ਭਾਰਤ-ਪਾਕਿ ਦੀ ਨਹੀਂ, ਪੰਜਾਬ ਦੀ ਵੰਡ ਹੋਈ ਸੀ-ਇਸ਼ਤਿਆਕ ਅਹਿਮਦ

0
10
????????????????????????????????????

ਲੁਧਿਆਣਾ-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿੱਚ ‘ਲੁਧਿਆਣਾ ਤੋਂ ਲਾਹੌਰ ਦੇਸ਼ ਵੰਡ ਦੇ ਆਰ-ਪਾਰ‘ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ। ਚਰਚਾ ਵਿੱਚ ਸਟਾਕਹੋਮ ਯੂਨੀਵਰਸਿਟੀ ਸਵੀਡਨ ਦੇ ਪ੍ਰੋਫੈਸਰ ਜਨਾਬ ਇਸ਼ਤਿਆਕ ਅਹਿਮਦ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਦੱਸਿਆ ਕਿ 1947 ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ। ਇਹ ਭਾਰਤ-ਪਾਕਿ ਦੀ ਵੰਡ ਨਹੀਂ ਸਗੋਂ ਪੰਜਾਬ ਦੀ ਵੰਡ ਸੀ। ਜੇ ਉਸ ਸਮੇਂ ਮੁਹੰਮਦ ਅਲੀ ਜਿਨਾਹ ਹੋਰਨਾਂ ਆਗੂਆਂ ਦੀ ਸਲਾਹ ਮੰਨ ਲੈਂਦੇ ਤਾਂ ਇਸ ਵੰਡ ਅਤੇ ਨੁਕਸਾਨ ਨੂੰ ਟਾਲਿਆ ਜਾ ਸਕਦਾ ਸੀ। ਸਭ ਤੋਂ ਪਹਿਲਾਂ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰੋ. ਇਸ਼ਤਿਆਕ ਅਹਿਮਦ ਦਾ ਸਵਾਗਤ ਕੀਤਾ। ਪੰਜਾਬੀ ਯੂਨੀਵਰਸਿਟੀ ਤੋਂ ਡਾ. ਸੁਰਜੀਤ ਨੇ ਪ੍ਰੋ. ਅਹਿਮਦ ਨਾਲ ਜਾਣ-ਪਛਾਣ ਕਰਵਾਈ। ਮੁੱਖ ਬੁਲਾਰੇ ਪ੍ਰੋ. ਇਸ਼ਤਿਆਕ ਅਹਿਮਦ ਨੇ ਕਿਹਾ ਕਿ ਜੇ ਮੁਹੰਮਦ ਅਲੀ ਜਿਨਾਹ ਮੁਸਲਮਾਨ ਆਬਾਦੀ ਵਾਲੇ ਇਲਾਕੇ ਪਾਕਿਸਤਾਨ ਵਿੱਚ ਸ਼ਾਮਿਲ ਕਰਨ ਦੀ ਜ਼ਿਦ ਛੱਡ ਦਿੰਦੇ ਤਾਂ ਵੰਡ ਸਮੇਂ ਹੋਏ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਈ ਮੁਸਲਮਾਨ ਪਰਿਵਾਰ ਜੋ ਵੰਡ ਵੇਲੇ ਪਾਕਿਸਤਾਨ ਚਲੇ ਗਏ ਸਨ, ਸਾਲ ਮਗਰੋਂ ਉਹ ਭਾਰਤ ਵਿੱਚ ਵਾਪਸ ਆ ਗਏ। ਇਨ੍ਹਾਂ ’ਚ ਸਾਹਿਰ ਲੁਧਿਆਣਵੀ, ਬੀਆਰ ਚੋਪੜਾ ਆਦਿ ਦੇ ਪਰਿਵਾਰ ਗਿਣੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਹਿਰ ਲੁਧਿਆਣਵੀ ਦੀਆਂ ਨਜ਼ਮਾਂ ਪਾਕਿਸਤਾਨ ਰਹਿੰਦਿਆਂ ਰੇਡੀਓ ‘ਤੇ ਸੁਣੀਆਂ ਸਨ। ਉਨ੍ਹਾਂ ਆਪਣੇ ਪੁੱਤ ਦਾ ਨਾਂ ਵੀ ਸਾਹਿਰ ਦੇ ਨਾਂ ‘ਤੇ ਰੱਖਿਆ ਹੈ। ਉਹ ਸਾਹਿਰ ਬਾਰੇ ਜਾਣਨ ਅਤੇ ਲਿਖਣ ਲਈ ਦੋ ਵਾਰ ਲੁਧਿਆਣਾ ਅਤੇ ਕਰੀਬ ਪੰਜ ਵਾਰ ਪੰਜਾਬ ਆ ਚੁੱਕਿਆ ਹੈ। ਵੰਡ ਦਾ ਸੰਤਾਪ ਸਿਰਫ਼ ਉਸ ਸਮੇਂ ਦੇ ਲੋਕਾਂ ਨੇ ਹੀ ਨਹੀਂ ਹੰਢਾਇਆ ਸਗੋਂ ਆਉਣ ਵਾਲੀਆਂ ਕਈ ਪੀੜ੍ਹੀਆਂ ਵੀ ਇਹ ਸੰਤਾਪ ਭੋਗਦੀਆਂ ਰਹਿਣਗੀਆਂ। ਇਸ ਮੌਕੇ ਸਵਾਲ-ਜਵਾਬ ਵੀ ਹੋਏ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਡਾ. ਅਮਰਜੀਤ ਸਿੰਘ ਹੇਅਰ, ਇਸ਼ਤਿਆਕ ਅਹਿਮਦ ਦੀ ਪਤਨੀ ਅਤੇ ਡਾ. ਸੁਰਜੀਤ ਸ਼ਾਮਿਲ ਸਨ। ਸਮਾਗਮ ਵਿੱਚ ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਕਰਮਜੀਤ ਗਰੇਵਾਲ, ਆਰਕੇ ਗੋਇਲ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਮਾਂਗਟ, ਸਤੀਸ਼ ਗੁਲਾਟੀ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਬਲਕੌਰ ਸਿੰਘ, ਦੀਪ ਲੁਧਿਆਣਵੀ, ਮਲਕੀਤ ਸਿੰਘ ਔਲਖ, ਰਵੀ ਰਵਿੰਦਰ, ਮੀਤ ਅਨਮੋਲ, ਸਰਬਜੀਤ ਸਿੰਘ ਵਿਰਦੀ, ਗੁਰਪ੍ਰੀਤ ਕੌਰ ਹਾਜ਼ਰ ਸਨ।