ਪਰਿਵਾਰਕ ਉਲਝਣਾਂ ਦੀ ਦਿਲਚਸਪ ਕਹਾਣੀ ‘ਵੇਖੀ ਜਾ ਛੇੜੀ ਨਾ’

0
23

ਗਾਇਕੀ ਦੇ ਨਾਲ ਨਾਲ ਫਿਲਮਾਂ ਵਿੱਚ ਖ਼ਾਸ ਪਛਾਣ ਸਥਾਪਤ ਕਰਨ ਵਾਲਾ ਕਰਮਜੀਤ ਅਨਮੋਲ ਅੱਜ ਪੰਜਾਬੀ ਸਿਨੇਮਾ ਦਾ ਨਾਮੀ ਕਾਮੇਡੀਅਨ ਹੈ। ਉਸ ਨੇ ਆਪਣੇ ਕਿਰਦਾਰਾਂ ਰਾਹੀਂ ਸਮਾਜ ਦੇ ਅਨੇਕਾਂ ਪਾਤਰਾਂ ਨੂੰ ਪਰਦੇ ‘ਤੇ ਜੀਵਿਤ ਕੀਤਾ। ਬੀਤੇ ਦਿਨੀਂ ਉਸ ਦੀ ਨਵੀਂ ਕਾਮੇਡੀ ਫਿਲਮ ‘ਵੇਖੀ ਜਾ ਛੇੜੀ ਨਾ‘ ਰਿਲੀਜ਼ ਹੋਈ ਹੈ। ਇਹ ਫਿਲਮ ਜਿੱਥੇ ਸਮਾਜ ਵਿੱਚ ਕੁੜੀਆਂ ਦੀ ਘਟ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟਾਉਂਦੀ ਹੈ ਉੱਥੇ ਵਿਆਹ ਦੀ ਉਮਰ ਲੰਘਾ ਚੁੱਕੇ ਮੁੰਡਿਆਂ (ਛੜੇ) ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕਤਾ ਵੀ ਦਰਸਾਉਂਦੀ ਹੈ। ਲੇਖਕ-ਨਿਰਦੇਸ਼ਕ ਮਨਜੀਤ ਸਿੰਘ ਟੋਨੀ ਵੱਲੋਂ ਲਿਖੀ ਇਸ ਫਿਲਮ ਦੀ ਕਹਾਣੀ ਦੋ ਭਰਾਵਾਂ ਦੇ ਵਿਆਹ ਅਤੇ ਦਾਦੀ ਦੀਆਂ ਰੀਝਾਂ ‘ਤੇ ਆਧਾਰਿਤ ਹੈ। ਫਿਲਮ ਵਿਚ ਵੱਡਾ ਭਰਾ ਕਰਮਾ (ਕਰਮਜੀਤ ਅਨਮੋਲ) ਹੈ ਜੋ ਛੜਾ ਤੇ ਛੋਟਾ ਸਿਮਰ (ਸਿਮਰ ਖਹਿਰਾ) ਕੁਆਰਾ ਹੈ। ਇਨ੍ਹਾਂ ਦੀ ਦਾਦੀ (ਜਤਿੰਦਰ ਕੌਰ) ਚਾਹੁੰਦੀ ਹੈ ਕਿ ਉਸ ਦੇ ਜਿਊਂਦੇ-ਜੀਅ ਵੱਡੇ ਪੋਤੇ ਦਾ ਵਿਆਹ ਪਹਿਲਾਂ ਹੋ ਜਾਵੇ ਪਰ ਰਿਸ਼ਤੇ ਵਾਲੇ ਵੇਖਣ ਵੱਡੇ ਨੂੰ ਆਉਂਦੇ ਹਨ, ਪਸੰਦ ਛੋਟੇ ਨੂੰ ਕਰ ਜਾਂਦੇ ਹਨ। ਅਜਿਹਾ ਕਈ ਵਾਰ ਹੁੰਦਾ ਹੈ। ਆਖਿਰ ਪਰਿਵਾਰ ਵਾਲੇ ਇੱਕ ਵਿਚੋਲੇ ਨਾਲ ਮਿਲ ਕੇ ਸਕੀਮ ਖੇਡਦੇ ਹਨ। ਬਿਮਾਰ ਦਾਦੀ ਦਾ ਮਨ ਖੜ੍ਹਾਉਣ ਲਈ ਘਰ ਵਿੱਚ ਸਿਮਰ ਦੀ ਥਾਂ ਕਰਮੇ ਦੇ ਸ਼ਗਨ ਮਨਾਏ ਜਾਂਦੇ ਹਨ, ਜੰਝ ਚੜ੍ਹਦੀ ਹੈ ਪਰ ਲਾਵਾਂ ਵੇਲੇ ਲਾੜੀ ਨਾਲ ਸਿਮਰ ਨੂੰ ਬਿਠਾਇਆ ਜਾਂਦਾ ਹੈ। ਹੌਲੀ ਹੌਲੀ ਵਿਚੋਲੇ ਦੇ ਇਹ ‘ਓਹਲੇ‘ ਦੀ ਖੇਡ ਕਈ ਦਿਲਚਸਪ ਮੋੜ ਲੈ ਜਾਂਦੀ ਹੈ ਅਤੇ ਫਿਲਮ ਹਾਸਿਆਂ ਦੇ ਫੁਹਾਰੇ ਛੱਡਦੀ ਦਰਸ਼ਕਾਂ ਨੂੰ ਖ਼ੂਬ ਹਸਾਉਂਦੀ ਹੈ। ਵਿਨਰਜ਼ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਮਨਜੀਤ ਮਨੀ, ਦਲਵੀਰ ਬਬਲੀ, ਸੁਲੱਖਣ, ਅਟਵਾਲ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ। ਕਰਮਜੀਤ ਅਨਮੋਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਗੁਰਮੀਤ ਸਾਜਨ ਵੀ ਆਪਣੇ ਕਿਰਦਾਰ ਵਿੱਚ ਖ਼ੂਬ ਜਚਿਆ ਹੈ। ਸਿਮਰ ਖਹਿਰਾ ਤੇ ਲਵ ਗਿੱਲ ਦੀ ਜੋੜੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਨੇ ਕੀਤਾ ਹੈ। ਪਰਿਵਾਰਕ ਰਿਸ਼ਤਿਆਂ ਦੀ ਇਹ ਫਿਲਮ ਮਨੋਰੰਜਨ ਭਰਪੂਰ ਕਾਮੇਡੀ ਡਰਾਮਾ ਹੈ। —ਮਨਜੀਤ ਕੌਰ ਸੱਪਲ