ਅਵਲਿ ਅਲਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ…

0
18

ਜਿਸ ਸਰਵ-ਉੱਚ ਸ਼ਕਤੀ ਨੂੰ ਕੋਈ ਰਾਮ, ਕੋਈ ਖੁਦਾ ਜਾਂ ਗੋਸਾਈਂ ਜਾਂ ਅੱਲਾ ਦਾ ਨਾਂਅ ਲੈ ਕੇ ਯਾਦ ਕਰਦਾ ਹੈ, ਉਸਨੇ ਪਹਿਲਾਂ ਨੂਰ (ਰੂਹ) ਨੂੰ ਪੈਦਾ ਕੀਤਾ ਅਤੇ ਫਿਰ ਮਾਇਆ ਦੇ ਸਭ ਬੰਦੇ ਬਣਾ ਦਿੱਤੇ। ਕਬੀਰ ਸਾਹਿਬ ਕਹਿੰਦੇ ਹਨ ਕਿਉਂਕਿ ਇਸ ਇਕ ਨੂਰ ਤੋਂ ਹੀ ਸਾਰੀ ਸਿ੍ਰਸ਼ਟੀ ਦੀ ਰਚਨਾ ਹੋਈ ਹੈ, ਇਸ ਲਈ ਸਾਰੇ ਇਕੋ ਜਿਹੇ ਹਨ। ਕੌਣ ਚੰਗਾ ਤੇ ਕੌਣ ਮੰਦਾ ਹੈ, ਸਭ ਬਰਾਬਰ ਹਨ। ਖਾਲਕ ਤੇ ਖਲਕਤ ਇਕ ਦੂਸਰੇ ਵਿਚ ਅਭੇਦ ਹਨ ਅਤੇ ਖਲਕਤ ਦੀ ਹਰ ਸ਼ੈਅ ਵਿਚ ਖੁਦਾ ਪੂਰਨ ਹੋ ਰਿਹਾ ਹੈ।
ਅਵਲਿ ਅਲਹ ਨੂਰ ਉਪਾਇਆ,
ਕੁਦਰਤ ਕੇ ਸਭ ਬੰਦੇ॥
ਏਕ ਨੂਰ ਤੇ ਸਭ ਜਗੁ ਉਪਜਿਆ,
ਕਉਨ ਭਲੇ ਕੋ ਮੰਦੇ॥
ਲੋਗਾ ਭਰਮੁ ਨਾ ਭੂਲਹੁ ਭਾਈ॥
ਖਾਲਕ ਖਲਕ ਖਲਕ ਮਹਿ ਖਾਲਕ
ਪੂਰ ਰਹਿਓ ਸ੍ਰਬ ਠਾਈ।
ਸਾਜਨ ਹਾਰੇ ਨੇ ਇਕ ਮਿੱਟੀ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਭਾਂਡੇ (ਜੀਵ) ਬਣਾਏ ਹਨ। ਉਹ ਸਾਜਨ ਹਾਰਾ ਸਾਰਿਆਂਦੇ ਵਿਚ ਹੈ ਅਤੇ ਉਸ ਦਾ ਕੀਤਾ ਹੀ ਸਭ ਕੁੱਝ ਹੁੰਦਾ ਹੈ।
ਮਾਟੀ ਏਕ ਅਨੇਕ ਭਾਂਤ ਕਰ
ਸਾਜੀ ਸਾਜਨ ਹਾਰੇ॥
ਕਹਿ ਕਬੀਰ ਮੇਰੀ ਸੰਕਾ ਨਾਸੀ
ਸਰਬ ਨਿਰੰਜਨ ਡੀਠਾ॥
ਕਉ ਸਭ ਮਹਿ ਏਕ ਖੁਦਾਇ ਕਹਤ
ਹਉ ਤਉ ਕਿਉ ਮੁਰਗੀ ਮਾਰੈ॥
ਜਦੋਂ ਅੱਵਲ ਅੱਲਾ ਦੇ ਨੂਰ ਤੋਂ ਪੈਦਾ ਹੋਈ ਸਿ੍ਰਸ਼ਟੀ ਸਮਾਨ ਹੈ ਤਾਂ ਊਚ-ਨੀਚ ਜਾਂ ਅਸਮਾਨਤਾ ਕਿਉਂ? ਵੈਸੇ ਤਾਂ ਔਰਤ ਬਹੁਤ ਸਮਿਆਂ ਵਿਚ ਬਹੁਤੇ ਦੇਸ਼ਾਂ ਵਿਚ ਪੁਰਖ ਪ੍ਰਧਾਨ ਸਮਾਜ ਵਿਚ ਪੁਰਖ ਤੋਂ ਨੀਵੀਂ ਰਹੀ ਹੈ ਪ੍ਰੰਤੂ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤ ਦੀ ਦਸ਼ਾ ਖਾਸੀ ਮਾੜੀ ਹੋਣ ਕਾਰਨ ਇਕ ਨੂਰ ਤੋਂ ਹੀ ਪੈਦਾ ਹੋਣ ਕਾਰਨ, ਇਕ ਨੂਰ ਤੋਂ ਹੀ ਪੈਦਾ ਹੋਈ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉਣੀ ਪਈ—
ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥
ਆਧੁਨਿਕ ਕਾਲ ਦੇ ਕਵੀ ਭਾਈ ਵੀਰ ਸਿੰਘ ਨੂੰ ਕਾਦਰ ਵੀ ਨੂਰ ਅਤੇ ਕਾਦਰ ਦੀ ਰਚਨਾ ਵਿਚ ਵੀ ਉਹ ਹੀ ਨੂਰ ਦਿਖਾਈ ਦਿੰਦਾ ਹੈ—
‘ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ।
ਅੰਗਰੇਜ਼ ਕਵੀ ਜੇਮਜ਼ ਕਿਰਕਪ (James Kirkap) ਨੇ ‘ਨੋ ਮੈਨ ਆਰ ਫਾਰਨ (Nomen are foreign) ਵਿਚ ਉਸੇ ਤਰ੍ਹਾਂ ਦੀ ਭਾਵਨਾ ਪ੍ਰਗਟ ਕਰਦਾ ਹੈ ਜੋ ਪੰਜਾਬ ਖਾਸ ਕਰਕੇ ਜੋ ਗੁਰਮਤਿ ਕਵੀ ਜਾਂ ਭਗਤਾਂ ਨੇ ਆਪਣੀਆਂ ਰੂਹਾਨੀ ਰਚਨਾਵਾਂ ਵਿਚ ਕਾਦਰ ਤੇ ਉਸ ਦੀ ਆਪਣੀ ਪ੍ਰਕਿਰਤੀ ਬਾਰੇ ਦਿੱਤੇ ਹਨ। ਕਿਰਕਪ ਲਿਖਦਾ ਹੈ ਕਿ ਅਸੀਂ ਇਕ ਹੀ ਪ੍ਰਮਾਤਮਾ ਦੇ ਬੱਚੇ ਹਾਂ। ਪਿ੍ਰਥਵੀ ਮਨੁੱਖ ਦੀ ਸਾਂਝੀ ਜਾਇਦਾਦ ਹੈ। ਯੁੱਧ ਵਿਚ ਸਾਰੇ ਕਸ਼ਟ ਉਠਾਉਂਦੇ ਹਨ ਅਤੇ ਸ਼ਾਂਤੀ ਵਿਚ ਸਾਰੇ ਖੁਸ਼ਹਾਲ ਰਹਿੰਦੇ ਹਨ। ਸਾਰੇ ਕੱਪੜਿਆਂ ਦੇ ਥੱਲੇ ਉਹੀ ਮਨੁੱਖੀ ਸਰੀਰ ਹੈ। ਜਿਸ ਜ਼ਮੀਨ ਉੱਤੇ ਸਾਡੇ ਦੂਜੇ ਭਰਾ ਚਲਦੇ ਹਨ, ਉਹ ਉਹੋ ਪਿ੍ਰਥਵੀ ਹੈ ਜਿਸ ਵਿਚ ਇਕ ਦਿਨ ਅਸੀਂ ਸਾਰੇ ਸੁਲ੍ਹਾ ਦਿੱਤੇ ਜਾਂਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦ ਕੋਈ ਸਾਨੂੰ ਆਪਣੇ ਭਰਾਵਾਂ ਨਾਲ ਨਫ਼ਰਤ ਕਰਨ ਦੀ ਸਿੱਖਿਆ ਦੇਵੇ ਤਾਂ ਅਸੀਂ ਆਪਣੇ ਆਪ ਨੂੰ ਹੀ ਲੁਟਦੇ ਹਾਂ, ਧੋਖਾ ਦਿੰਦੇ ਹਾਂ ਅਤੇ ਆਪਣੀ ਹੀ ਨਿੰਦਾ ਕਰਦੇ ਹਾਂ।
ਗੁਰੂ ਗੋਬਿੰਦ ਸਿੰਘ ਜੀ ਮਨੁੱਖ ਦੇ ਹਰੇਕ ਪਹਿਰਾਵੇ, ਰਹਿਣ-ਸਹਿਣ ਦੇ ਢੰਗ, ਵੱਖਰੀਆਂ ਵੱਖਰੀਆਂ ਜਾਤਾਂ ਅਤੇ ਧਰਮਾਂ ਨੂੰ ‘ਏਕ ਹੀ ਸਰੂਪ ਸੱਭੇ, ਏਕੈ ਜੋਤਿ ਜਾਨਬੋ’ ਦਾ ਉਪਦੇਸ਼ ਦਿੰਦੇ ਹਨ—
ਕੋਈ ਭਇਓਂ ਮੁੰਡੀਆ ਸੰਨਿਆਸੀ, ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨਮਾਨ ਬੋ।
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤਿ ਸਭੈ ਏਕੁ ਪਹਿਚਾਨਬੋ॥
ਜਦੋਂ ਸਾਰੇ ਇਕ ਹੀ ਨੂਰ ਦਾ ਹਿੱਸਾ ਹਨ ਤਾਂ ਅਮੀਰ ਤੇ ਗਰੀਬ ਦਾ ਵਿਤਕਰਾ ਕਿਉਂ? ਈਸ਼ਵਰ ਨੇ ਤਾਂ ਸਭ ਨੂੰ ਬਰਾਬਰ ਬਣਾਇਆ ਹੈ। ਭਗਤ ਨਾਮਦੇਵ ਜੀ ਕਹਿੰੇਦੇ ਹਨ—
ਸਭੈ ਘਟ ਰਾਮ ਬੋਲੈ ਰਾਮਾ ਬੋਲੈ,
ਰਾਮ ਬਿਨਾ ਕੋ ਬੋਲੈ ਰੇ॥