ਮੇਅਰ ਤੇ ਕੌਂਸਲ ਵਲੋਂ ਆਰਸੀਐਮਪੀ ਨੂੰ ਛੱਡਣ ਤੋਂ ਇਨਕਾਰ ਕਰਨ ਪਿੱਛੋਂ ਬੀਸੀ ਸੂਬਾ ਐਸਪੀਐਸ ਨੂੰ ਲੈਕੇ ਇਕੱਲੀ ਅੱਗੇ ਵਧਣ ਲੱਗਾ

0
4

ਸਰੀ-ਮੇਅਰ ਅਤੇ ਕੌਂਸਲ ਵਲੋਂ ਆਰਸੀਐਮਪੀ ਨਾਲੋਂ ਤੋੜ ਵਿਛੋੜਾ ਕਰਨ ਤੋਂ ਇਨਕਾਰ ਕਰਨ ਪਿੱਛੋਂ ਬਿ੍ਰਟਿਸ਼ ਕੋਲੰਬੀਆ ਸਰੀ ਵਿਚ ਸੁਤੰਤਰ ਪੁਲਿਸ ਸਰਵਿਸ ਲਈ ਟਰਾਂਜ਼ੀਸ਼ਨ ਨਾਲ ਅੱਗੇ ਵੱਧ ਰਿਹਾ ਹੈ। ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਕਿਹਾ ਕਿ ਸੁਤੰਤਰ ਸਰੀ ਪੁਲਿਸ ਸਰਵਿਸ ਵਿਚ ਲਗਾਤਾਰ ਤਬਦੀਲੀ ਲਈ ਇਕ ਯੋਜਨਾ ਬਣਾਈ ਗਈ ਹੈ ਅਤੇ ਉਹ ਅਗਲੇ ਹਫ਼ਤੇ ਹੋਰ ਵੇਰਵੇ ਜਾਰੀ ਕਰਨਗੇ ਕਿ ਇਹ ਕਿਵੇਂ ਕੰਮ ਕਰੇਗੀ। ਉਪਰੋਕਤ ਸਥਿਤੀ ਸਾਹਮਣੇ ਆਉਣ ਤੋਂ ਪਹਿਲਾਂ ਸੂਬੇ ਵਲੋਂ ਸੁਤੰਤਰ ਪੁਲਿਸ ਸਰਵਿਸ ਲਈ ਖਰਚ ਵਾਸਤੇ 150 ਮਿਲੀਅਨ ਡਾਲਰ ਦੀ ਪੇਸ਼ਕਸ਼ ਤੋਂ ਇਲਾਵਾ ਸਰੀ ਨੂੰ 100 ਮਿਲੀਅਨ ਡਾਲਰ ਹੋਰ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੇਅਰ ਤੇ ਕੌਂਸਲ ਨੇ ਸੂਬਾ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਸਰੀ ਸਿਟੀ ਕੌਂਸਲ ਨੇ ਮੰਗਲਵਾਰ ਜਾਰੀ ਆਪਣੇ ਬਜਟ ਵਿਚ ਕਿਹਾ ਕਿ ਉਸ ਨੂੰ ਜੇਕਰ ਆਰਸੀਐਮਪੀ ਤੋਂ ਪਰ੍ਹੇ ਜਾਣ ਲਈ ਮਜ਼ਬੂਰ ਕੀਤਾ ਗਿਆ ਤਾਂ ਅਗਲੇ ਦਹਾਕੇ ਵਿਚ ਅੱਧਾ ਬਿਲੀਅਨ ਡਾਲਰ ਖਰਚ ਵੱਧ ਜਾਵੇਗਾ। ਮੇਅਰ ਬਰੈਂਡਾ ਲੋਕ ਜਿਹੜੀ ਟਰਾਂਜ਼ੀਸ਼ਨ ਨੂੰ ਪੁੱਠਾ ਗੇੜ ਦੇਣ ਤੇ ਆਰਸੀਐਮਪੀ ਨੂੰ ਵਾਪਸ ਲਿਆਉਣ ਦੇ ਵਾਅਦੇ ਨਾਲ ਚੁਣੀ ਗਈ ਸੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਵਾਦ ਸ਼ਹਿਰ ਦੀ ਆਪਣਾ ਪੁਲਿਸ ਮਾਡਲ ਚੋਣ ਕਰਨ ਦੀ ਸਮਰੱਥਾ ਸਬੰਧੀ ਹੈ ਅਤੇ ਵੋਟਰਾਂ ਨੇ ਆਰਸੀਐਮਪੀ ਦੀ ਆਪਣੀ ਮਿਉਂਸਪਲ ਪੁਲਿਸ ਫੋਰਸ ਵਜੋਂ ਚੋਣ ਕੀਤੀ ਹੈ। ਫਾਰਨਵਰਥ ਨੇ ਕਿਹਾ ਕਿ ਉਹ ਸ਼ਹਿਰ ਦੇ ਪੱਖ ਤੋਂ ਨਿਰਾਸ਼ ਹੋਏ ਹਨ ਕਿਉਂਕਿ ਸਰੀ ਦੇ ਲੋਕ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਸਰਕਾਰ ਨੇ ਨੇਕ ਨੀਅਤ ਨਾਲ ਵਾਜਬ ਪੇਸ਼ਕਸ਼ ਲਈ ਗੱਲਬਾਤ ਸ਼ੁਰੂ ਕੀਤੀ ਜਿਸ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਿਆਂਇਕ ਸਮੀਖਿਆ ਦਾ ਖਿਆਲ ਨਾ ਕਰਦਿਆਂ ਟਰਾਂਜ਼ੀਸ਼ਨ ਜਾਰੀ ਰਹੇਗੀ ਅਤੇ ਅਸੀਂ ਸਰੀ ਪੁਲਿਸ ਸਰਵਿਸ ਨੂੰ ਸੁਰੱਖਿਅਤ ਟਰਾਂਜ਼ੀਸ਼ਨ ਨੂੰ ਯਕੀਨੀ ਬਣਾਉਣ ਲਈ 150 ਮਿਲੀਅਨ ਡਾਲਰ ਸਿੱਧੇ ਦੇਣ ਦਾ ਇਰਾਦਾ ਰੱਖਦੇ ਹਾਂ। ਇਹ ਮੰਦਭਾਗੀ ਗੱਲ ਹੈ ਕਿ ਸਰੀ ਦੇ ਲੋਕਾਂ ਦੀਆਂ ਲੋੜਾਂ ਸ਼ਹਿਰ ਨੂੰ ਤਰਜੀਹ ਨਹੀਂ ਲੱਗੀਆਂ। ਸਰੀ ਬੀਸੀ ਦੀ ਸੁਪਰੀਮ ਕੋਰਟ ਵਿਚ ਸੂਬਾ ਸਰਕਾਰ ਦੇ ਹੁਕਮ ਨੂੰ ਇਹ ਕਹਿੰਦੇ ਹੋਏ ਚੁਣੌਤੀ ਦੇ ਰਿਹਾ ਹੈ ਕਿ ਪੁਲਿਸ ਐਕਟ ਵਿਚ ਸਰਕਾਰ ਵਲੋਂ ਤਬਦੀਲੀ ਕਰਨਾ ਗੈਰਸੰਵਿਧਾਨਕ ਹੈ ਕਿਉਂਕਿ ਇਹ ਵੋਟਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਲਗਾਉਂਦਾ ਹੈ। ਸਰੀ ਕੌਂਸਲਰ ਲਿੰਡਾ ਐਨਿਸ ਨੇ ਇਕ ਬਿਆਨ ਵਿਚ ਕਿਹਾ ਕਿ ਲੋਕ ਦਾ ਸਰਕਾਰ ਦੀ 250 ਮਿਲੀਅਨ ਡਾਲਰ ਦੀ ਫੰਡਿੰਗ ਨੂੰ ਰੱਦ ਕਰਨਾ ਸਰੀ ਕਰਦਾਤਾਵਾਂ ਦੇ ਮੂੰਹ ’ਤੇ ਗੰਭੀਰ ਚਪੇੜ ਹੈ ਅਤੇ ਇਹ ਚੇਤੇ ਕਰਵਾਉਂਦਾ ਹੈ ਕਿ ਟਰਾਂਜ਼ੀਸ਼ਨ ਸਿਟੀ ਪੁਲਿਸ ਪ੍ਰਬੰਧ ਦੇ ਬਜਾਏ ਰਾਜਸੀ ਹਉਮੈ ਦਾ ਸਵਾਲ ਬਣ ਗਈ ਹੈ। ਫਾਰਨਵਰਥ ਨੇ ਕਿਹਾ ਕਿ ਹੁਣ ਵਾਧੂ 100 ਮਿਲੀਅਨ ਨਹੀਂ ਦਿੱਤੇ ਜਾਣਗੇ ਪਰ 150 ਮਿਲੀਅਨ ਡਾਲਰ ਟਰਾਂਜ਼ੀਸ਼ਨ ਜਾਰੀ ਰੱਖਣ ’ਤੇ ਖਰਚੇ ਜਾਣਗੇ।