ਵਿਕਟੋਰੀਆ ਦਾ ਪੁਲਿਸ ਅਫਸਰ ਐਬਟਸਫੋਰਡ ਪੁਲਿਸ ਵਿਭਾਗ ਦਾ ਨਵਾਂ ਮੁੱਖੀ ਨਿਯੁਕਤ

0
56

ਸਰੀ-ਵਿਕਟੋਰੀਆ ਦਾ ਇਕ ਪੁਲਿਸ ਅਫਸਰ ਛੇਤੀ ਹੀ ਐਬਟਸਫੋਰਡ ਦਾ ਨਵਾਂ ਪੁਲਿਸ ਮੁਖੀ ਹੋਵੇਗਾ। ਮੌਜੂਦਾ ਚੀਫ ਮਾਈਕ ਸੇਰ ਨੇ ਇਸ ਸਾਲ ਦੇ ਸ਼ੁਰੂ ਵਿਚ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਦੀ ਥਾਂ ਨਵੇਂ ਮੁੱਖੀ  ਦੀ ਤਲਾਸ਼ ਕੀਤੀ ਜਾ ਰਹੀ ਸੀ। ਇਸ ਹਫ਼ਤੇ ਐਬਟਸਫੋਰਡ ਪੁਲਿਸ ਬੋਰਡ ਨੇ ਐਲਾਨ ਕੀਤਾ ਕਿ ਕੋਲਿਨ ਵਾਟਸਨ ਇਸ ਸਾਲ 15 ਨਵੰਬਰ ਨੂੰ ਮਾਈਕ ਸੇਰ ਦੀ ਸੇਵਾਮੁਕਤੀ ਪਿੱਛੋਂ ਉਨ੍ਹਾਂ ਦੀ ਥਾਂ ਲੈਣਗੇ। ਉਹ ਮੌਜੂਦਾ ਸਮੇਂ ਵਿਕਟੋਰੀਆ ਪੁਲਿਸ ਵਿਭਾਗ ਵਿਚ ਡਿਪਟੀ ਚੀਫ਼ ਕੰਸਟੇਬਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਜਿਥੇ ਉਨ੍ਹਾਂ 26 ਸਾਲ ਤੋਂ ਵੀ ਜ਼ਿਆਦਾ ਸਮਾਂ ਸੇਵਾ ਕੀਤੀ ਹੈ। ਵਾਟਸਨ ਚੰਗੇ ਪੜ੍ਹੇ ਲਿਖੇ ਅਧਿਕਾਰੀ ਹਨ। ਉਨ੍ਹਾਂ ਨੇ ਓਸਗੁੱਡ ਹਾਲ ਲਾਅ ਸਕੂਲ ਤੋਂ ਕਾਨੂੰਨ ਦੀ ਪੜ੍ਹਾਈ, ਯੂਨੀਵਰਸਿਟੀ ਆਫ ਟੈਕਸਾਸ ਤੋਂ ਪਬਲਿਕ ਐਡਮਨਿਸਟਰੇਸ਼ਨ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਹੈ। ਵਾਟਸਨ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਉੱਚੇ ਅਕਸ ਵਾਲੇ ਐਬਟਸਫੋਰਡ ਪੁਲਿਸ ਵਿਭਾਗ ਦੀ ਅਗਵਾਈ ਕਰਨ ਅਤੇ ਐਬਟਸਫੋਰਡ ਸ਼ਹਿਰ ਦੀ ਸੇਵਾ ਲਈ ਚੁਣੇ ਜਾਣ ’ਤੇ ਮਾਣ ਮਹਿਸੂਸ ਕਰਦਾ ਹੈ।