ਕੇਜਰੀਵਾਲ ਦੇ ਮਾਮਲੇ ’ਚ ਅਮਰੀਕੀ ਸਫ਼ੀਰ ਤਲਬ

0
9
New Delhi, Mar 27 (ANI): US' Acting Deputy Chief of Mission Gloria Berbena leaves South Block after being summoned by Ministry of External Affairs over recent US State Department remarks on Delhi Chief Minister Arvind Kejriwal's arrest , in New Delhi on Wednesday. (ANI Photo/Rahul Singh)

ਨਵੀਂ ਦਿੱਲੀ-ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਇਕ ਦਿਨ ਮਗਰੋਂ ਭਾਰਤ ਨੇ ਅੱਜ ਸੀਨੀਅਰ ਅਮਰੀਕੀ ਸਫ਼ੀਰ ਨੂੰ ਤਲਬ ਕਰਕੇ ਸਖ਼ਤ ਰੋਸ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਅਮਰੀਕੀ ਮਿਸ਼ਨ ਵਿਚ ਕਾਰਜਕਾਰੀ ਡਿਪਟੀ ਚੀਫ਼ ਗਲੋਰੀਆ ਬਾਰਬੇਨਾ ਨੂੰ ਆਪਣੇ ਸਾਊਥ ਬਲਾਕ ਸਥਿਤ ਦਫ਼ਤਰ ਵਿਚ ਸੱਦਿਆ। ਇਹ ਮੀਟਿੰਗ ਅੱਧੇ ਘੰਟੇ ਦੇ ਕਰੀਬ ਚੱਲੀ। ਚੇਤੇ ਰਹੇ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਨੇੜਿਓਂ ਵਾਚ ਰਹੇ ਹਨ ਤੇ ਕੇਜਰੀਵਾਲ ਨੂੰ ਨਿਰਪੱਖ ਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਤੇ ਸੁਣਵਾਈ ਦਾ ਮੌਕਾ ਮਿਲਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਮਗਰੋਂ ਇਕ ਬਿਆਨ ਵਿਚ ਕਿਹਾ, ‘‘ਅਸੀਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੱਲੋਂ ਭਾਰਤ ‘ਚ ਕੁਝ ਕਾਨੂੰਨੀ ਕਾਰਵਾਈਆਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।‘‘ ਬਿਆਨ ਵਿਚ ਕਿਹਾ ਗਿਆ, ‘‘ਕੂਟਨੀਤੀ ਵਿਚ ਦੇਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਦੂਜਿਆਂ ਦੀ ਪ੍ਰਭੂਸੱਤਾ ਤੇ ਅੰਦਰੂਨੀ ਮਾਮਲਿਆਂ ਦਾ ਸਤਿਕਾਰ ਕਰਨਗੇ। ਇਕ ਦੂਜੇ ਦਾ ਸਹਿਯੋਗ ਕਰਨ ਵਾਲੀਆਂ ਜਮਹੂਰੀਅਤਾਂ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਨਹੀਂ ਤਾਂ ਇਹ ਗ਼ੈਰ-ਸਿਹਤਮੰਦ ਮਿਸਾਲਾਂ ਨੂੰ ਸਥਾਪਤ ਕਰ ਸਕਦਾ ਹੈ।‘‘ ਭਾਰਤ ਦੀ ਜਮਹੂਰੀ ਪ੍ਰਕਿਰਿਆ ‘ਨਿਰਪੱਖ ਨਿਆਂਪਾਲਿਕਾ ‘ਤੇ ਆਧਾਰਿਤ ਹੈ, ਜੋ ਉਦੇਸ਼ਪੂਰਨ ਤੇ ਸਮੇਂ ਸਿਰ ਨਤੀਜਿਆਂ ਲਈ ਵਚਨਬੱਧ ਹੈ।‘‘ ਜਰਮਨੀ ਮਗਰੋਂ ਅਮਰੀਕਾ ਨੇ ਇਸ ਮਾਮਲੇ ਵਿੱਚ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਈਡੀ ਵੱਲੋਂ ‘ਆਪ’ ਆਗੂ ਦੇ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਨਾਲ ਸਬੰਧਤ ਕੇਸ ਦੀ ਜਾਂਚ ਦੇ ਸਿਲਸਿਲੇ ‘ਚ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਗਲਾ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸਿੰਗਲਾ ਨੇ ਵਿਸ਼ਵਾਸ ਨਗਰ ਸੀਟ ਤੋਂ ‘ਆਪ‘ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਕੁਝ ਵਿੱਤੀ ਬੇਨਿਯਮੀਆਂ ਦੇ ਸਬੰਧ ਵਿੱਚ ਮਾਰੇ ਗਏ ਸਨ।