ਸਿਹਤ ਸੰਬੰਧੀ ਦੁਨੀਆਂ ਦੀਆਂ ਬਿਹਤਰੀਨ ਪੁਸਤਕਾਂ ਦੇ ਪੰਜਾਬੀ ਅਨੁਵਾਦ ਦੀ ਲੋੜ

0
13

ਪ੍ਰੋ. ਕੁਲਬੀਰ ਸਿੰਘ
ਬੀਤ ਸਾਲ ਛੇ ਮਹੀਨੇ ਦੌਰਾਨ ਕੁਝ ਅਜਿਹੀਆਂ ਅਨੁਵਾਦਤ ਪੁਸਤਕਾਂ ਪੜ੍ਹਨ ਦਾ ਸਬੱਬ ਬਣਿਆ ਕਿ ਮੈਨੂੰ ਦੁਨੀਆਂ ਦੀਆਂ ਸਿਹਤ ਸੰਬੰਧੀ ਬਿਹਤਰੀਨ ਪੁਸਤਕਾਂ ਦੇ ਪੰਜਾਬੀ ਅਨੁਵਾਦ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਸੋਚਦਾ ਹਾਂ ਉਹ ਹੁਣ ਤੱਕ ਅਨੁਵਾਦ ਕਿਉਂ ਨਹੀਂ ਹੋਈਆਂ? ਉਹ ਪੰਜਾਬੀ ਵਿਚ ਉਪਲਬਦ ਕਿਉਂ ਨਹੀਂ ਹਨ? ਜਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ. ਆਨਰਜ਼ ਪੰਜਾਬੀ ਕਰ ਰਿਹਾ ਸਾਂ ਤਾਂ ਆਨਰਜ਼ ਦੇ ਵਿਦਿਆਰਥੀ ਇਕ ਵਾਧੂ ਪੇਪਰ ਪੜ੍ਹਦੇ ਸਨ। ਦੁਨੀਆਂ ਭਰ ਦੇ ਕਲਾਸਿਕ ਲਿਟਰੇਚਰ ਦਾ ਪੰਜਾਬੀ ਅਨੁਵਾਦ। ਉਦੋਂ ਤੋਂ ਅਨੁਵਾਦ ਪੜ੍ਹਨ ਦੀ ਚੇਟਕ ਲੱਗ ਗਈ। ਪਰ ਅੱਜ ਹੁਣ ਉਮਰ ਦੇ ਇਸ ਪੜਾ ʼਤੇ ਮੈਂ ਦੁਨੀਆਂ ਭਰ ਦੀਆਂ ਸਹਿਤ ਅਤੇ ਜੀਵਨ ਸੰਬੰਧੀ, ਲੰਮੀ ਉਮਰ ਦੇ ਭੇਤ ਦੱਸਦੀਆਂ ਬਿਹਤਰੀਨ ਪੁਸਤਕਾਂ ਦੇ ਪੰਜਾਬੀ ਅਨੁਵਾਦ ਪੜ੍ਹਨੇ ਚਾਹੁੰਦਾ ਹਾਂ। ਅਜਿਹੀਆਂ ਬਹੁਤ ਸਾਰੀਆਂ ਅੰਗਰੇਜ਼ੀ ਕਿਤਾਬਾਂ ਮੇਰੀ ਨਿੱਜੀ ਲਾਇਬਰੇਰੀ ਵਿਚ ਪਈਆਂ ਹਨ। ਜਿਨ੍ਹਾਂ ਨੂੰ ਸਮੇਂ ਸਮੇਂ ਪੜ੍ਹਦਾ ਰਹਿੰਦਾ ਹਾਂ। ਪਰ ਉਨ੍ਹਾਂ ਨੂੰ ਪੜ੍ਹ ਕੇ ਨਾ ਉਹ ਲੁਤਫ਼ ਆਉਂਦਾ ਹੈ, ਨਾ ਆਪਣੇਪਨ ਦਾ ਅਹਿਸਾਸ ਹੁੰਦਾ ਹੈ। ਕਦੇ ਅਨੁਵਾਦ ਪੜ੍ਹ ਕੇ ਮਨ ਕਰਦਾ ਹੈ ਇਸਦਾ ਅਸਲ ਰੂਪ ਪੜਿ੍ਹਆ ਜਾਵੇ ਪਰ ਬਹੁਤੀ ਵਾਰ ਹੋਰਨਾਂ ਭਾਸ਼ਾਵਾਂ ਦੀਆਂ ਵਧੀਆ ਕਿਤਾਬਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਪੜ੍ਹਨ ਦੀ ਇੱਛਾ ਰਹਿੰਦੀ ਹੈ ਕਿਉਂ ਕਿ ਕਿਸੇ ਕਿਤਾਬ ਵਿਚਲੇ ਵਿਚਾਰਾਂ ਨੂੰ ਜਿਵੇਂ ਤੁਸੀਂ ਆਪਣੀ ਭਾਸ਼ਾ ਵਿਚ ਗ੍ਰਹਿਣ ਕਰ ਸਕਦੇ ਹੋ, ਕਿਸੇ ਹੋਰ ਭਾਸ਼ਾ ਵਿਚ ਅਜਿਹਾ ਸੰਭਵ ਨਹੀਂ ਹੁੰਦਾ। ਅਜੋਕੇ ਸਮਿਆਂ ਵਿਚ ਭਾਵੇਂ ਬਹੁਤੀ ਜਾਣਕਾਰੀ ਕੰਪਿਊਟਰ ਅਤੇ ਸਮਾਰਟ ਫੋਨ ਰਾਹੀਂ ਪ੍ਰਾਪਤ ਕੀਤੀ ਜਾ ਰਹੀ ਹੈ ਪਰੰਤੂ ਅਨੁਵਾਦਤ ਸਮੱਗਰੀ ਦਾ ਮਹੱਤਵ ਜਿਉਂ ਦਾ ਤਿਉਂ ਬਰਕਰਾਰ ਹੈ। ਅਨੁਵਾਦ ਰਾਹੀਂ ਅਸੀਂ ਨਵੀ ਦੁਨੀਆਂ, ਨਵੇਂ ਸਮਾਜ, ਨਵੇਂ ਸਭਿਆਚਾਰ, ਨਵੇਂ ਲੋਕਾਂ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਸੰਬੰਧੀ ਜਾਣਦੇ ਹਾਂ। ਦੂਰ ਦੁਰੇਡੀਆਂ ਧਰਤੀਆਂ ਅਤੇ ਵਿਦੇਸ਼ੀਆਂ ਦੇ ਰਹਿਣ ਸਹਿਣ, ਖਾਣ-ਪੀਣ, ਸਿਹਤ-ਸੰਭਾਲ ਅਤੇ ਲੰਮੀ ਉਮਰ ਦੇ ਭੇਤ ਪਤਾ ਚੱਲਦੇ ਹਨ। ਵੱਡੀ ਗਹਿਰੀ ਪ੍ਰੇਰਨਾ ਮਿਲਦੀ ਹੈ। ਇਕੀਗਾਈ ਇਸਦੀ ਬਿਹਤਰੀਨ ਉਦਾਹਰਨ ਹੈ। ਹੈਕਟਰ ਗਾਰਸੀਆ ਅਤੇ ਫ੍ਰਾਂਸੇਕ ਮਿਰਾਲੇਸ ਦੁਆਰਾ ਲਿਖਤ ਲੰਮੇ ਅਤੇ ਖੁਸ਼ਹਾਲ ਜੀਵਨ ਲਈ ਜਪਾਨੀ ਭੇਤ ʼਤੇ ਆਧਾਰਿਤ ਪੁਸਤਕ। ਜਿਸਦਾ ਅਨੁਵਾਦ ਜਗਵਿੰਦਰ ਜੋਧਾ ਨੇ ਕੀਤਾ ਹੈ। ਮੈਂ ਇਸਨੂੰ ਵਾਰ ਵਾਰ ਪੜ੍ਹ ਰਿਹਾ ਹਾਂ। ਪ੍ਰੇਰਿਤ ਹੋ ਰਿਹਾ ਹਾਂ ਆਨੰਦਿਤ ਮਹਿਸੂਸ ਕਰ ਰਿਹਾ ਹਾਂ। ਜੇਕਰ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕੀ ਕਰੋ, ਤਾਂ ਇਕੀਗਾਈ ਪੜ੍ਹੋ। ਜੇਕਰ ਤੁਹਾਡੇ ਅੰਦਰ ਸੌ ਸਾਲ ਜੀਣ ਦੀ ਇੱਛਾ ਹੈ ਤਾਂ ਇਕੀਗਾਈ ਪੜ੍ਹੋ। ਜੇਕਰ ਵਧੇਰੇ ਸਾਲ ਜਿਊਂਦੇ ਰਹਿਣ ਦੇ ਨਾਲ ਨਾਲ ਤੁਹਾਡੇ ਜੀਵਨ ਦੇ ਹੋਰ ਵੀ ਵੱਡੇ ਤੇ ਵੱਖਰੇ ਟੀਚੇ ਹਨ ਤਾਂ ਇਕੀਗਾਈ ਪੜ੍ਹੋ। ਦਰਅਸਲ ਇਕੀਗਾਈ ਦਾ ਅਰਥ ਹੀ ਟੀਚਾ ਹੈ। ਹਮੇਸ਼ਾ ਰੁੱਝੇ ਰਹਿਣ ਨਾਲ ਮਿਲਣ ਵਾਲਾ ਆਨੰਦ। ਇਕੀਗਾਈ ਸ਼ਬਦ ਜਪਾਨੀ ਲੋਕਾਂ ਦੀ ਲੰਮੀ ਉਮਰ ਦੇ ਭੇਤ ਦੱਸਦਾ ਹੈ। ਉਹ ਥਾਵਾਂ, ਉਹ ਸ਼ਹਿਰ ਜਿਥੋਂ ਦੇ ਵਧੇਰ ਲੋਕਾਂ ਦੀ ਉਮਰ ਸੌ ਸਾਲ ਤੋਂ ਵੱਧ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਸਿਹਤਮੰਦ ਭੋਜਨ, ਗਰੀਨ ਟੀ ਅਤੇ ਚੰਗਾ ਸੁਖਾਵਾਂ ਮੌਸਮ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪਰ ਇਥੋਂ ਦੇ ਲੋਕਾਂ ਦੇ ਲੰਮੀ ਉਮਰ ਜੀਣ ਪਿੱਛੇ ਅਸਲੀ ਕਾਰਨ ਇਕੀਗਾਈ ਹੈ। ਇਹ ਸ਼ਬਦ ਉਨ੍ਹਾਂ ਦੇ ਜੀਵਨ ਨੂੰ ਹੀ ਦਿਸ਼ਾ ਦਿੰਦਾ ਹੈ। ਓਕੀਨਾਵਾ ਦੇ ਨਿਵਾਸੀ ਆਨੰਦ ਭਰਪੂਰ ਰੁੱਝਿਆ ਜੀਵਨ ਜਿਉਂਦੇ ਹਨ। ਹੈਕਟਰ ਗਾਰਸੀਆ ਅਤੇ ਫ੍ਰਾਂਸੇਕ ਮਿਰਾਲੇਸ ਲਿਖਦੇ ਹਨ ਕਿ ਕਿਧਰੇ ਨਿੰਬੂ ਵਰਗਾ ਦਿਸਣ ਵਾਲਾ ਫਲ੍ਹ ਸ਼ਿਕੁਵਾਸਾ, ਮੋਰਿੰਗਾ ਚਾਹ ਜਾਂ ਸ਼ੁੱਧ ਪਾਣੀ ਤਾਂ ਉਨ੍ਹਾਂ ਦੀ ਲੰਮੀ ਉਮਰ ਦੀ ਵਜ੍ਹਾ ਨਹੀਂ? ਉਹ ਲੋਕ ਜੀਵਵਾਦੀ ਧਰਮ ਦੇ ਅਸੂਲਾਂ ਦੇ ਧਰਨੀ ਵੀ ਹਨ। ਉਹ ਹਰੇ ਭਰੇ ਵਾਤਾਵਰਨ ਵਿਚ ਕੰਮ ਕਰਦੇ, ਹੱਸਦੇ ਤੇ ਲਤੀਫ਼ੇ ਸੁਣਾਉਂਦੇ ਰਹਿੰਦੇ ਹਨ। ਕੁਦਰਤੀ ਮਾਹੌਲ, ਵਚਿੱਤਰ ਊਰਜਾ ਦੇ ਉਤਸ਼ਾਹ, ਕੰਮ ਦਾ ਵਹਾਅ ਉਨ੍ਹਾਂ ਦੀ ਲੰਮੀ ਉਮਰ ਦੇ ਭੇਤ ਹਨ। ਉਹ ਮਨ ਵਿਚ ਕਿਸੇ ਲਈ ਕੋਈ ਨਾਕਾਰਾਤਮਕ ਭਾਵਨਾ ਨਹੀਂ ਰੱਖਦੇ। ਖੁਸ਼ ਰਹਿੰਦੇ ਹਨ, ਸੰਤੁਸ਼ਟ ਰਹਿੰਦੇ ਹਨ, ਸਾਰਿਆਂ ਨਾਲ ਭਾਈਚਾਰੇ ਵਾਲਾ ਵਿਹਾਰ ਕਰਦੇ ਹਨ। ਦਰਅਸਲ ਉਨ੍ਹਾਂ ਦੇ ਲੰਮੇ ਜੀਵਨ ਦਾ ਰਾਜ ਸਿਹਤਮੰਦ ਸਮਾਜਕ ਜੀਵਨ ਵਿਚ ਛੁਪਿਆ ਹੈ। ਉਹ ਲੋਕ ਟੀਮ ਭਾਵਨਾ ਨਾਲ ਅਪਣੱਤ ਭਰਿਆ ਜੀਵਨ ਜਿਊਂਦੇ ਹਨ। ਇਕ ਦੂਜੇ ਦੀ ਮਦਦ ਕਰਦੇ ਹਨ। ਸਨੇਹ ਨਾਲ ਪੇਸ਼ ਆਉਂਦੇ ਹਨ। ਦੋਸਤਾਨਾ ਢੰਗ ਦਾ ਜੀਵਨ, ਹਲਕਾ ਭੋਜਨ, ਆਰਾਮ, ਕਸਰਤ ਉਨ੍ਹਾਂ ਦੇ ਸਿਹਤਮੰਦ ਜੀਵਨ ਦੇ ਆਧਾਰ ਹਨ। ਪਰ ਸੱਭ ਤੋਂ ਉਪਰ ਹੈ ਇਕੀਗਾਈ। ਮੈਂ ਇਹ ਪੁਸਤਕ ਵਾਰ ਵਾਰ ਪੜ੍ਹ ਰਿਹਾ ਹਾਂ ਆਨੰਦ ਉਡਾ ਰਿਹਾ ਹਾਂ। ਪਰ ਪ੍ਰੇਸ਼ਾਨ ਹਾਂ ਕਿ ਇਹ ਪੁਸਤਕ ਮੇਰੇ ਤੱਕ ਐਨੀ ਦੇਰੀ ਨਾਲ ਕਿਉਂ ਪੁੱਜੀ। ਮੈਨੂੰ ਅਜਿਹੀਆਂ ਹੋਰ ਹੋਰ ਅਨੁਵਾਦਤ ਪੁਸਤਕਾਂ ਦੀ ਲੋੜ ਹੈ