ਭਗਵੰਤ ਮਾਨ ਨੇ ਲੰਗਾਹ ਦੇ ਪੁੱਤ ਦੇ ਮਾਮਲੇ ’ਚ ਮਜੀਠੀਆ ’ਤੇ ਤਨਜ਼ ਕੱਸਿਆ

0
6

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਤਨਜ਼ ਕਸਿਆ ਹੈ। ਉਨ੍ਹਾਂ ਮਜੀਠੀਆ ਨੂੰ ਸਬੰਧਤ ਮਾਮਲੇ ‘ਤੇ ਸਫਾਈ ਦੇਣ ਦੀ ਅਪੀਲ ਕੀਤੀ ਹੈ। ਸ੍ਰੀ ਮਾਨ ਨੇ ‘ਐਕਸ‘ ਉੱਤੇ ਕਿਹਾ ਕਿ ‘ਮਜੀਠੀਆ ਨੇ ਸੁੱਚਾ ਸਿੰਘ ਲੰਗਾਹ ਦੇ ਪੁੱਤ ਬਾਰੇ ਪ੍ਰੈੱਸ ਕਾਨਫਰੰਸ ਕਿਉਂ ਨਹੀਂ ਕੀਤੀ। ਉਸ ਦੇ ਵੀ ਮਾਮਾ ਜੀ ਬਣੋ।‘ ‘ਆਪ‘ ਆਗੂਆਂ ਨੇ ਕਿਹਾ ਕਿ ਮਜੀਠੀਆ ਵੱਲੋਂ ਹਰ ਸਮੇਂ ‘ਤੇ ਪ੍ਰੈੱਸ ਕਾਨਫਰੰਸ ਕੀਤੀ ਜਾਂਦੀ ਹੈ, ਪਰ ਲੰਗਾਹ ਦੇ ਪੁੱਤ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ‘ਤੇ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਇਸ ਮਾਮਲੇ ‘ਤੇ ਵੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰੈੱਸ ਕਾਨਫਰੰਸ ਕਰਕੇ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਧੀ ਸੀਰਤ ਦਾ ਮਾਮਾ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ। ਉਸੇ ਦੇ ਚਲਦਿਆਂ ਮੁੱਖ ਮੰਤਰੀ ਨੇ ਮਜੀਠੀਆ ਨੂੰ ਲੰਗਾਹ ਵਾਲੇ ਮਾਮਲੇ ‘ਤੇ ਵੀ ਪ੍ਰੈੱਸ ਕਾਨਫਰੰਸ ਕਰਕੇ ਸਥਿਤੀ ਸਪੱਸ਼ਟ ਕਰਨ ਬਾਰੇ ਕਿਹਾ ਹੈ। ਦੂਜੇ ਪਾਸੇ, ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸੀਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਪਛਾਨਣ ਤੋਂ ਮਨ੍ਹਾਂ ਕਰਕੇ ਭਾਣਜੀ ਕਹਿ ਦਿੱਤਾ ਸੀ। ਇਸੇ ਕਰਕੇ ਮੈਂ ਸੀਰਤ ਦਾ ਮਾਮਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਬਾਪ ਦੇ ਫਰਜ਼ ਤੋਂ ਭੱਜੇ ਹਨ, ਜੇ ਸੀਰਤ ਤੇ ਦਿਲਸ਼ਾਨ ਮੈਨੂੰ ਇਜਾਜ਼ਤ ਦੇਣ ਤਾਂ ਮੈਂ ਮਾਮਾ ਬਣਨ ਲਈ ਤਿਆਰ ਹਾਂ।