ਕੈਪਟਨ ਵਲੋਂ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਐਲਾਨ

0
392

ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਮਾਮਲਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਉਠਾਇਆ ਸੀ। ਜ਼ੀਰਾ ਨੇ ਸਿਫ਼ਰ ਕਾਲ ਦੌਰਾਨ ਦੋਸ਼ ਲਾਏ ਸਨ ਕਿ ਅਕਾਲੀ ਆਗੂ ਅਨਵਰ ਮਸੀਹ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਕਰੀਬੀ ਸਬੰਧ ਹਨ, ਜਿਸ ਨੂੰ ਐੱਸਟੀਐੱਫ ਨੇ ਇਕ ਹਜ਼ਾਰ ਕਰੋੜ ਰੁਪਏ ਹੈਰੋਇਨ ਉਸ ਦੇ ਘਰ ਵਿੱਚੋਂ ਮਿਲਣ ਕਰਕੇ ਇਕ ਦਿਨ ਪਹਿਲਾਂ ਗਿ੍ਰਫਤਾਰ ਕੀਤਾ ਹੈ। ਉਨਾਂ ਦੋਸ਼ ਲਾਇਆ ਕਿ ਮਸੀਹ, ਮਜੀਠੀਆ ਦਾ ਸੱਜਾ ਹੱਥ ਹੈ ਅਤੇ ਇਸ ਮਾਮਲੇ ਵਿਚ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਸਦਨ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੰਮਿ੍ਰਤਸਰ ਦੇ ਇਸ ਬਹੁ-ਕਰੋੜੀ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਅਕਾਲੀ ਵਿਧਾਇਕ ਮਜੀਠੀਆ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਮਾਮਲੇ ਦੀਆਂ ਤਾਰਾਂ ਵੱਡੇ ਸਿਆਸੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਜ਼ੀਰਾ ਨੇ ਮਸੀਹ ਅਤੇ ਮਜੀਠੀਆ ਦੀਆਂ ਤਸਵੀਰਾਂ ਸਦਨ ਵਿਚ ਵੀ ਲਹਿਰਾਈਆਂ ਅਤੇ ਬਾਅਦ ਵਿਚ ਉਸ ਸਮੇਂ ਦਿਖਾਈਆਂ ਜਦੋਂ ਮੁੱਖ ਮੰਤਰੀ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਮੁੱਖ ਮੰਤਰੀ ਵਲੋਂ ਨਸ਼ੀਲੇ ਪਦਾਰਥਾਂ ਦੇ ਬਹੁ-ਕਰੋੜੀ ਕਾਰੋਬਾਰ ਦੀ ਉਚ ਪੱਧਰੀ ਜਾਂਚ ਕਰਵਾਉਣ ਦੇ ਐਲਾਨ ਨਾਲ ਕਾਂਗਰਸ ਆਗੂਆਂ ਨੂੰ ਆਸ ਬੱਝੀ ਹੈ ਕਿ ਸ਼ਾਇਦ ਮੁੱਖ ਮੰਤਰੀ ਅਕਾਲੀਆਂ ਵਿਰੁਧ ਸਖ਼ਤ ਸਟੈਂਡ ਲੈਣ।