ਬੀਸੀ ਵਲੋਂ ਓਵਰਪਾਸਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰਾਂ ਨੂੰ ਇਕ ਲੱਖ ਡਾਲਰ ਜ਼ੁਰਮਾਨੇ ਤੇ 18 ਮਹੀਨੇ ਕੈਦ ਦੀ ਸਜ਼ਾ ਦਾ ਪ੍ਰਸਤਾਵ

0
9

ਵਿਕਟੋਰੀਆ-ਬੀਸੀ ਸਰਕਾਰ ਉਨ੍ਹਾਂ ਵਪਾਰਕ ਟਰੱਕ ਡਰਾਈਵਰਾਂ ਨੂੰ ਸਜ਼ਾ ਦੇਣ ਲਈ ਸਖਤ ਨਵੇਂ ਉਪਾਅ ਪੇਸ਼ ਕਰ ਰਹੀ ਹੈ ਜਿਹੜੇ ਓਵਰਪਾਸ ਅਤੇ ਪੁੱਲਾਂ ਵਰਗੇ ਜਨਤਕ ਬੁਨਿਆਦੀ ਢਾਂਚਿਆਂ ਨੂੰ ਟੱਕਰ ਮਾਰਦੇ ਹਨ। ਮੰਗਲਵਾਰ ਪੇਸ਼ ਕੀਤੇ ਗਏ ਕਾਨੂੰਨਾਂ ਵਿਚ ਤਬਦੀਲੀਆਂ ਨਾਲ ਅਦਾਲਤਾਂ ਇਕ ਲੱਖ ਡਾਲਰ ਤੱਕ ਜ਼ੁਰਮਾਨਾ ਅਤੇ 18 ਮਹੀਨੇ ਤਕ ਕੈਦ ਦੀ ਸਜ਼ਾ ਦੇ ਸਕਣਗੀਆਂ। ਬੀਸੀ ਦੇ ਟਰਾਂਸਪੋਰਟ ਮੰਤਰਾਲੇ ਵਲੋਂ ਇਕੱਤਰ ਕੀਤੀ ਗਈ ਸੂਚੀ ਮੁਤਾਬਿਕ 2021 ਦੇ ਅਖੀਰ ਤੋਂ ਹੁਣ ਤਕ ਵਪਾਰਕ ਟਰੱਕਾਂ ਨੇ 35 ਓਵਰਪਾਸਾਂ ਅਤੇ ਪੁੱਲਾਂ ਨੂੰ ਟੱਕਰ ਮਾਰੀ ਹੈ। ਮੋਟੇ ਜ਼ੁਰਮਾਨੇ ਦਾ ਐਲਾਨ ਕਰਦਿਆਂ ਸੂਬੇ ਦਾ ਕਹਿਣਾ ਕਿ ਬੁਨਿਆਦੀ ਢਾਂਚਾ ਨੂੰ ਟੱਕਰ ਮਾਰਨ ਨਾਲ ਮਹੱਤਵਪੂਰਣ ਸੁਰੱਖਿਆ ਖ਼ਤਰਾ ਪੈਦਾ ਹੁੰਦਾ ਹੈ, ਹਾਈਵੇਜ਼ ਮੁਰੰਮਤ ’ਤੇ ਲੱਖਾਂ ਡਾਲਰ ਖਰਚ ਆਉਣ ਦੇ ਨਾਲ ਨਾਲ ਲੰਬਾ ਸਮਾਂ ਸੜਕ ਬੰਦ ਰਹਿੰਦੀ ਹੈ ਅਤੇ ਸਪਲਾਈ ਚੇਨ ਵਿਚ ਵਿਘਨ ਪੈਂਦਾ ਹੈ ਜਿਸ ਦਾ ਸਾਰੇ ਬਿ੍ਰਟਿਸ਼ ਕੋਲੰਬੀਆ ਵਾਸੀਆਂ ’ਤੇ ਅਸਰ ਪੈਂਦਾ ਹੈ। ਟਰਾਂਸਪੋਰਟ ਮੰਤਰੀ ਰੌਬ ਫਲੇਮਿੰਗ ਨੇ ਕਿਹਾ ਕਿ ਸਧਾਰਨ ਸ਼ਬਦਾਂ ਵਿਚ ਸਾਡੇ ਬੁਨਿਆਦੀ ਢਾਂਚੇ ਨੂੰ ਟੱਕਰ ਮਾਰਨ ਦੇ ਕੋਈ ਬਹਾਨੇ ਨਹੀਂ ਹੋਣੇ ਚਾਹੀਦੇ। ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਇਹ ਟੱਕਰਾਂ ਰੁਕਣੀਆਂ ਚਾਹੀਦੀਆਂ ਹਨ। ਡਰਾਈਵਰ ਆਪਣੇ ਲੋਡ ਦੇ ਆਕਾਰ ਨੂੰ ਜਾਨਣ, ਆਪਣੇ ਰੂਟ ਦੀ ਪਾਲਣਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਉਨ੍ਹਾਂ ਦਾ ਲੋਡ ਠੀਕ ਢੰਗ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਨਾਲ ਪਹੁੰਚਯੋਗ ਰੂਟ ਮੈਪ ਵਰਗੀ ਤਕਨਾਲੋਜੀ ਕਾਰਨ ਅਜਿਹਾ ਕਦੇ ਵੀ ਸੌਖਾ ਨਹੀਂ ਰਿਹਾ। ਇਕ ਲੱਖ ਤਕ ਦਾ ਜਰੁਮਾਨਾ ਅਤੇ ਜੇਲ੍ਹ ਦਾ ਸਮਾਂ ਟਰੱਕ ਕੰਪਨੀਆਂ ਜਾਂ ਦੂਸਰੇ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੁੰਦਾ।