ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾ

0
16

ਵਿਰਾਸਤ
ਡਾ. ਗੁਰਵਿੰਦਰ ਸਿੰਘ
ਅੰਮ੍ਰਿਤ ਵੇਲੇ, ਸੰਗੀਨਾਂ ਦੀ ਛਾਂ ਹੇਠ
ਸ਼ੰਭੂ ਬਾਰਡਰ ‘ਤੇ ਜਪਜੀ ਦਾ ਪਾਠ ਕਰ ਰਹੇ
ਆਪਣੇ ਹੱਕਾਂ ਲਈ ਜੂਝਣ ਵਾਲੇ ਕਿਸਾਨਾਂ ਦੀ
ਇਹ ਅਡੋਲਤਾ ਗੁਰਬਾਣੀ, ਸਿੱਖ ਇਤਿਹਾਸ
ਅਤੇ ਵਿਰਾਸਤ ਸਦਕਾ ਹੈ
ਉਹ ਵਿਰਾਸਤ,
ਜਿੱਥੇ ਤਵੀ ਤੇ ਬੈਠੇ ਸਤਿਗੁਰੂ ਅਰਜਨ ਸਾਹਿਬ
‘ਤੇਰਾ ਕੀਆ ਮੀਠਾ ਲਾਗੈ‘ ਫਰਮਾਉਂਦੇ ਹਨ
ਉਹ ਵਿਰਾਸਤ,
ਜਿੱਥੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ
ਸਤਿਗੁਰੂ ਤੇਗ ਬਹਾਦਰ ਸਾਹਿਬ
ਅਤੇ ਅਨਿਨ ਸਿੱਖ ਸ਼ਹੀਦੀ ਪਾਉਂਦੇ ਹਨ
ਉਹ ਵਿਰਾਸਤ,
ਜਿੱਥੇ ਸਰਸਾ ਦੇ ਕੰਡੇ ‘ਤੇ ਦਸਮੇਸ਼ ਪਿਤਾ
ਯੁੱਧ ਦੌਰਾਨ ਆਸਾ ਜੀ ਦੀ ਵਾਰ ਲਾਉਂਦੇ ਹਨ
ਉਹ ਵਿਰਾਸਤ,
ਜਿੱਥੇ ਸ਼ਹੀਦ ਬੰਦਾ ਸਿੰਘ ਬਹਾਦਰ ਦੇ
ਬਾਲੜੇ ਦਾ ਕਾਲਜਾ ਪਿਤਾ ਦੇ ਮੂੰਹ ‘ਚ
ਪਾਉਣ ‘ਤੇ ਵੀ ਖਾਲਸੇ ਦੀ ਚੜ੍ਹਦੀ ਕਲਾ ਹੈ
ਉਹ ਵਿਰਾਸਤ,
ਜਿੱਥੇ ਮੁਗਲੀਆ ਹਕੂਮਤ ਨਾਲ ਆਢਾ ਲੈਂਦਿਆਂ
ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ
‘ਖਾਲਸਾ ਰਾਜ‘ ਦੀ ਸ਼ਕਤੀ ਦਰਸਾਉਂਦੇ ਨੇ
ਉਹ ਵਿਰਾਸਤ,
ਜਿੱਥੇ ਬ੍ਰਿਟਿਸ਼ ਭਾਰਤੀ ਹਕੂਮਤ ਨਾਲ ਯੁੱਧ ਕਰਦਿਆਂ
ਸਿੰਘ ਗੁਰੂ ਕੇ ਬਾਗ ਅਤੇ ਨਨਕਾਣਾ ਸਾਹਿਬ
ਦੇ ਸ਼ਹੀਦੀ ਸਾਕਿਆਂ ਮੌਕੇ ਅਡੋਲ ਰਹਿੰਦੇ ਹਨ
ਉਹ ਵਿਰਾਸਤ,
ਜਿੱਥੇ ਪੰਜਾਬ ਦੀ ਜ਼ਾਲਮ ਹਕੂਮਤ ਦੇ
ਤਸ਼ੱਦਦ ਦੇ ਬਾਵਜੂਦ ਖਾਲਸੇ
ਦਰਬਾਰ ਸਾਹਿਬ ਦੇ ਸ਼ਹੀਦੀ ਸਾਕੇ ਮੌਕੇ
ਅਡੋਲ ਰਹਿ ਕੇ ਬਾਣੀ ਦਾ ਜਾਪ ਕਰਦੇ ਹਨ
ਉਹ ਵਿਰਾਸਤ
ਜਿੱਥੇ ਭਾਰਤ ਭਰ ਵਿੱਚ ਸਰਕਾਰੀ ਸ਼ਹਿ ਤੇ ਹੋਈ
ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਚੇਤੇ ਕਰਦਿਆਂ
ਸਿੱਖ ਕੌਮ ਦੁਨੀਆ ਭਰ ‘ਚ ਖੂਨਦਾਨ ਕੈਂਪ ਲਾਉਂਦੀ ਹੈ
ਉਹ ਵਿਰਾਸਤ,
ਜਿੱਥੇ ਮੌਜੂਦਾ ਫਾਸ਼ੀਵਾਦੀ ਸਟੇਟ ਦੇ ਜਬਰ ਤੋਂ ਬੇਖੌਫ
ਕਿਸਾਨਾਂ ਵੱਲੋਂ ਅੰਮ੍ਰਿਤ ਵੇਲੇ ਜਪੁਜੀ ਦਾ ਪਾਠ
ਸ਼ੰਭੂ ਬਾਰਡਰ ‘ਤੇ ਮੌਤ ਦੇ ਸਾਏ ਹੇਠ ਹੋ ਰਿਹਾ ਹੈ।
ਇਸ ਗੌਰਮਈ ਬਿਰਤਾਂਤ ਪਿੱਛੇ
ਸ਼ਾਨਾਮੱਤਾ ਮਹਾਨ ਵਿਰਸਾ ਹੈ।
ਜਿਹੜੀਆਂ ਕੌਮਾਂ ਦਾ ਅਤੀਤ ਮਹਾਨ ਹੁੰਦਾ ਹੈ
ਉਹਨਾਂ ਦਾ ਭਵਿੱਖ ਚੜ੍ਹਦੀ ਕਲਾ ਵਾਲਾ ਹੁੰਦਾ ਹੈ।