ਐਸਐਨਸੀ-ਲਾਵਲਿਨ ਦੇ ਸਾਬਕਾ ਐਗਜ਼ੀਕਿਊਟਿਵ ਨੂੰ ਪੁੱਲਾ ਰਿਸ਼ਵਤ ਮਾਮਲੇ ਵਿਚ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ

0
5

ਓਟਵਾ-ਮਾਂਟਰੀਅਲ ਵਿਚ ਪੁੱਲ ਦੀ ਮੁਰੰਮਤ ਦੇ ਠੇਕੇ ਵਿਚ ਰਿਸ਼ਵਤ ਦੀ ਯੋਜਨਾ ਲੜਾਉਣ ਦੇ ਸਬੰਧ ਵਿਚ ਐਸਐਨਸੀ-ਲਾਵਾਲਿਨ ਕੰਪਨੀ ਦੇ ਸਾਬਕਾ ਐਗਜ਼ੀਕਿਊਟਿਵ ਨੂੰ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪਿਛਲੇ ਮਹੀਨੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਲਈ ਦੋਸ਼ੀ ਠਹਿਰਾਏ ਜਾਣ ਪਿੱਛੋਂ ਕਿਸੇ ਸਮੇਂ ਇੰਜਨੀਅਰਿੰਗ ਕੰਪਨੀ ਦੇ ਉਪ ਪ੍ਰਧਾਨ ਦੇ ਚੋਟੀ ਦੇ ਰੈਂਕ ’ਤੇ ਰਹੇ ਨੋਰਮੰਡ ਮੋਰਿਨ ਨੂੰ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਵਿਚ ਪਤਾ ਲੱਗਾ ਕਿ ਐਸਐਨਸੀ-ਲਾਵਾਲਿਨ ਦੇ ਐਗਜ਼ੀਕਿਊਟਿਵਾਂ ਨੇ 2000 ਦਹਾਕੇ ਦੇ ਸ਼ੁਰੂ ਵਿਚ ਜੈਕਿਊਜ਼ ਕਾਰਟੀਅਰ ਬਿ੍ਰਜ ਡੈੱਕ ਦੀ ਮੁਰੰਮਤ ਦਾ 128 ਮਿਲੀਅਨ ਡਾਲਰ ਦਾ ਠੇਕਾ ਲੈਣ ਦੇ ਉਦੇਸ਼ ਨਾਲ 23 ਲੱਖ ਡਾਲਰ ਦੀ ਰਿਸ਼ਵਤ ਦਿੱਤੀ ਸੀ। 2017 ਵਿਚ ਫੈਡਰਲ ਬਿ੍ਰਜ ਕਾਰਪੋਰਰੇਸ਼ਨ ਦੇ ਸਾਬਕਾ ਸੀਈਓ ਮਿਸ਼ੇਲ ਫੋਰਨੀਅਰ ਨੇ 1997 ਅਤੇ 2004 ਵਿਚਕਾਰ ਸਵਿਸ ਬੈਂਕ ਖਾਤਿਆਂ ਰਾਹੀਂ ਰਿਸ਼ਵਤ ਲੈਣ ਦੀ ਗੱਲ ਸਵੀਕਾਰ ਕੀਤੀ ਸੀ। ਫੋਰਨੀਅਰ ਜਿਸ ਨੇ 1990 ਦੇ ਦਹਾਕੇ ਦੇ ਸ਼ੁਰੂ ਵਿਚ ਵਿਰੋਧੀ ਧਿਰ ਦਾ ਨੇਤਾ ਹੁੰਦਿਆਂ ਜੀਨ ਕ੍ਰੇਟੀਅਨ ਦੇ ਚੀਫ ਆਫ ਸਟਾਫ ਵਜੋਂ ਸੇਵਾਵਾਂ ਨਿਭਾਈਆਂ ਨੂੰ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ ਅਤੇ ਉਦੋਂ ਤੋਂ ਉਸ ਨੂੰ ਪੈਰੋਲ ਮਿਲੀ ਹੋਈ ਹੈ। ਐਸਐਨਸੀ ਦੇ ਸਾਬਕਾ ਉਪ ਪ੍ਰਧਾਨ ਕਮਲ ਫ੍ਰਾਂਸਿਸ ਵੀ 2021 ਵਿਚ ਜਾਅਲਸਾਜੀ ਦੇ ਮਾਮਲੇ ਵਿਚ ਸ਼ਾਮਿਲ ਸੀ। ਉਸ ਦੇ ਖਿਲਾਫ ਅਦਾਲਤੀ ਕਾਰਵਾਈ ਚੱਲ ਰਹੀ ਹੈ। ਆਰਸੀਐਮਪੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ ਇਕ ਗੁੰਝਲਦਾਰ ਜਾਂਚ ਜਿਸ ਨੂੰ ਪ੍ਰਾਜੈਕਟ ਐਗਰਾਫੇ (ਸਟੈਪਲ) ਕਿਹਾ ਗਿਆ ਹੈ ਦੇ ਸਿੱਟੇ ਵਜੋਂ ਸਾਹਮਣੇ ਆਏ ਹਨ ਜਿਹੜੀ 2013 ਵਿਚ ਸ਼ੁਰੂ ਕੀਤੀ ਗਈ ਸੀ। ਐਸਐਨਸੀ-ਲਾਵਾਲਿਨ ’ਤੇ ਪਿਛਲੇ ਸਮੇਂ ਵਿਚ ਇਸ ਦੇ ਲਿਬੀਆ ਵਿਚ ਕੀਤੇ ਕੰਮ ਦੇ ਸਬੰਧ ਵਿਚ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ।