਾਦਾਂ ਸਮੇਤ ਬੈਂਕ ਬੈਲੈਂਸ ਅਤੇ ਮਿਊਚਅਲ ਫੰਡਾਂ ਵਿੱਚ ਨਿਵੇਸ਼ ਸ਼ਾਮਲ ਹਨ। ਈਡੀ ਦੀ ਜਾਂਚ ਅਨੁਸਾਰ ਧਰਮਸੋਤ ਨੇ ਕੁੱਲ 6.34 ਕਰੋੜ ਰੁਪਏ ਦੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਹਾਸਲ ਕੀਤੀ ਹੈ।