ਸਾਨੂੰ ਧਰਮ ਅਸਥਾਨਾਂ ’ਤੇ ਕਿਉਂ ਜਾਣਾ ਚਾਹੀਦਾ ਹੈ?

0
14

ਕਿਉਂਕਿ, ਧਰਮ ਅਸਥਾਨਾਂ ਤੋਂ ਸਾਨੂੰ ਸੁਖੀ ਜੀਵਨ ਜਿਉਣ ਦੀ ਸਿੱਖਿਆ ਮਿਲਦੀ ਹੈ। ਹਰੇਕ ਧਾਰਮਿਕ ਅਸਥਾਨ: ਮਨੁੱਖ ਨੂੰ ਸ਼ੁਭ ਸਿੱਖਿਆ ਦੇਣ ਅਤੇ ਸਮਾਜ ਨੂੰ ਸੁਖੀ ਚਲਾਉਣ ਲਈ ਹੀ ਹੁੰਦੇ ਹਨ। ਜੇਕਰ ਧਰਮ ਅਸਥਾਨਾਂ ਉੱਤੇ ਅਜਿਹੇ ਸ਼ੁਭ ਕਾਰਜ ਨਹੀਂ ਹੁੰਦੇ, ਤਾਂ ਉਹ ਧਰਮ ਅਸਥਾਨਾਂ ਦੇ ਪ੍ਰਬੰਧਕਾਂ ਦੀ ਤਰੁੱਟੀ ਹੈ।
ਹਰ ਮਨੁੱਖ ਸੁਖੀ ਜੀਵਨ ਜਿਉਣਾ ਚਾਹੁੰਦਾ ਹੈ “ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ” (ਮ: 1)। ਮਨ ਅਤੇ ਤਨ ਨੂੰ ਸੁਖ ਪ੍ਰਦਾਨ ਕਰਨ ਦੇ ਮੁੱਖ ਸਰੋਤ: ਧਰਮ ਅਸਥਾਨ ਹੀ ਹਨ। ਇਸ ਲਈ, ਸੁਖ ਪ੍ਰਾਪਤੀ ਲਈ, ਹਰ ਮਨੁੱਖ ਨੂੰ ਧਰਮ ਅਸਥਾਨਾਂ ਉੱਤੇ ਜ਼ਰੂਰ ਜਾਣਾ ਚਾਹੀਦਾ ਹੈ। ਅਤੇ, ਸਾਰੇ ਧਰਮ ਅਸਥਾਨਾਂ ਨੂੰ ਵੀ, ਲੋਕਾਂ ਨੂੰ ਪਵਿੱਤਰ ਹਿਤਕਾਰੀ ਉਪਦੇਸ਼ ਅਤੇ ਸੁਖ-ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।
ਧਰਮ ਦਾ ਅਰਥ: ਕੇਵਲ ਭਗਤੀ ਕਰਨਾ, ਕਰਵਾਉਣਾ ਹੀ ਨਹੀਂ ਹੈ। ਧਰਮ ਦਾ ਅਰਥ ਹੈ: ਉਹ ਪਵਿੱਤਰ ਨਿਯਮ, ਜਿਨ੍ਹਾਂ ਦੀ ਪਾਲਣਾ ਕਰਕੇ ਮਨੁੱਖ ਦਾ ਨਿੱਜੀ, ਪਰਿਵਾਰਕ ਅਤੇ ਸਮਾਜਿਕ ਜੀਵਨ ਸੁਖੀ ਚੱਲੇ। ਸੰਸਕ੍ਰਿਤ ਦਾ ਸ਼ਲੋਕ ਹੈ:
ਅਰਥਾਤ: ਸਤਯ, ਧੀਰਯ, ਖਿਮਾ, ਮਨ ਨੂੰ ਵੱਸ ਵਿੱਚ ਕਰਨਾ, ਕ੍ਰੋਧ ਦਾ ਤਿਆਗ, ਚੋਰੀ ਦਾ ਤਿਆਗ, ਇੰਦਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਪਵਿੱਤਰਤਾ, ਨਿਰਮਲ ਬੁੱਧੀ, ਵਿੱਦਿਆ ਦਾ ਅਭਿਆਸ: ਇਹ ਦਸ ਅੰਗ ਰੂਪ ਧਰਮ ਹਨ। ਇਨ੍ਹਾਂ ਪਵਿੱਤਰ ਨਿਯਮਾਂ ਦੀ ਸਿੱਖਿਆ ਸਾਨੂੰ ਸੱਚੇ ਧਰਮ ਅਸਥਾਨਾਂ ਤੋਂ ਮਿਲਦੀ ਹੈ। ਇਸ ਲਈ, ਸਾਨੂੰ ਧਰਮ ਅਸਥਾਨਾਂ ਉੱਤੇ ਜਾ ਕੇ, ਉੱਥੋਂ ਆਪਣਾ ਨਿੱਜੀ ਅਤੇ ਸਮਾਜਿਕ ਜੀਵਨ ਚੰਗੇ ਢੰਗ ਨਾਲ ਚਲਾਉਣ ਦੇ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ।
ਧਰਮ ਅਸਥਾਨਾਂ ਤੋਂ ਹੇਠ ਲਿਖੇ ਵਿਸ਼ਿਆਂ ਸੰਬੰਧੀ ਸਿੱਖਿਆ ਅਤੇ ਸਹੂਲਤਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ, ਤਾਂ ਹੀ ਉਹ ‘ਸੱਚੇ ਧਰਮ ਅਸਥਾਨ‘ ਹਨ:-

  1. ਸਪੱਸ਼ਟ ਰੂਪ ਵਿੱਚ, ਮਿੱਠੇ ਸ਼ਬਦਾਂ ਵਿੱਚ, ਮਨੋ-ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ, ਵਧੀਆ ਢੰਗ ਨਾਲ, ਆਪਸੀ ਗੱਲਬਾਤ ਕਰਨ ਦੀ ਕਲਾ।
  2. ਇੰਦਰੀਆਂ ਨੂੰ ਕਾਬੂ ਵਿਚ ਰੱਖ ਕੇ, ਬੁਰੇ ਕਰਮਾਂ ਤੋਂ ਬਚਣ ਦੀ ਕਲਾ।
  3. ਪਰਿਵਾਰ ਵਿੱਚ ਕਲੇਸ਼ ਤੋਂ ਬਚਣ ਦੀ ਕਲਾ।
  4. ਕਿਸੇ ਕਾਰਨ ਪੈਦਾ ਹੋਏ ਕਲੇਸ਼ ਨੂੰ ਖਤਮ ਕਰਨ ਦੀ ਕਲਾ।
  5. ਪ੍ਰੇਮ ਪੂਰਵਕ ਅਤੇ ਪ੍ਰਸੰਨਤਾ ਪੂਰਵਕ ਆਪਸ ਵਿੱਚ ਮਿਲ ਕੇ ਰਹਿਣ ਦੀ ਕਲਾ।
  6. ਸਰੀਰ ਨੂੰ ਅਰੋਗ ਅਤੇ ਸਵਸਥ ਰੱਖਣ ਦੀ ਕਲਾ।
  7. ਧਿਆਨ/ਸਮਾਧੀ ਲਗਾਉਣ ਦੀ ਕਲਾ।
  8. ਘੱਟ ਪੈਸੇ ਨਾਲ ਚੰਗੀ ਕਮਾਈ ਕਰਨ ਦੀ ਕਲਾ।
  9. ਮਾਇਕ ਤੌਰ ਉੱਤੇ ਆਤਮ-ਨਿਰਭਰ ਹੋਣ ਦੀ ਕਲਾ।
  10. ਕਸਰਤ ਦੀ ਸਿਖਲਾਈ ਅਤੇ ਸਾਧਨਾਂ ਦੀ ਸਹੂਲਤ।
  11. ਨਿਰਧਨਾਂ ਲਈ ਮੁਫਤ ਵਿੱਦਿਆ ਕੇਂਦਰਾਂ ਦੀ ਸਹੂਲਤ।
  12. ਨਿਰਧਨ ਮਰੀਜ਼ਾਂ ਲਈ ਲਘੂ ਔਸ਼ਧਾਲਿਆ (ਡਿਸਪੈਂਸਰੀ) ਦੀ ਸਹੂਲਤ.. ਆਦਿ ਸਮਾਜ ਨੂੰ ਉੱਨਤ ਕਰਨ ਵਾਲੀਆਂ, ਹਰ ਤਰ੍ਹਾਂ ਦੀਆਂ ਸਿੱਖਿਆਵਾਂ ਅਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।
    ਧਰਮ ਅਸਥਾਨ ਸਮਾਜ ਲਈ ਹਨ। ਧਰਮ ਅਸਥਾਨਾਂ ਵਿੱਚ ਸਮਾਜ ਦੀ ਤਰੱਕੀ ਲਈ ਹਰ ਤਰ੍ਹਾਂ ਦੇ ਸਾਧਨ ਹੋਣੇ ਚਾਹੀਦੇ ਹਨ। ਪੁਰਾਣੇ ਸਮਿਆਂ ਵਿੱਚ, ਸਮਾਜ ਨੂੰ ਅਜਿਹੀ ਸ਼ੁਭ ਸਿੱਖਿਆਵਾਂ ਅਤੇ ਸਾਰੀਆਂ ਸੁਖ ਸਹੂਲਤਾਂ ਧਰਮ ਅਸਥਾਨਾਂ ਤੋਂ ਹੀ ਮਿਲਦੀਆਂ ਸਨ। ਇਸ ਕਾਰਨ, ਅੱਜ ਵੀ ਸ਼ੁਭ ਸਿੱਖਿਆ ਅਤੇ ਸਮਾਜਿਕ ਸਹੂਲਤਾਂ ਦੇ ਸਾਧਨ; ਹਰ ਧਰਮ ਅਸਥਾਨ ਤੋਂ ਜਰੂਰ ਹੀ ਮਿਲਣੇ ਚਾਹੀਦੇ ਹਨ। ਧਰਮ ਅਸਥਾਨਾਂ ਉੱਤੇ ਸਮਾਜਿਕ ਸੁਵਿਧਾਵਾਂ ਮੁਹੱਈਆ ਕਰਵਾ ਕੇ, ਲੋਕਾਂ ਨੂੰ ਰੋਜ਼ਾਨਾ ਉੱਥੇ ਜਾਣਾ ਚਾਹੀਦਾ ਹੈ। ਧਰਮ ਅਸਥਾਨ ਪੂਰੀ ਤਰ੍ਹਾਂ ਸਾਫ਼ ਵੀ ਹੋਣੇ ਚਾਹੀਦੇ ਹਨ।
    ਜੇਕਰ ਧਰਮ ਅਸਥਾਨਾਂ ਤੋਂ: ਮਨੁੱਖ ਅਤੇ ਸਮਾਜ ਨੂੰ ਆਪਣੇ ਨਿੱਜੀ ਜੀਵਨ ਅਤੇ ਸਮਾਜਿਕ ਜੀਵਨ ਨੂੰ ਸੁਖੀ ਕਰਨ ਲਈ ਸਿੱਖਿਆ ਅਤੇ ਸਹੂਲਤਾਂ ਨਹੀਂ ਮਿਲਦੀਆਂ; ਤਾਂ ਉਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰ ਕੇ, ਉੱਥੇ ਅਜਿਹੀ ਸਿੱਖਿਆ ਅਤੇ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਹ ਅਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਕਿਉਂਕਿ, ਧਰਮ ਅਸਥਾਨ ਅਸਾਡੇ ਹਨ, ਉਹ ਅਸਾਡੇ ਪੈਸੇ ਨਾਲ ਹੀ ਬਣੇ ਹਨ।