ਬਹੁਤ ਜ਼ਰੂਰੀ ਹੈ ਦੁਪਹਿਰ ਦਾ ਭੋਜਨ

0
12

ਕਈ ਲੋਕ ਇਹ ਸੋਚਦੇ ਹਨ ਕਿ ਸਾਨੂੰ ਵਜ਼ਨ ਘੱਟ ਕਰਨ ਲਈ ਅਤੇ ਕੰਮ ਸਮੇਂ ਚੁਸਤ ਤੇ ਫੁਰਤੀਲਾ ਰਹਿਣ ਲਈ ਦੁਪਹਿਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਪਰ ਇਸ ਤਰ੍ਹਾਂ ਕਰਨਾ ਗ਼ਲਤ ਹੈ। ਇਹ ਬਿਲਕੁਲ ਸਹੀ ਹੈ ਕਿ ਤੁਹਾਡਾ ਸਵੇਰ ਦਾ ਨਾਸ਼ਤਾ ਠੀਕ ਅਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਇਸ ਨਾਲ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਸ ਤੋਂ ਬਾਅਦ ਸਿਰਫ਼ ਰਾਤ ਦਾ ਭੋਜਨ ਲਓ ਅਤੇ ਦੁਪਹਿਰ ਨੂੰ ਕੁਝ ਨਾ ਖਾਓ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ-ਆਪ ਨੂੰ ਨੁਕਸਾਨ ਪਹੁੰਚਾ ਰਹੇ ਹੋ। ਨਾਸ਼ਤਾ ਲੈਣ ਤੋਂ ਡੇਢ ਦੋ ਘੰਟੇ ਬਾਅਦ ਤੁਹਾਡੇ ਖ਼ੂਨ ਵਿਚ ਸ਼ੂਗਰ ਦਾ ਪੱਧਰ ਹੇਠਾਂ ਆ ਜਾਂਦਾ ਹੈ ਅਤੇ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਥੋੜ੍ਹੀ ਦੇਰ ਤਕ, ਜਦੋਂ ਦੁਪਹਿਰ ਦੇ ਭੋਜਨ ਦਾ ਸਮਾਂ ਆਉਂਦਾ ਹੈ, ਤੁਸੀਂ ਜੇਕਰ ਕੁਝ ਨਹੀਂ ਖਾਂਦੇ ਤਾਂ ਤੁਹਾਡੀ ਹਾਜ਼ਮੇ ਦੀ ਦਰ ਵੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਕਰਨ ਲਗਦੇ ਹੋ। ਇਸ ਹਾਲਤ ਵਿਚ ਸ਼ਾਮ ਤੱਕ ਤੁਹਾਨੂੰ ਬਹੁਤ ਭੁੱਖ ਲਗਦੀ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਰਾਤ ਦੇ ਭੋਜਨ ‘ਤੇ ਟੁੱਟ ਪੈਂਦੇ ਹੋ ਅਤੇ ਬੇਹਿਸਾਬ ਖਾਣਾ ਖਾ ਲੈਂਦੇ ਹੋ। ਆਮ ਤੌਰ ‘ਤੇ ਇਹ ਵੀ ਦੇਖਿਆ ਗਿਆ ਹੈ ਕਿ ਇਸ ਤਰ੍ਹਾਂ ਤੁਸੀਂ ਖਾਣਾ ਖਾਣ ਦੇ ਕੁਝ ਹੀ ਦੇਰ ਬਾਅਦ ਸੌਂ ਜਾਂਦੇ ਹੋ। ਇਸ ਦਾ ਕੀ ਅਸਰ ਹੁੰਦਾ ਹੈ? ਇਹ ਤੁਹਾਡੇ ਸਰੀਰ ਲਈ ਹਾਨੀਕਾਰਕ ਹੈ ਕਿਉਂਕਿ ਰਾਤ ਨੂੰ ਸੌਂਦੇ ਸਮੇਂ ਤੁਹਾਡੀਆਂ ਸਾਰੀਆਂ ਕੈਲੋਰੀਜ਼ ਰਾਤ ਮੋਟਾਪੇ ਵਿਚ ਬਦਲ ਜਾਂਦੀਆਂ ਹਨ। ਸੌਂਦੇ ਸਮੇਂ ਸਰੀਰ ਕੈਲੋਰੀ ਦੀ ਕੋਈ ਵਰਤੋਂ ਨਹੀਂ ਕਰਦਾ ਅਤੇ ਤੁਹਾਡਾ ਵਜ਼ਨ ਦੁਪਹਿਰ ਨੂੰ ਨਾ ਖਾਣੇ ਦੇ ਬਾਵਜੂਦ ਵਧ ਜਾਂਦਾ ਹੈ। ਇਸ ਹਾਲਤ ਵਿਚ ਇਲਾਜ ਇਕ ਹੀ ਹੈ ਕਿ ਦੁਪਹਿਰ ਨੂੰ ਤੁਹਾਨੂੰ ਜ਼ਰੂਰ ਕੁਝ ਖਾ ਲੈਣਾ ਚਾਹੀਦਾ ਹੈ, ਚਾਹੇ ਹਲਕਾ ਖਾਣਾ ਹੀ ਕਿਉਂ ਨਾ ਖਾਓ। ਤੁਸੀਂ ਸਬਜ਼ੀ, ਰੋਟੀ, ਚੌਲ ਆਦਿ ਨਾ ਖਾਓ ਪਰ ਤੁਸੀਂ ਇਸ ਦੇ ਬਦਲੇ ਵਿਚ ਦਹੀਂ, ਸੈਂਡਵਿਚ ਜਾਂ ਫਲ ਆਦਿ ਖਾ ਸਕਦੇ ਹੋ ਜਾਂ ਫਿਰ ਤੁਸੀਂ ਫਲ ਹੀ ਖਾਓ ਜਾਂ ਹਲਕਾ ਪੋਹਾ, ਉਪਮਾ ਜਾਂ ਇਡਲੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਹਿਸਾਬ ਨਾਲ ਆਪਣੀਆਂ ਆਦਤਾਂ ਬਦਲੋਗੇ ਤਾਂ ਤੁਸੀਂ ਰਾਤ ਨੂੰ ਭੋਜਨ ਵੀ ਹਿਸਾਬ ਨਾਲ ਖਾਓਗੇ। ਦਿਨ ਵਿਚ ਜੋ ਵੀ ਤੁਸੀਂ ਖਾਧਾ ਹੈ, ਉਹ ਹਜ਼ਮ ਵੀ ਹੋ ਜਾਂਦਾ ਹੈ ਅਤੇ ਮੋਟਾਪਾ ਵੀ ਨਹੀਂ ਆਉਂਦਾ ਕਿਉਂਕਿ ਤੁਸੀਂ ਦਿਨ ਵਿਚ ਕੰਮ ਕਰਦੇ ਸਮੇਂ ਇਨ੍ਹਾਂ ਕੈਲੋਰੀਜ਼ ਦੀ ਸਹੀ ਵਰਤੋਂ ਕਰ ਸਕਦੇ ਹੋ। ਇਕ ਹੋਰ ਗੱਲ ਦਾ ਧਿਆਨ ਰੱਖੋ ਕਿ ਰਾਤ ਨੂੰ ਖਾਣਾ ਖਾ ਕੇ ਕੁਝ ਸੈਰ ਕਰੋ ਜਾਂ ਘਰ ਵਿਚ ਹੀ ਤੁਰਦੇ-ਫਿਰਦੇ ਰਹੋ। ਬਸ ਖਾਣਾ ਖਾ ਕੇ, ਲੰਮੇ ਪੈ ਕੇ ਟੀ.ਵੀ. ਦੇਖ ਕੇ ਨਾ ਸੌਂਵੋ। ਰਾਤ ਦੇ ਭੋਜਨ ਤੋਂ ਬਾਅਦ ਟਹਿਲਣਾ ਜਾਂ ਥੋੜ੍ਹਾ ਜਿਹਾ ਕੰਮਕਾਰ ਕਰਕੇ ਸੌਣਾ ਫਾਇਦੇਮੰਦ ਰਹੇਗਾ।