ਕੈਨੇਡੀਅਨ ਬਾਰਡਰ ਏਜੰਟਾਂ ਵਲੋਂ ਮਨੀਟੋਬਾ ਵਿਚ 60 ਲੱਖ ਡਾਲਰ ਦੀ ਕੋਕੀਨ ਜ਼ਬਤ

0
40

ਪੇਮਬੀਨਾ-ਕੈਨੇਡੀਅਨ ਬਾਰਡਰ ਏਜੰਟਾਂ ਨੇ ਇਕ ਵਪਾਰਕ ਟਰੱਕ ਵਿਚੋਂ 60 ਲੱਖ ਡਾਲਰ ਮੁੱਲ ਦੀ 140 ਪੌਂਡ (62 ਕਿਲੋਗ੍ਰਾਮ) ਕੋਕੀਨ ਜ਼ਬਤ ਕੀਤੀ ਹੈ ਜਿਹੜਾ ਉੱਤਰੀ ਪੂਰਬੀ ਨੌਰਥ ਡਕੋਟਾ ਤੋਂ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਨੇਡੀਅਨ ਬਾਰਡਰ ਸਰਵਸਿਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇਕ ਸਾਂਝੇ ਬਿਆਨ ਵਿਚ ਦੱਸਿਆ ਕਿ ਕੋਕੀਨ 14 ਜੁਲਈ ਨੂੰ ਦੱਖਣੀ ਮਨੀਟੋਬਾ ਵਿਚ ਐਮਰਸਨ ਪੋਰਟ ਆਫ ਐਂਟਰੀ ਵਿਖੇ ਟਰੱਕ ਦੀ ਤਲਾਸ਼ੀ ਦੌਰਾਨ ਮਿਲੀ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਵਿਚ ਕਿਸੇ ਮਨੀਟੋਬਾ ਪੋਰਟ ਆਫ ਐਂਟਰੀ ਵਿਖੇ ਇਹ ਸਭ ਤੋਂ ਵੱਡੀ ਬਰਾਮਦਗੀ ਹੈ। ਸਹਾਇਕ ਕਮਿਸ਼ਨਰ ਅਤੇ ਮਨੀਟੋਬਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਕਮਾਂਡਿੰਗ ਅਫਸਰ ਰੌਬ ਹਿਲ ਨੇ ਕਿਹਾ ਕਿ ਇਸ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੇ ਵਹਾਅ ਵਿਚ ਕਿਸੇ ਵੀ ਵਿਘਨ ਦੇ ਦੂਰ-ਰਸ ਪ੍ਰਭਾਵ ਹੁੰਦੇ ਹਨ ਅਤੇ ਇਹ ਸਾਡੀਆਂ ਕਮਿਊਨਿਟੀਜ਼ ਦੀ ਸੁਰੱਖਿਆ ’ਤੇ ਮਹੱਤਵਪੂਰਣ ਅਸਰ ਪਾਉਂਦੇ ਹਨ। ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਵਿਨੀਪੈਗ ਦੇ 31 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।