ਤੁਹਾਡਾ ਬਾਥਰੂਮ ਤੁਹਾਡੇ ਸੁਹਜ ਸੁਆਦ ਅਤੇ ਸਫ਼ਾਈ ਪਸੰਦ ਹੋਣ ਦਾ ਪ੍ਰਤੀਕ ਹੈ।

0
41

ਬਾਥਰੂਮ ਚਾਹੇ ਅਤਿ-ਆਧੁਨਿਕ ਹੋਵੇ ਚਾਹੇ ਪੁਰਾਣੇ ਜ਼ਮਾਨੇ ਦਾ ਸਿੱਧਾ-ਸਾਧਾ, ਦੋਹਾਂ ਹਾਲਤਾਂ ਵਿੱਚ ਹੀ ਤੁਸੀਂ ਉਸ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹੋ। ਬਾਥਰੂਮ ਦੀ ਹਰ ਚੀਜ਼ ਸਾਫ਼-ਸੁਥਰੀ ਹੋਣੀ ਲਾਜ਼ਮੀ ਹੈ। ਅੱਜ-ਕੱਲ੍ਹ ਦੇ ਆਧੁਨਿਕ ਬਾਥਰੂਮ ਵਿੱਚ ਬਾਲਟੀ, ਟੱਬ ਜਾਂ ਮੱਗ ਦੀ ਜ਼ਰੂਰਤ ਨਹੀਂ ਪੈਂਦੀ। ਇਸ ਵਿੱਚ ਬਾਥ ਟੱਬ ਹੁੰਦਾ ਹੈ। ਇਨ੍ਹਾਂ ਵਿੱਚ ਨਹਾਉਣ ਦਾ ਆਪਣਾ ਅਲੱਗ ਢੰਗ ਹੁੰਦਾ ਹੈ। ਤੁਸੀਂ ਆਪਣੇ ਸਿਰ ‘ਤੇ ਪਾਣੀ ਪਾ ਕੇ ਉਸ ਨੂੰ ਸੱਜੇ-ਖੱਬੇ, ਝਟਕਾ ਕੇ ਚਾਰੋਂ ਪਾਸੇ ਪਾਣੀ ਦੀਆਂ ਛਿੱਟਾਂ ਨਹੀਂ ਮਾਰ ਸਕਦੇ, ਟੱਬ ਵਿੱਚ ਵੜੋ, ਸਰੀਰ ਮਲੋ ਤੇ ਫਿਰ ਟੱਬ ਦੇ ਨਾਲ ਲੱਗਦੇ ਫੁੱਟਮੈਟ ਤੋਂ ਪੈਰ ਪੂੰਝ ਕੇ ਆਪਣਾ ਸਰੀਰ ਗਾਊਨ ਨਾਲ ਸਕਾਉਣ ਤੋਂ ਬਾਅਦ ਕੱਪੜੇ ਪਾ ਕੇ ਲੋੜੀਂਦੇ ਕਾਸਮੈਟਿਕਸ ਇਸਤੇਮਾਲ ਕਰਕੇ ਬਾਹਰ ਆ ਜਾਂਦੇ ਹੋ। ਅਜਿਹੇ ਬਾਥਰੂਮ ਦੇ ਐਗਜ਼ਾਸਟ ਫ਼ੈਨ, ਬਾਥ ਟੱਬ, ਵਾਸ਼ਬੇਸਨ, ਸ਼ਿੰਗਾਰ ਦੀਆਂ ਚੀਜ਼ਾਂ ਆਦਿ ਦੀ ਬਾਕਾਇਦਾ ਸਫ਼ਾਈ ਕਰਨੀ ਪੈਂਦੀ ਹੈ। ਸਭ ਦੇ ਇਸਤੇਮਾਲ ਕਰਨ ਤੋਂ ਬਾਅਦ ਪਾਣੀ ਵਿੱਚ ਲੂਣ ਮਿਲਾ ਕੇ ਉਸ ਵਿੱਚ ਕੱਪੜਾ ਡੁਬੋ ਕੇ ਨਿਚੋੜ ਕੇ ਸਾਰੀਆਂ ਟਾਈਲਾਂ ਆਦਿ ‘ਤੇ ਫੇਰੋ। ਇਸ ਤੋਂ ਬਾਅਦ ਕਿਸੇ ਵੀ ਸਫ਼ਾਈ ਕਰਨ ਵਾਲੇ ਤਰਲ ਪਦਾਰਥ ਦਾ ਸਪਰੇਅ ਕਰਕੇ ਸਾਫ਼ ਕੱਪੜੇ ਨਾਲ ਪੂੰਝਣ ਨਾਲ ਤੁਹਾਡਾ ਬਾਥਰੂਮ ਸਦਾ ਚਮਕਦਾਰ ਰਹੇਗਾ। ਬਾਥਰੂਮ ਦੀ ਇੱਕ ਦੀਵਾਰ ‘ਤੇ ਕੋਈ ਰਮਣੀਕ ਨਜ਼ਾਰੇ ਵਾਲਾ ਪੋਸਟਰ ਜਾਂ ਬਾਥਰੂਮ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਮਜ਼ਾਕੀਆ ਪੋਸਟਰ ਵੀ ਚਿਪਕਾਏ ਜਾ ਸਕਦੇ ਹਨ। ਇਨ੍ਹਾਂ ਤੋਂ ਵੀ ਨਿਯਮਿਤ ਰੂਪ ਨਾਲ ਸੁੱਕੇ ਕੱਪੜੇ ਨਾਲ ਧੂੜ/ਮਿੱਟੀ ਝਾੜ ਦੇਣੀ ਚਾਹੀਦੀ ਹੈ। ਖੂੰਜਿਆਂ ਵਿੱਚ ਵੀ ਜਾਲੇ ਸਾਫ਼ ਕਰਨ ਵਾਲਾ ਬੁਰਸ਼ ਜ਼ਰੂਰ ਮਾਰੋ। ਜੇਕਰ ਤੁਹਾਡਾ ਬਾਥਰੂਮ ਪੁਰਾਣੇ ਜ਼ਮਾਨੇ ਦਾ ਹੈ ਤਾਂ ਉਸ ਵਿੱਚ ਪਈਆਂ ਬਾਲਟੀਆਂ, ਟੱਬ ਅਤੇ ਮੱਗ ਸਾਫ਼-ਸੁਥਰੇ ਹੋਣੇ ਚਾਹੀਦੇ ਹਨ। ਅਕਸਰ ਹੀ ਇਨ੍ਹਾਂ ਉੱਪਰ ਵੀ ਥੰਦੀ-ਮੈਲ ਜੰਮ ਜਾਂਦੀ ਹੈ। ਇਸ ਨੂੰ ਉਤਾਰਨ ਲਈ ਬਹੁਤਾ ਪ੍ਰੇਸ਼ਾਨ ਨਾ ਹੋਵੋ। ਬੱਸ ਇੱਕ ਕੱਪੜੇ ਉੱਤੇ ਪਾਣੀ, ਸਰਫ਼ ਤੇ ਮਿੱਟੀ ਦਾ ਤੇਲ ਦਾ ਘੋਲ ਲਗਾ ਕੇ ਸਾਫ਼ ਕਰੋ, ਦੇਖੋ ਮਿੰਟਾਂ ਵਿੱਚ ਹੀ ਮੈਲ ਉੱਤਰ ਜਾਵੇਗੀ। ਜੇਕਰ ਤੁਹਾਡੇ ਬਾਥਰੂਮ ਦੀਆਂ ਕੰਧਾਂ ਸੀਮਿੰਟ ਦੀਆਂ ਹਨ ਤਾਂ ਇਹੀ ਘੋਲ ਨਮਕ ਨਾਲ ਮਿਲਾ ਕੇ ਕੰਧਾਂ ‘ਤੇ ਪਾਉਂਦੇ ਹੋਏ ਬੁਰਸ਼ ਨਾਲ ਰਗੜੋ ਤਾਂ ਕੰਧਾਂ ਸਾਫ਼ ਹੋ ਜਾਣਗੀਆਂ। ਹਰ ਰੋਜ਼ ਬਾਥਰੂਮ ਇਸਤੇਮਾਲ ਕਰਨ ਤੋਂ ਬਾਅਦ ਜੇਕਰ ਪੰਜ ਮਿੰਟ ਹੋਰ ਲਗਾ ਲਏ ਜਾਣ ਤਾਂ ਇਹ ਸਦਾ ਸਾਫ਼ ਰਹਿ ਸਕਦਾ ਹੈ। ਕੱਪੜੇ ਟੰਗਣ ਵਾਲੀਆਂ ਖੂੰਟੀਆਂ, ਖਿੜਕੀ, ਦਰਵਾਜ਼ਾ ਸੁੱਕੇ ਕੱਪੜੇ ਨਾਲ ਜਾਂ ਬੁਰਸ਼ ਨਾਲ ਝਾੜੋ। ਬਾਲਟੀ, ਟੱਬ, ਮੱਗ ਆਦਿ ਨੂੰ ਵਿਮ ਜਾਂ ਸਰਫ਼ ਨਾਲ ਧੋ ਕੇ ਮੂਧੇ ਮਾਰੋ ਤਾਂ ਕਿ ਸਾਰਾ ਪਾਣੀ ਸੁੱਕ ਜਾਵੇ ਅਤੇ ਕਿਸੇ ਕਿਸਮ ਦੀ ਧੂੜ ਨਾ ਜੰਮੇ। ਕੰਧਾਂ ‘ਤੇ ਵੀ ਸਾਦਾ ਪਾਣੀ ਪਾ ਕੇ ਨਰਮ ਰੇਸ਼ਿਆਂ ਵਾਲਾ ਬੁਰਸ਼ ਜਿੱਥੋਂ ਤਕ ਛਿੱਟੇ ਜਾਂਦੇ ਹਨ, ਮਾਰ ਕੇ ਸਾਫ਼ ਕਰ ਦਿਓ। ਜਿਸ ਤਰ੍ਹਾਂ ਸਾਬਣ, ਤੇਲ ਆਦਿ ਰੱਖਿਆ ਹੈ, ਸਾਰੀਆਂ ਚੀਜ਼ਾਂ ਵਾਰੀ-ਵਾਰੀ ਚੁੱਕ ਕੇ ਕੱਪੜੇ ਨਾਲ ਉਸ ਨੂੰ ਜਗ੍ਹਾ ਨੂੰ ਸੁਕਾ ਦਿਓ। ਫਰਸ਼ ਨੂੰ ਪੋਚਾ ਮਾਰ ਕੇ ਜਾਂ ਵਾਈਪਰ ਨਾਲ ਚੰਗੀ ਤਰ੍ਹਾਂ ਸੁਕਾਓ। ਸਾਬਣ ਨੂੰ ਟਿਸ਼ੂ ਪੇਪਰ ਨਾਲ ਹਲਕਾ ਦਬਾਅ ਦੇ ਕੇ ਰੱਖੋ ਤਾਂ ਕਿ ਇਹ ਗਲਦੇ ਨਾ ਰਹਿਣ। ਟੂਟੀਆਂ ਆਦਿ ਨੂੰ ਵੀ ਹਰ ਰੋਜ਼ ਪਾਣੀ ਨਾਲ ਧੋਵੋ ਤਾਂ ਕਿ ਇਹ ਨਵੀਆਂ ਲੱਗਦੀਆਂ ਰਹਿਣ। ਇਨ੍ਹਾਂ ‘ਤੇ ਸਾਬਣ ਜੰਮ ਕੇ ਇਨ੍ਹਾਂ ਦੀ ਚਮਕ ਫਿੱਕੀ ਪੈ ਸਕਦੀ ਹੈ। ਤੁਹਾਡੀ ਇਹ ਪੰਜ ਮਿੰਟਾਂ ਦੀ ਮਿਹਨਤ ਤੁਹਾਡੇ ਮਹਿਮਾਨਾਂ ਵਿੱਚ ਤੁਹਾਡੇ ਸਫ਼ਾਈ ਪਸੰਦ ਹੋਣ ਅਤੇ ਸੁਚੱਜੇ ਹੋਣ ਦੀ ਗਵਾਹੀ ਭਰਨ ਲਈ ਕਾਫ਼ੀ ਹੈ। —ਸੁਖਮੰਦਰ ਸਿੰਘ ਤੂਰ