ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਦਾ 114 ਸਾਲ ਦੀ ਉਮਰ ’ਚ ਦਿਹਾਂਤ

0
10

ਕਰਾਕਸ-ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਪੇਰੇਜ਼ ਮੋਰਾ ਦੀ 114 ਸਾਲ ਦੀ ਉਮਰ ’ਚ ਮੌਤ ਹੋ ਗਈ ਹੈ। ਜੁਆਨ ਵੈਨੇਜ਼ੁਏਲਾ ਦੇ ਰਹਿਣ ਵਾਲੇ ਸਨ। ਫਰਵਰੀ 2022 ਵਿੱਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਉਨ੍ਹਾਂਨੂੰ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ। ਉਸ ਸਮੇਂ ਉਨ੍ਹਾਂ ਦੀ ਉਮਰ 112 ਸਾਲ 253 ਦਿਨ ਸੀ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜੁਆਨ ਦੀ ਮੌਤ ਦੀ ਘੋਸ਼ਣਾ ਕੀਤੀ। ਜੁਆਨ ਦਾ ਜਨਮ 27 ਮਈ 1909 ਨੂੰ ਹੋਇਆ ਸੀ। ਉਨ੍ਹਾਂ ਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਅਤੇ 12 ਗ੍ਰੇਟ ਗ੍ਰੈਂਡਚਿਲਡਰਨ ਹਨ। ਗਿਨੀਜ਼ ਦੀ ਰਿਪੋਰਟ ਮੁਤਾਬਕ ਜੁਆਨ ਪੇਸ਼ੇ ਤੋਂ ਕਿਸਾਨ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਸਖ਼ਤ ਮਿਹਨਤ, ਸਮੇਂ ਸਿਰ ਆਰਾਮ ਕਰਨਾ ਅਤੇ ਹਰ ਰੋਜ਼ ਗੰਨੇ ਦੀ ਸ਼ਰਾਬ ਦਾ ਇੱਕ ਗਲਾਸ ਪੀਣਾ ਹੈ। 5 ਸਾਲ ਦੀ ਉਮਰ ਵਿੱਚ, ਜੁਆਨ ਨੇ ਆਪਣੇ ਪਿਤਾ ਅਤੇ ਭਰਾਵਾਂ ਨਾਲ ਖੇਤ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਗੰਨੇ ਅਤੇ ਕੌਫੀ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕਰਦੇ ਸਨ। ਇਸ ਤੋਂ ਬਾਅਦ ਉਹ ਸ਼ੈਰਿਫ (ਸਥਾਨਕ ਪੁਲਿਸ ਅਧਿਕਾਰੀ) ਬਣ ਗਏ ਅਤੇ ਆਪਣੇ ਖੇਤਰ ਵਿੱਚ ਜ਼ਮੀਨ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਨਾਂ ਨੇ ਖੇਤੀ ਕਰਨੀ ਜਾਰੀ ਰੱਖੀ।