ਜ਼ਰੂਰ ਕਰੋ ਮੂੰਹ ਦੀ ਸਫ਼ਾਈ

0
17

ਕਿਸੇ ਵਿਅਕਤੀ ਦੇ ਮੂੰਹ ਦੇ ਅੰਦਰੂਨੀ ਹਿੱਸਿਆਂ ਦੇ ਲੱਛਣਾਂ ਤੋਂ ਵੀ ਉਸ ਦੀ ਸਰੀਰਕ ਤੰਦੁਰਸਤੀ ਦਾ ਪਤਾ ਲੱਗ ਸਕਦਾ ਹੈ। ਦਰਅਸਲ ਅਜਿਹੇ ਅਨੇਕਾਂ ਸਰੀਰਕ ਰੋਗ ਹਨ, ਜਿਹੜੇ ਇਨਸਾਨ ਦੇ ਮੂੰਹ ਦੀਆਂ ਬਿਮਾਰੀਆਂ ਦੇ ਕਾਰਨ ਬਣਦੇ ਹਨ।
ਜਿਵੇਂ ਸ਼ੂਗਰ ਦੇ ਰੋਗ ਕਾਰਨ ਆਦਮੀ ਦੇ ਮੂੰਹ ਵਿਚਲੇ ਥੁੱਕ (ਸਲਾਈਵਾ) ਵਿਚ ਖੰਡ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਉੱਥੇ ਜੀਵਾਣੂਆਂ ਦੀ ਲਾਗ ਲੱਗਣ ਕਾਰਨ ਦੰਦਾਂ ਨੂੰ ਖੋਰਾ ਲੱਗ ਜਾਂਦਾ ਹੈ ਤੇ ਮਸੂੜੇ ਵੀ ਸੁੱਜ ਜਾਂਦੇ ਹਨ। ਇਸੇ ਤਰ੍ਹਾਂ ਏਡਜ਼ ਦੇ ਰੋਗੀ ’ਚ ਉਸ ਦੀ ਰੋਗ ਰੱਖਿਅਤ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਉਸ ਦੇ ਮੂੰਹ ਵਿਚ ਜੀਵਾਣੂਆਂ ਅਤੇ ਫੰਗਸ ਦੀ ਲਾਗ ਲੱਗ ਸਕਦੀ ਹੈ। ਆਮ ਤੌਰ ’ਤੇ ਬਜ਼ੁਰਗਾਂ ’ਚ ਹੋਣ ਵਾਲਾ ਓਸਟੀਓਪਰੋਸਿਸ ਅਜਿਹਾ ਰੋਗ ਹੈ, ਜਿਸ ਵਿਚ ਹੱਡੀਆਂ ਭੁਰਭੁਰੀਆਂ ਤੇ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੋ ਰੋਗੀਆਂ ਦੀਆਂ ਜਬਾੜੇ ਦੀਆਂ ਹੱਡੀਆਂ ਖੋਖਲੀਆਂ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਦੰਦ ਕਮਜ਼ੋਰ ਹੋ ਕੇ ਡਿੱਗ ਜਾਂਦੇ ਹਨ।
ਉਕਤ ਕੁਝ ਕਾਰਨਾਂ ਤੋਂ ਇਲਾਵਾ ਮੂੰਹ ਦੇ ਰੋਗਾਂ ਦੇ ਹੋਰ ਵੀ ਅਨੇਕਾਂ ਕਾਰਨ ਹਨ। ਦੰਦਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮੂੰਹ ਦੇ ਰੋਗਾਂ ਲਈ ਸਾਡਾ ਖਾਣ-ਪੀਣ ਤੇ ਜੀਵਨ ਢੰਗ ਵੀ ਜ਼ਿੰਮੇਵਾਰ ਹਨ। ਡਾਕਟਰਾਂ ਅਨੁਸਾਰ ਜੇ ਖੰਡ-ਯੁਕਤ ਭੋਜਨ ਜ਼ਿਆਦਾ ਮਾਤਾਰ ਵਿਚ ਲਿਆ ਜਾਵੇ ਤਾਂ ਮੂੰਹ ਵਿਚਲੇ ਜੀਵਾਣੂ ਵਧੇਰੇ ਮਾਤਰਾ ਵਿਚ ਤੇਜ਼ਾਬ ਪੈਦਾ ਕਰ ਕੇ ਦੰਦਾਂ ਅਤੇ ਦਾੜ੍ਹਾਂ ਵਿਚ ਛੇਕ ਕਰ ਦਿੰਦੇ ਹਨ। ਇਸੇ ਤਰ੍ਹਾਂ ਮੂੰਹ ਦੀ ਸਫਾਈ ਜੇ ਸਹੀ ਢਾਂਗ ਨਾਲ ਨਾ ਕੀਤੀ ਜਾਵੇ ਤਾਂ ਦੰਦਾਂ ਅਤੇ ਮਸੂੜਿਆਂ ਉੱਤੇ ‘ਪਲਾਕ’ ਨਾਂਅ ਦੀ ਸਖ਼ਤ ਪਰਤ ਜੰਮ ਜਾਂਦੀ ਹੈ, ਜਿਸ ਨਾਲ ਮਸੂੜੇ ਸੁੱਜ ਜਾਂਦੇ ਹਨ ਤੇ ਉਨ੍ਹਾਂ ਵਿਚੋਂ ਖੂਨ ਰਿਸ਼ਣ ਲੱਗ ਜਾਂਦਾ ਹੈ।
ਉਕਤ ਗੱਲਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੂੰਹ ਦੀ ਸਫ਼ਾਈ ਦਾ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ। ਦਿਨ ’ਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ। ਜੀਭ ’ਤੇ ਇਕੱਠੀ ਹੋਈ ਮੈਲ ਨੂੰ ਵੀ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ। ਦੰਦਾਂ ਵਿਚਕਾਰ ਫਸੇ ਭੋਜਨ ਕਣਾਂ ਨੂੰ ਧਾਗੇ ਦੀ ਮਦਦ ਨਾਲ ਕੱਢਿਆ ਜਾਵੇ। ਲੋੜ ਪੈਣ ’ਤੇ ਮਾਊਥ ਵਾਸ਼ ਦੀ ਵਰਤੋਂ ਕੀਤੀ ਜਾਵੇ।