ਬਦਲਦੀ ਜੀਵਨ ਸ਼ੈਲੀ ’ਚ ਰੱਖੋ ਦਿਲ ਦਾ ਖ਼ਿਆਲ

0
12

ਅੱਜ-ਕੱਲ੍ਹ ਸਾਡਾ ਰਹਿਣ-ਸਹਿਣ, ਖਾਣ-ਪੀਣ ਬਹੁਤ ਬਦਲ ਗਿਆ ਹੈ। ਆਲੇ-ਦੁਆਲੇ ਦਾ ਕੁਦਰਤੀ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਗਿਆ ਹੈ। ਇਸ ਨਾਲ ਕੁਝ ਆਮ ਸਮੱਸਿਆਵਾਂ ਜਾਂ ਬਿਮਾਰੀਆਂ ਜਿਵੇਂ ਸਰੀਰ ਦਾ ਭਾਰ ਵੱਧ ਹੋਣਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜ਼ਿਆਦਾ ਤਣਾਅ, ਜੰਕ ਫੂਡ ਜਾਂ ਡੱਬਾ ਬੰਦ ਭੋਜਨ ਤੋਂ ਇਲਾਵਾ ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਆਦਿ ਮੁੱਖ ਕਾਰਨ ਹਨ, ਜੋ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਹਨ। ਕੁਝ ਛੋਟੇ ਬੱਚਿਆਂ ‘ਤੇ ਬੇਫ਼ਜ਼ੂਲਾ ਬੋਝ, ਫਿਰ ਉਹ ਚਾਹੇ ਵੱਧ ਅੰਕ ਪ੍ਰਾਪਤ ਕਰਨ ਦਾ ਹੋਵੇ, ਸਕੂਲ-ਕਾਲਜ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਦਾ ਜਾਂ ਫਿਰ ਮਾਪਿਆਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕਿੱਤਾ ਚੁਣਨ ਲਈ ਜ਼ੋਰ ਪਾਇਆ ਜਾਵੇ ਤਾਂ ਉਹ ਮਾਨਸਿਕ ਪੀੜਾ ‘ਚ ਚਲੇ ਜਾਂਦੇ ਹਨ। ਇਸ ਸਭ ਤੋਂ ਅੱਜ ਬਚਣ ਦੀ ਲੋੜ ਹੈ।
ਇਸ ਸਭ ਬਾਰੇ ਜਾਣਦਿਆਂ ਵੀ ਅਸੀਂ ਅਨਜਾਣ ਬਣੇ ਰਹਿੰਦੇ ਹਾਂ ਕਿਉਂਕਿ ਦਿਲ ਦੇ ਅਸਲ ਮਾਮਲਿਆਂ ਬਾਰੇ ਸੁਚੇਤ ਨਹੀਂ ਹੁੰਦੇ। ਸ਼ਾਇਦ ਇਹੀ ਕਾਰਨ ਹੈ ਕਿ ਦਿਲ ਦੇ ਮਾਮਲਿਆਂ ਤੋਂ ਅਨਜਾਣਤਾ ‘ਚ ਜੀਅ ਰਹੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਲ 2000 ਤੋਂ ਹਰ ਸਾਲ ਸਤੰਬਰ ਮਹੀਨੇ ਦੀ 29 ਤਰੀਕ ਨੂੰ ‘ਦਿਲ ਦਿਵਸ‘ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਸਾਲ 2014 ਤੋਂ ‘ਵਰਡਲ ਹਾਰਟ ਡੇਅ‘ ਮਨਾਇਆ ਵੀ ਜਾਣ ਲੱਗ ਪਿਆ। ਇਸ ਨੂੰ ਮਨਾਉਣ ਦਾ ਮੁੱਖ ਕਾਰਨ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਕਰਨਾ ਹੈ ਕਿਉਂਕਿ ਦਿਲ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸੰਭਾਲ ਲਈ ਸਾਨੂੰ ਆਪਣੀ ਜ਼ਿੰਦਗੀ ਜਿਊਣ ਦੇ ਤੌਰ-ਤਰੀਕੇ ਕੁਝ ਹੱਦ ਤੱਕ ਬਦਲਣੇ ਪੈਣਗੇ। ਡਾਕਟਰਾਂ ਮੁਤਾਬਿਕ ਕੋਰੋਨਾ ਕਾਲ ਤੋਂ ਬਾਅਦ ਮਨੁੱਖਾਂ ਵਿਚ ਦਿਲ ਦੇ ਰੋਗ ਨਾਲ ਲੜਨ ਦੀ ਸ਼ਕਤੀ ਘਟੀ ਹੈ। ਆਓ ਜਾਣਦੇ ਹਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਕੁਝ ਨੁਕਤੇ, ਜਿਨ੍ਹਾਂ ਨੂੰ ਅਪਣਾ ਕੇ ਕਾਫ਼ੀ ਤੱਕ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ :-
ਦਿਲ ਦੇ ਦੌਰੇ ਤੋਂ ਬਚਣ ਲਈ ਸਮੇਂ ਸਿਰ ਸੌਣਾ ਅਤੇ ਸਵੇਰ ਵੇਲੇ ਸਮੇਂ ਸਿਰ ਉੱਠ ਕੇ ਸੈਰ ਦੀ ਆਦਤ ਨੂੰ ਅਪਨਾਉਣਾ ਪਵੇਗਾ।
ਜ਼ਿਆਦਾ ਦੇਰ ਤੱਕ ਕੰਪਿਊਟਰ ਜਾਂ ਮੋਬਾਈਲ ‘ਤੇ ਟਿਕਟਿਕੀ ਲਗਾਈ ਵੇਖਣ ਨਾਲ ਵੀ ਤਣਾਅ ਪੈਦਾ ਹੁੰਦਾ ਹੈ। ਇਸ ਸਭ ਦੀ ਵਰਤੋਂ ਨੂੰ ਬਿਨਾਂ ਦੇਰੀ ਘਟਾਉਣ ਨਾਲ ਸਾਡੀ ਮਾਨਸਿਕ ਸਿਹਤ ‘ਚ ਸੁਧਾਰ ਹੋਵੇਗਾ।
ਰਾਤ ਦਾ ਭੋਜਨ ਸ਼ਾਮ ਸੱਤ ਵਜੇ ਤੱਕ ਕਰ ਲਿਆ ਜਾਵੇ ਤਾਂ ਚੰਗੀ ਆਦਤ ਹੋਵੇਗੀ ਤੇ ਜੇ ਭੋਜਨ ਪ੍ਰੋਟੀਨ ਤੇ ਫਾਈਬਰ-ਯੁਕਤ ਹੋਵੇ ਤਾਂ ਹੋਰ ਵੀ ਚੰਗਾ ਹੈ।
ਮੋਟਾਪਾ ਵਧਾਉਣ ਵਾਲੇ ਭੋਜਨਾਂ ਦੀ ਵਰਤੋਂ ਬਿਨਾਂ ਦੇਰੀ ਘਟਾਉਣੀ ਚਾਹੀਦੀ ਹੈ।
ਰੋਜ਼ਾਨਾ ਸੈਰ ਜਾਂ ਕੁਝ ਸਮਾਂ ਕਸਰਤ ਦੀ ਆਦਤ ਸਾਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਨੇੜੇ ਜਾਣ ਲਈ ਪੈਦਲ ਜਾਈਏ ਜਾਂ ਫਿਰ ਸਾਈਕਲ ਦੀ ਵਰਤੋਂ ਕਰਨ ਨਾਲ ਵੀ ਸਰੀਰ ਚੁਸਤ-ਫੁਰਤ ਰਹਿੰਦਾ
ਸਮੇਂ-ਸਮੇਂ ‘ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਦਾ ਸੰਕੇਤ ਮਿਲੇ ਤਾਂ ਤੁਰੰਤ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ।