ਅਲਬਰਟਾ ’ਚ ਹੋਮ ਬਿਲਡਰ ਬੂਟਾ ਸਿੰਘ ਗਿੱਲ ਦੀ ਗੋਲੀ ਮਾਰ ਕੇ ਹੱਤਿਆ

0
5

ਐਡਮਿੰਟਨ-ਦੱਖਣੀ ਪੱਛਮੀ ਐਡਮਿੰਟਨ ਵਿਚ ਇਕ ਉਸਾਰੀ ਵਾਲੀ ਥਾਂ ’ਤੇ ਦਿਨ ਸਮੇਂ ਸ਼ਰੇਆਮ ਹੋਈ ਗੋਲੀਬਾਰੀ ਵਿਚ ਸਥਾਨਕ ਮਸ਼ਹੂਰ ਹੋਮ ਬਿਲਡਰ ਬੂਟਾ ਸਿੰਘ ਗਿੱਲ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਿਕ ਗੋਲੀਬਾਰੀ ਦੁਪਹਿਰ ਸਮੇਂ ਰਿਹਾਇਸ਼ੀ ਇਲਾਕੇ ਵਿਚ ਕੈਵਨਾਗ ਬੁਲੇਵਾਰਡ ਸਾਊਥਵੈਸਟ ਅਤੇ 30ਵੇਂ ਐਵੀਨਿਊ ਸਾਊਥਵੈਸਟ ਦੇ ਨੇੜੇ ਹੋਈ। ਮਿ੍ਰਤਕਾਂ ਵਿਚ ਇਕ ਦੀ ਉਮਰ 49 ਸਾਲ ਤੇ ਦੂਸਰੇ ਦੀ 57 ਸਾਲ ਸੀ। ਗੰਭੀਰ ਰੂਪ ਵਿਚ ਜ਼ਖ਼ਮੀ ਹੋਏ 51 ਸਾਲਾ ਵਿਅਕਤੀ ਹਸਪਤਾਲ ਵਿਚ ਦਾਖਲ ਹੈ। ਐਡਮਿੰਟਨ ਪੁਲਿਸ ਸਰਵਿਸ ਦੇ ਸਾਬਕਾ ਜਾਂਚ ਅਧਿਕਾਰੀ ਮੋ ਬੰਗਾ ਜਿਹੜਾ ਸਾਬਕਾ ਸਿਟੀ ਕੌਂਸਲਰ ਵੀ ਹਨ ਦਾ ਕਹਿਣਾ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਹੈ। ਉਹ ਐਡਮਿੰਟਨ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਘਟਨਾ ਵਾਲੀ ਥਾਂ ’ਤੇ ਇਕੱਤਰ ਹੋਏ ਦਰਜਨਾਂ ਲੋਕਾਂ ਵਿਚੋਂ ਇਕ ਸੀ। ਬੰਗਾ ਨੇ ਦੱਸਿਆ ਕਿ ਗੋਲੀਬਾਰੀ ਦਾ ਸ਼ਿਕਾਰ ਇਕ ਵਿਅਕਤੀ ਗਿਲ ਬਿਲਟ ਹੋਮਜ਼ ਲਿਮਟਿਡ ਦਾ ਮਾਲਕ ਬੂਟਾ ਸਿੰਘ ਗਿੱਲ ਸੀ। ਕੰਪਨੀ ਐਡਮਿੰਟਨ ਇਲਾਕੇ ਵਿਚ ਘਰਾਂ ਦੀ ਉਸਾਰੀ ਕਰਦੀ ਹੈ। ਦੋਵਾਂ ਵਿਅਕਤੀਆਂ ਦੇ ਪਰਿਵਾਰ ਇਕ ਦੂਸਰੇ ਨੂੰ ਜਾਣਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਵਿਆਹਾਂ ਵਿਚ ਸ਼ਾਮਿਲ ਹੁੰਦੇ ਰਹੇ ਹਨ। ਬੰਗਾ ਨੇ ਦੱਸਿਆ ਕਿ ਗਿੱਲ ਇਕ ਦਿਲਦਾਰ ਵਿਅਕਤੀ ਸੀ ਜਿਹੜਾ ਕਮਿਊਨਿਟੀ ਦੀ ਖੁਲ੍ਹੇ ਦਿਲ ਨਾਲ ਮਦਦ ਕਰਦਾ ਸੀ। ਉਹ ਹਰ ਇਕ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ।। ਗਿੱਲ ਸੇਂਟ ਐਲਬਰਟ ਟਰੇਲ ’ਤੇ ਸਥਿਤ ਸਾਡੇ ਗੁਰਦੁਆਰੇ ਦਾ ਪ੍ਰਮੁੱਖ ਮੈਂਬਰ ਸੀ ਅਤੇ ਇਕ ਦਿਨ ਪਹਿਲਾਂ ਉਹ ਗੁਰਦੁਆਰਾ ਸਾਹਿਬ ਵਿਚ ਲੰਗਰ ਛਕਾਉਣ ਦੀ ਸੇਵਾ ਕਰਦਾ ਰਿਹਾ। ਗਿੱਲ ਆਪਣੇ ਪਿੱਛੇ ਪਤਨੀ, ਧੀ ਤੇ ਪੁੱਤਰ ਛੱਡ ਗਿਆ ਹੈ। ਪੁਲਿਸ ਨੇ ਦੱਸਿਆ ਕਿ ਈਪੀਐਸ ਹੋਮੀਸਾਈਡ ਜਾਂਚ ਅਧਿਕਾਰੀ ਇਸ ਜਾਂਚ ਦੀ ਅਗਵਾਈ ਕਰ ਰਹੇ ਹਨ। ਪੁਲਿਸ ਨੇ ਕਿਸੇ ਗਿ੍ਰਫ਼ਤਾਰੀ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਉਹ ਕਿਸੇ ਸ਼ੱਕੀ ਦੀ ਭਾਲ ਵਿਚ ਵੀ ਨਹੀਂ ਹੈ।