ਅੱਜ ਜਨਮ ਦਿਨ ’ਤੇ ਵਿਸ਼ੇਸ਼ ਡਾ. ਬੀ.ਆਰ. ਅੰਬੇਦਕਰ

0
13

ਬਲਵਿੰਦਰ ਬਾਲਮ
ਡਾ. ਭੀਮ ਰਾਓ ਅੰਬੇਦਕਰ ਨੂੰ ਮਾਨਵਤਾ ਦਾ ਮਸੀਹਾ ਕਿਹਾ ਜਾਣਾ ਉਚਿਤ ਹੈ। ਉਹਨਾਂ ਦਾ ਸੰਪੂਰਨ ਜੀਵਨ ਸੰਘਰਸ਼ ਦੀ ਇਕ ਲੰਬੀ ਕਹਾਣੀ ਹੈ। ਸੰਘਰਸ਼ ਆਪਣੇ ਲਈ ਨਹੀਂ ਬਲਕਿ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ ਦੇ ਲਈ ਜੋ ਕਈ ਸਾਲਾਂ ਤੱਕ ਸਮਾਜ ਦੀਆਂ ਖੋਖਲੀਆਂ ਮਾਨਵਤਾਂ, ਰੂੜੀਆਂ ਅਤੇ ਧਰਮ ਦੇ ਕਾਰਣ ਆਪਣੇ ਅਧਿਕਾਰਾਂ ਤੋਂ ਵਾਂਝੇ ਰਹੇ। ਜਾਤ-ਪਾਤ, ਊਚ-ਨੀਚ ਅਤੇ ਵਰਣ ਭੇਦ ਦੇ ਕਾਰਣ ਲੱਖਾਂ ਲੋਕ ਜੋ ਨਾ ਕੇਵਲ ਪ੍ਰਗਤੀ ਦੇ ਰਸਤੇ ‘ਤੇ ਇਕ ਕਦਮ ਵੀ ਲਾ ਚਲ ਸਕੇ ਬਲਕਿ ਜਿਨ੍ਹਾਂ ਨਾਲ ਬੂਰਾ ਸਲੂਕ ਕੀਤਾ ਜਾਂਦਾ ਸੀ। ਵਰਣ ਭੇਦ, ਊਚ-ਨੀਚ ਦੀਆਂ ਦੀਵਾਰਾਂ ਏਨ੍ਹੀਆਂ ਉਚੀਆ ਅਤੇ ਮਜ਼ਬੂਤ ਸਨ ਕਿ ਇਨ੍ਹਾਂ ਨੂੰ ਢਾਹੁਣਾ ਅਸੰਭਵ ਸੀ। ਡਾ. ਅੰਬੇਦਕਰ ਨੇ ਇਸ ਦੀਵਾਰ ‘ਤੇ ਜ਼ੋਰਦਾਰ ਹਮਲੇ ਕੀਤੇ। ਉਹ ਲੱਖਾਂ ਬੇਸਹਾਰਾ, ਗ਼ਰੀਬ, ਹੇਠਲੀ ਸ਼੍ਰੇਣੀ ਦੇ ਲੋਕਾਂ ਦੀ ਆਵਾਜ਼ ਸਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ ਅਤੇ ਇਨ੍ਹਾਂ ਵਿਚ ਇਕ ਨਵੀਂ ਚੇਤਨਾ ਪੂਰਵਕ ਕ੍ਰਾਂਤੀ ਦੀ ਰੌਸ਼ਨੀ ਪੈਦਾ ਕੀਤੀ ਅਤੇ ਸਮਾਜ ਦੀਆਂ ਮਜ਼ਬੂਰੀਆਂ ਦਾ ਜ਼ਹਿਰ ਪੀ ਕੇ ਜੀਵਿਤ ਸੁਕਰਾਤ ਬਣ ਗਏ।
ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਸ੍ਰੀਮਤੀ ਭੀਮਾ ਬਾਈ ਦੀ ਕੁੱਖ ਤੋਂ ਹੋਇਆ। ਉਨ੍ਹਾਂ ਦੇ ਪਿਤਾ ਜੀ ਸੂਬੇਦਾਰ ਸ੍ਰੀ ਰਾਓ ਦਾਸ ਜੀ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਅੰਬਾਵੜੇ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਜੀ ਮਰਾਠੀ, ਹਿਸਾਬ ਅਤੇ ਅੰਗਰੇਜ਼ੀ ਦੇ ਚੰਗੇ ਗਿਆਤਾ ਸਨ। ਘਰ ਦਾ ਵਾਤਾਵਰਣ ਧਾਰਮਿਕ ਸੀ ਅਤੇ ਪਰਿਵਾਰ ਵਿਚ ਕਬੀਰ ਪੰਥੀ ਵਿਚਾਰਾਂ ਦਾ ਪੂਰਾ ਪ੍ਰਭਾਵ ਸੀ।
ਬਾਲਕ ਭੀਮ ਨੂੰ ਵਿਦਿਆਰਥੀ ਜੀਵਨ ਵਿਚ ਹੀ ਛੂਤ-ਛਾਤ ਦੇ ਕੌੜੈ ਅਨੁਭਵਾਂ ‘ਚੋਂ ਗੁਜ਼ਰਨਾ ਪਿਆ। ਇਕ ਵਾਰੀ ਦੀ ਗੱਲ ਹੈ ਕਿ ਬਾਲਕ ਭੀਮ ਭਿਅੰਕਰ ਬਾਰਿਸ਼ ਤੋਂ ਬਚਣ ਲਈ ਇਕ ਮਕਾਨ ਦੇ ਬਰਾਮਦੇ ਵਿਚ ਖੜ੍ਹਾ ਸੀ। ਸਵਰਨ ਜਾਤੀ ਮਕਾਨ ਮਾਲਿਕ ਨੂੰ ਜਦ ਬਾਲਕ ਦੀ ਜਾਤੀ ਦਾ ਪਤਾ ਲਗਾ ਕਿ ਉਸ ਨੇ ਬਾਲਕ ਨੂੰ ਬਸਤੇ ਸਮੇਤ ਬਰਸਾਤ ਦੀ ਚਿੱਕੜ ਵਿਚ ਧਕੇਲ ਦਿੱਤਾ।
ਬਾਲਕ ਭੀਮ ਨੂੰ ਇਸ ਤਰ੍ਹਾਂ ਦੇ ਅਨੇਕਾਂ ਹੀ ਅਪਮਾਨ ਸਹਿਣੇ ਪਏ। ਨਾਈ ਉਸਦੇ ਵਾਲ ਨਹੀਂ ਕੱਟਦਾ ਅਤੇ ਅਧਿਆਪਕ ਉਸ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਤਿਆਰ ਨਹੀਂ ਸੀ, ਪਰ ਇਸ ਨਾਲ ਉਸ ਦਾ ਸਾਹਸ, (ਹੌਸ਼ਲਾ) ਬਲ ਹੋਰ ਮਜ਼ਬੂਤ ਹੋਇਆ। ਮੁਸ਼ਿਕਲਾਂ, ਮੁਸੀਬਤਾਂ ਅਤੇ ਸਮਾਜ ਦੇ ਬੂਰੇ ਵਿਵਹਾਰ ਨੇ ਉਨ੍ਹਾਂ ਨੂੰ ਸੋਨੇ ਦੀ ਤਰ੍ਹਾਂ ਬਣਾ ਦਿੱਤਾ ਸੀ, ਜੋ ਅੱਗ ਵਿਚ ਤਪ ਕੇ ਕੁੰਦਨ ਬਣ ਜਾਂਦਾ ਹੈ। ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ, ਆਤਮ ਬਲ, ਦਿ੍ੜਤਾ ਉਤਪੰਨ ਹੋਈ ਅਤੇ ਬਚਪਨ ਵਿਚ ਹੀ ਫੌਲਾਦੀ ਇਰਾਦਾ ਬਣਾ ਲਿਆ ਕਿ ਛੂਤ-ਛਾਤ ਦੇ ਕਲੰਕ ਦੇ ਵਿਰੁੱਧ ਸੰਘਰਸ਼ ਕਰਨਗੇ। ਸਾਧਨਾਂ ਦੀ ਕਮੀ ਅਤੇ ਮੁਸ਼ਿਕਲਾਂ ਕਦੀ ਵੀ ਉਨ੍ਹਾਂ ਦੇ ਇਰਾਦੇ ਨਾ ਬਦਲ ਸਕੀਆਂ। ਜਦੋਂ ਉਨ੍ਹਾਂ ਦੇ ਪਿਤਾ ਜੀ ਸੇਵਾ ਮੁਕਤ ਹੋਏ ਤਾਂ ਸਾਰਾ ਪਰਿਵਾਰ ਇਕ ਹੀ ਕੋਠੜੀ ਵਿਚ ਰਹਿੰਦਾ ਸੀ ਅਤੇ ਉਥੇ ਰਾਤ ਨੂੰ ਜਦ ਸਾਰੇ ਪਰਿਵਾਰ ਦੇ ਮੈਂਬਰ ਸੌ ਜਾਂਦੇ ਤਾਂ ਉਹ ਛੋਟਾ ਜਿਹਾ ਬੱਚਾ (ਭੀਮ) ਉਠ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ।
ਸੰਨ 1907 ਵਿਚ ਮੈਟ੍ਰਿਕ ਅਤੇ 1912 ਵਿਚ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਉਨ੍ਹਾਂ ਦੀ ਵਿਦਵਤਾ ਅਤੇ ਤੀਖਣ ਬੁੱਧੀ ਨੂੰ ਦੇਖ ਕੇ 1913 ਵਿਚ ਬੜੌਦਾ ਦੇ ਮਹਾਰਾਜ ਨੇ ਉਨ੍ਹਾਂ ਨੂੰ ਵਜ਼ੀਫਾ ਦੇ ਕੇ ਉਚ ਸਿੱਖਿਆ ਲਈ ਅਮਰੀਕਾ ਭੇਜਿਆ। ਉਹ 1913 ਤੋਂ 1917 ਈ. ਤੱਕ ਅਮਰੀਕਾ ਤੇ ਇੰਗਲੈਂਡ ਵਿਚ ਰਹੇ। ਉਨ੍ਹਾਂ ਦੇ ਅਰਥ ਸ਼ਾਸ਼ਤਰ, ਰਾਜਨੀਤੀ ਸ਼ਾਸ਼ਤਰ ਅਤੇ ਕਾਨੂੰਨ ਦਾ ਗਹਿਰਾ ਅਧਿਐਨ ਕੀਤਾ ਅਤੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਉਹ ਬੜੌਦਾ ਦੇ ਮਹਾਰਾਨਾ ਦੇ ਪ੍ਰਸ਼ਾਸਨ ਵਿਚ ਸੈਨਿਕ ਸਚਿਵ (ਸਕੱਤਰ) ਦੇ ਅਹੁਦੇ ‘ਤੇ ਨਿਯੁੱਕਤ ਹੋਏ ਪਰ ਦਫ਼ਤਰ ਵਿਚ ਦੂਰ-ਵਿਵਹਾਰ ਦੇ ਕਾਰਣ, ਛੂਤ-ਛਾਤ ਦੇ ਸ਼ਰਾਪ ਦੇ ਕਾਰਣ ਉਨ੍ਹਾਂ ਨੇ ਇਹ ਅਹੁੱਦਾ ਛੱਡ ਦਿੱਤਾ। ਵਕਾਲਤ ਪੇਸ਼ਾ ਆਪਣਾ ਕੇ ਉਨ੍ਹਾਂ ਨੇ ਹੇਠਲੇ ਵਰਗ ਦੇ ਕਲਿਆਣ ਲਈ ਕਾਰਜਸ਼ੀਲਤਾ ਸ਼ੁਰੂ ਕਰ ਦਿੱਤੀ। ਸਮਾਜਿਕ ਸਮਤਾਵਾਦ, ਦੇਸ਼ ਦੀ ਆਜ਼ਾਦੀ, ਸਮੰਤਵਾਦ ਹੇਠਲੇ ਵਰਗ ਦੀ ਵਿਦਿਆ ਲਈ ਸੰਘਰਸ਼ ਤੇਜ਼ ਕਰ ਦਿੱਤੇ। 1927 ਵਿਚ ਡਾ. ਅੰਬੇਦਕਰ ਬੁੰਬਈ ਵਿਧਾਨ ਪ੍ਰੀਸ਼ਦ ਲਈ ਚੁਣੇ ਗਏ। ਇਸੇ ਦੌਰਾਨ ਉਨ੍ਹਾਂ ਨੇ ਕਈ ਉਚੇ ਅਹੁਦੇ ਹਾਸਲ ਕੀਤੇ ਅਤੇ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ। ਇਸੇ ਦਰਾਨ ਗਾਂਧੀ ਜੀ ਅਤੇ ਹੋਰ ਰਾਸ਼ਟਰੀ ਨੇਤਾਵਾਂ ਨੇ ਵੀ ਸਮਾਜ ਵਿਚਲੇ ਛੂਤ-ਛਾਤ ਦੇ ਕਲੰਕ ਨੂੰ ਮਿਟਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੰਵਿਧਾਨ ਦੀ ਰਚਨਾ ਦਾ ਕਾਰਜਭਾਰ ਸੌਂਪਿਆ ਗਿਆ। ਉਨ੍ਹਾਂ ਦੀ ਅਗਵਾਈ ਵਿਚ ਨਾ ਕੇਵਲ ਸੰਵਿਧਾਨ ਦੀ ਰਚਨਾ ਹੋਈ, ਬਲਕਿ ਕਾਨੂੰਨ, ਜਾਤ-ਪਾਤ ਦੀ ਸਮਾਪਤੀ ਦੀ ਨੀਂਹ ਰੱਖੀ ਗਈ। ਆਜ਼ਾਦ ਭਾਰਤ ਦੇ ਉਹ ਪਹਿਲੇ ਕਾਨੂੰਨ ਮੰਤਰੀ ਬਣੇ। ਉਨ੍ਹਾਂ ਦਾ ਵਿਸ਼ਵਾਸ ਬੁੱਧ ਧਰਮ ਤੇ ਅਟੁੱਟ ਸੀ। ਉਹ ਮਹਾਤਮਾ ਬੁੱਧ ਦੇ ਪ੍ਰਸ਼ੰਸਕ ਸਨ ਅਤੇ ਬੁੱਧ ਧਰਮ ਨੂੰ ਗ੍ਰਹਿਣ ਕਰ ਲਿਆ ਸੀ। ਡਾ. ਭੀਮ ਰਾਓ ਅੰਬੇਦਕਰ ਨੂੰ ਸੱਚੀ ਸ਼ਰਧਾਂਜ਼ਲੀ ਇਹੋ ਹੀ ਹੋ ਸਕਦੀ ਹੈ ਕਿ ਸਭਨਾਂ ਨੂੰ ਯੋਗਤਾ ਦੇ ਆਧਾਰ ‘ਤੇ ਸਮਾਜ ਵਿਚ, ਜੀਵਨ ਵਿਚ ਮਾਨ-ਸਨਮਾਨ ਮਿਲੇ।