ਟਰੰਪ ਦੇ ਮੁੜ ਤੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ

0
13

ਨਿਊਯਾਰਕ-ਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਡੈਲੀਗੇਟ ਚੋਣਾਂ ਦੌਰਾਨ ਹਾਰ ਮਗਰੋਂ ਨਿੱਕੀ ਹੇਲੀ ਨੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਤੋਂ ਆਪਣੀ ਦਾਅਵੇਦਾਰੀ ਛੱਡਣ ਦਾ ਫੈਸਲਾ ਲੈ ਲਿਆ ਹੈ। ਇਸ ਨਾਲ ਡੋਨਲਡ ਟਰੰਪ ਦਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਦਾ ਰਾਹ ਪੱਧਰਾ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੰਬਰ ‘ਚ ਮੁੜ ਜੋਅ ਬਾਇਡਨ ਅਤੇ ਟਰੰਪ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਉਂਜ ਵਰਮੌਂਟ ‘ਚ ਨਿੱਕੀ ਹੇਲੀ ਨੇ ਟਰੰਪ ਨੂੰ ਹਰਾ ਦਿੱਤਾ ਸੀ। ਹੇਲੀ ਨੇੜਲੇ ਤਿੰਨ ਵਿਅਕਤੀਆਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਹੇਲੀ ਰਾਸ਼ਟਰਪਤੀ ਚੋਣ ਦੀ ਦਾਅਵੇਦਾਰੀ ਛੱਡਣ ਦਾ ਛੇਤੀ ਐਲਾਨ ਕਰੇਗੀ। ਸਾਊਥ ਕੈਰੋਲਾਈਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਸਫ਼ੀਰ ਹੇਲੀ ਨੇ ਟਰੰਪ ਖ਼ਿਲਾਫ਼ ਤਿੱਖਾ ਪ੍ਰਚਾਰ ਕੀਤਾ ਸੀ ਪਰ ਪਾਰਟੀ ‘ਚ ਉਹ ਟਰੰਪ ਅੱਗੇ ਖੜ੍ਹੀ ਨਾ ਰਹਿ ਸਕੀ। ਸਾਬਕਾ ਰਾਸ਼ਟਰਪਤੀ ਟਰੰਪ ਰਿਪਬਲਿਕਨ ਨਾਮਜ਼ਦਗੀ ਲਈ ਲੋੜੀਂਦੇ 1215 ਡੈਲੀਗੇਟ ਹਾਸਲ ਕਰਨ ਵੱਲ ਵਧ ਰਿਹਾ ਹੈ। ਟਰੰਪ ਕੋਲ 893 ਜਦਕਿ ਹੇਲੀ ਕੋਲ 66 ਡੈਲੀਗੇਟ ਹਨ। ਹੇਲੀ ਜੇਕਰ ਆਪਣੀ ਨਾਮਜ਼ਦਗੀ ਵਾਪਸ ਲੈ ਲੈਂਦੀ ਹੈ ਤਾਂ ਇਹ ਉਨ੍ਹਾਂ ਵੋਟਰਾਂ, ਦਾਨੀਆਂ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਲਈ ਵੱਡਾ ਝਟਕਾ ਹੋਵੇਗਾ ਜੋ ਟਰੰਪ ਦੇ ਵਿਰੋਧੀ ਸਨ। ਇਹ ਸਪੱਸ਼ਟ ਨਹੀਂ ਕਿ ਕੀ ਟਰੰਪ ਬੁਰੀ ਤਰ੍ਹਾਂ ਵੰਡੀ ਹੋਈ ਪਾਰਟੀ ਨੂੰ ਇਕਜੁੱਟ ਕਰ ਸਕਣਗੇ ਜਾਂ ਨਹੀਂ। ਹੇਲੀ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦਾਅਵੇਦਾਰੀ ਭਾਵੇਂ ਵਿਚਾਲੇ ਹੀ ਛੱਡਣ ਦਾ ਫ਼ੈਸਲਾ ਲਿਆ ਹੈ ਪਰ ਉਸ ਨੇ ਪਹਿਲੀ ਮਹਿਲਾ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ।