ਕੌਮੀ ਕਾਰਬਨ ਕੀਮਤ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਲਈ ਐਨਡੀਪੀ ਨੇ ਟੌਰੀ ਦੀ ਮੰਗ ਦਾ ਕੀਤਾ ਸਮਰਥਨ

0
6

ਓਟਵਾ-ਫੈਡਰਲ ਨਿਊ ਡੈਮੋਕਰੈਟਸ ਨੇ ਕੰਸਰਵੇਟਿਵਾਂ ਦੀ ਇਸ ਮੰਗ ਦਾ ਸਮਰਥਨ ਕੀਤਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪ੍ਰੀਮੀਅਰਾਂ ਨਾਲ ਕਾਰਬਨ ਕੀਮਤਾਂ ਬਾਰੇ ਟੈਲੀਵੀਜ਼ਨ ’ਤੇ ਪ੍ਰਸਾਰਤ ਹੋਣ ਵਾਲੀ ਐਮਰਜੈਂਸੀ ਮੀਟਿੰਗ ਵਿਚ ਹਿੱਸਾ ਲੈਣ। ਐਨਡੀਪੀ ਦੇ ਵਾਤਾਵਰਣ ਆਲੋਚਕ ਲੌਰਲ ਕੌਲਿਨਜ਼ ਨੇ ਕਿਹਾ ਕਿ ਫੈਡਰਲ ਕਾਰਬਨ ਕੀਮਤ ਪੌਣਪਾਣੀ ਨੀਤੀ ਦਾ ਬਹੁਤ ਮਹੱਤਵਪੂਰਣ ਹਿੱਸਾ ਨਹੀਂ ਅਤੇ ਨਿਊ ਡੈਮੋਕਰੈਟਸ ਪ੍ਰੀਮੀਅਰਾਂ ਵਲੋਂ ਪੇਸ਼ ਕੀਤੀਆਂ ਬਦਲਵੀਆਂ ਯੋਜਨਾਵਾਂ ’ਤੇ ਵਿਚਾਰ ਲਈ ਤਿਆਰ ਹਨ। ਕੋਲਿਨਜ਼ ਨੇ ਲਿਬਰਲ ਸਰਕਾਰ ’ਤੇ ਪੌਣਪਾਣੀ ਨੂੰ ਇਕ ਰਾਜਨੀਤਕ ਪਾੜੇ ਦੇ ਮੁੱਦੇ ਵਜੋਂ ਵਰਤਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਮੀਟਿੰਗ ਕੈਨੇਡੀਅਨਾਂ ਨੂੰ ਇਕਜੁੱਟ ਕਰਨ ਅਤੇ ਨਵੇਂ ਵਿਚਾਰਾਂ ਨੂੰ ਸਾਹਮਣੇ ਲਿਆਉਣ ਵਿਚ ਮਦਦ ਕਰੇਗੀ। ਪੌਣਪਾਣੀ ਐਮਰਜੈਂਸੀ ਨਾਲ ਲੜਾਈ, ਰਹਿਣ ਸਹਿਣ ਦੀ ਲਾਗਤ ਦੇ ਸੰਕਟ ਨੂੰ ਹੱਲ ਕਰਨ ਲਈ ਸਾਨੂੰ ਕੈਨੇਡੀਅਨਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਅਤੇ ਸਾਨੂੰ ਉਸ ਸਰਕਾਰ ਦੀ ਲੋੜ ਹੈ ਜਿਹੜੀ ਉਨ੍ਹਾਂ ਦਾ ਸਮਰਥਨ ਕਰੇਗੀ। ਨਿਊ ਡੈਮੋਕਰੈਟਸ ਨੇ ਕੰਸਰਵੇਟਿਵਾਂ ਦੀ ਇਸ ਮੰਗ ਵਾਲੇ ਨਾਨ-ਬਾਈਡਿੰਗ ਮਤੇ ਦਾ ਸਮਰਥਨ ਕੀਤਾ ਕਿ ਟਰੂਡੋ ਪੰਜ ਹਫ਼ਤਿਆਂ ਦੇ ਅੰਦਰ ਅੰਦਰ ਸੂਬਾ ਤੇ ਟੈਰੀਟੋਰੀਅਲ ਨੇਤਾਵਾਂ ਨਾਲ ਮੀਟਿੰਗ ਕਰੇ। ਬੁੱਧਵਾਰ ਨੂੰ ਮਤਾ ਹਾਊਸ ਆਫ ਕਾਮਨਜ਼ ਵਿਚ ਦੋਵਾਂ ਨਿਊ ਡੈਮੋਕਰੈਟਸ ਅਤੇ ਬਲੌਕ ਕਿਉਬਕੋਇਸ ਦੀ ਮਦਦ ਨਾਲ ਪਾਸ ਹੋ ਗਿਆ। ਲਿਬਰਲ ਐਮਪੀਜ਼ ਨੇ ਇਸ ਦਾ ਵਿਰੋਧ ਕੀਤਾ। ਉਧਰ ਪ੍ਰਧਾਨ ਮੰਤਰੀ ਟਰੂਡੋ ਨੇ ਵਿਵਾਦਪੂਰਣ ਟੈਕਸ ਨੂੰ ਲੈ ਕੇ ਪ੍ਰੀਮੀਅਰਾਂ ਨਾਲ ਮੀਟਿੰਗ ਕਰਨ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਉਸ ਦਾ ਮੰਨਣਾ ਕਿ ਪ੍ਰੀਮੀਅਰ ਗ੍ਰੀਨਹਾਊਸ ਗੈਸ ਨਿਕਾਸ ਨੂੰ ਘਟਾਉਣ ਲਈ ਕੋਈ ਬਦਲ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੇ ਫੈਡਰਲ ਕਾਰਬਨ ਕੀਮਤ ਪ੍ਰੋਗਰਾਮ ਬਾਰੇ ਸ਼ਿਕਾਇਤ ਕਰਨਗੇ ਅਤੇ ਰਾਜਨੀਤਕ ਲਾਹਾ ਲੈਣਗੇ।