ਆਪਣੇ ਕੰਮ ਪ੍ਰਤੀ ਬਹੁਤ ਸੰਜੀਦਾ ਹੈ ਹੁਮਾ ਕੁਰੈਸ਼ੀ

0
20

ਮੁੰਬਈ-ਸਿਆਸੀ ਡਰਾਮਾ ‘ਮਹਾਰਾਨੀ 3’ ਦੇ ਨਿਰਦੇਸ਼ਕ ਸੌਰਭ ਭਵੇ ਦਾ ਕਹਿਣਾ ਹੈ ਕਿ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਕੰਮ ਪ੍ਰਤੀ ਬਹੁਤ ਸੰਜੀਦਾ ਹੈ ਅਤੇ ਜਦੋਂ ਸ਼ੋਅ ਦੇ ਸੈੱਟ ‘ਤੇ ਪਹੁੰਚੀ ਹੈ ਤਾਂ ਉਹ ਉਦੋਂ ਹੀ ‘ਰਾਨੀ ਭਾਰਤੀ‘ ਦੇ ਕਿਰਦਾਰ ਵਿੱਚ ਢਲ਼ ਜਾਂਦੀ ਹੈ। ਇਸ ਸ਼ੋਅ ਵਿੱਚ ਹੁਮਾ ਕੁਰੈਸ਼ੀ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਪਹਿਲਾਂ ਸਿਰਫ਼ ਘਰੇਲੂ ਮਹਿਲਾ ਸੀ ਪਰ ਹਾਲਾਤ ਦੇ ਗੇੜ ਨਾਲ ਉਹ ਬਿਹਾਰ ਦੀ ਮੁੱਖ ਮੰਤਰੀ ਬਣ ਜਾਂਦੀ ਹੈ। ਹੁਮਾ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਸੌਰਭ ਨੇ ਕਿਹਾ, ‘ਹੁਮਾ ਨਾਲ ਕੰਮ ਕਰਕੇ ਬਹੁਤ ਹੀ ਆਨੰਦ ਆਇਆ ਹੈ। ਉਹ ਕੰਮ ਦੀ ਪਾਬੰਦ ਹੋਣ ਦੇ ਨਾਲ-ਨਾਲ ਸੁਭਾਅ ਦੀ ਮਿੱਠੀ ਤੇ ਮਨਮੌਜੀ ਅਦਾਕਾਰਾ ਹੈ। ਇਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਸੈੱਟ ‘ਤੇ ਜੋ ਮਾਹੌਲ ਹੁੰਦਾ ਹੈ ਉਸ ਦਾ ਸਿੱਧਾ ਅਸਰ ਸਕਰੀਨ ‘ਤੇ ਵੀ ਦਿਖਾਈ ਦਿੰਦਾ ਹੈ।‘ ਨਿਰਦੇਸ਼ਕ ਨੇ ਕਿਹਾ, ‘ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਹੁਮਾ ਨੇ ਇੰਨੀ ਖ਼ੂਬਸੂਰਤੀ ਨਾਲ ਬਿਹਾਰੀ ਅੰਦਾਜ਼ ਵਿੱਚ ਗੱਲਬਾਤ ਕਰਨੀ ਸਿੱਖ ਲਈ ਹੈ ਕਿ ਕਿਸੇ ਲਈ ਹੁਣ ਇਹ ਪਤਾ ਲਾਉਣਾ ਔਖਾ ਹੁੰਦਾ ਹੈ ਕਿ ਉਹ ਮੂਲ ਰੂਪ ਵਿੱਚ ਬਿਹਾਰ ਤੋਂ ਹੈ ਜਾਂ ਭਾਰਤ ਦੇ ਕਿਸੇ ਪੇਂਡੂ ਖੇਤਰ ਨਾਲ ਸਬੰਧਤ ਹੈ। ਉਹ ਹੁਣ ਤੱਕ ਮੈਨੂੰ ਮਿਲੇ ਅਦਾਕਾਰਾ ਵਿੱਚ ਸਭ ਤੋਂ ਵੱਧ ਹੋਣਹਾਰ ਕਲਾਕਾਰ ਹੈ।‘ ਜ਼ਿਕਰਯੋਗ ਹੈ ਕਿ ਇਸ ਸ਼ੋਅ ਦੇ ਤੀਜੇ ਸੀਜ਼ਨ ਦਾ ਪ੍ਰਸਾਰਣ ਸੋਨੀ ਲਿਵ ‘ਤੇ 7 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। –