ਨੌਂ ਵੱਖਵਾਦੀ ਸੰਗਠਨਾਂ ਦੇ ਕੈਨੇਡਾ ’ਚ ਹਨ ਟਿਕਾਣੇ, ਪਾਕਿ ਦੇ ਇਸ਼ਾਰੇ ’ਤੇ ਕੈਨੇਡਾ ਦੀ ਧਰਤੀ ’ਤੇ ਕੰਮ ਕਰ ਰਹੇ ਹਨ ਅੱਤਵਾਦੀ ਸੰਗਠਨ

0
56

ਨਵੀਂ ਦਿੱਲੀ: ਅੱਤਵਾਦੀ ਗਰੁੱਪਾਂ ਦੀ ਹਮਾਇਤ ਕਰਨ ਵਾਲੇ ਘੱਟੋ-ਘੱਟ ਨੌਂ ਵੱਖਵਾਦੀ ਸੰਗਠਨਾਂ ਦੇ ਟਿਕਾਣੇ ਕੈਨੇਡਾ ’ਚ ਹਨ ਤੇ ਹਵਾਲਗੀ ਦੀਆਂ ਕਈ ਅਪੀਲਾਂ ਦੇ ਬਾਵਜੂਦ ਕੈਨੇਡਾ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਣੇ ਘਿਨੌਣੇ ਅਪਰਾਧਾਂ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿੱਖ ਸੰਗਠਨ (ਡਬਲਯੂਐੱਸਓ), ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ), ਸਿੱਖ ਫਾਰ ਜਸਟਿਸ (ਐੱਸਐੱਫਜੇ) ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਵਰਗੇ ਖ਼ਾਲਿਸਤਾਨ ਹਮਾਇਤੀ ਸੰਗਠਨ ਪਾਕਿਸਤਾਨ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨੀ ਅੱਤਵਾਦੀ ਤੇ ਕੈਨੇਡਾ ਦੇ ਨਾਗਰਿਕ ਨਿੱਝਰ ਦੀ ਹੱਤਿਆ ਸਬੰਧੀ ਕੈਨੇਡੀਅਨ ਅਧਿਕਾਰੀਆਂ ਤੇ ਆਗੂਆਂ ਵੱਲੋਂ ਭਾਰਤ ਖ਼ਿਲਾਫ਼ ਲਗਾਏ ਗਏ ਦੋਸ਼ ਗ਼ਲਤ ਤੇ ਬੇਬੁਨਿਆਦ ਹਨ।

ਅਧਿਕਾਰੀਆਂ ਨੇ ਕਿਹਾ ਕਿ ਲੁੜੀਂਦੇ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਹਵਾਲਗੀ ਦਾ ਮੁੱਦਾ ਭਾਰਤੀ ਅਧਿਕਾਰੀਆਂ ਵੱਲੋਂ ਕਈ ਡਿਪਲੋਮੈਟਿਕ ਤੇ ਸੁਰੱਖਿਆ ਵਾਰਤਾਵਾਂ ’ਚ ਚੁੱਕਿਆ ਗਿਆ ਹੈ ਪਰ ਕੈਨੇਡੀਅਨ ਅਧਿਕਾਰੀ ਇਨ੍ਹਾਂ ਅੱਤਵਾਦੀ ਅਨਸਰਾਂ ਨੂੰ ਸੁਰੱਖਿਆ ਦੇ ਰਹੇ ਹਨ। ਕੈਨੇਡੀਅਨ ਧਿਰ ਨੂੰ ਕਈ ਦਸਤਾਵੇਜ਼ ਸੌਂਪੇ ਗਏ ਹਨ ਪਰ ਭਾਰਤ ਦੀਆਂ ਹਵਾਲਗੀ ਅਪੀਲਾਂ ’ਤੇ ਧਿਆਨ ਨਹੀਂ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਲੋਕਾਂ ਤੇ ਪਾਕਿਸਤਾਨ ਦੀ ਆਈਐੱਸਆਈ ਨਾਲ ਸਾਜ਼ਿਸ਼ ਰਚਣ ਵਾਲੇ ਕਈ ਗੈਂਗਸਟਰਾਂ ਨੂੰ ਕੈਨੇਡਾ ’ਚ ਸੁਰੱਖਿਅਤ ਟਿਕਾਣਾ ਮਿਲਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ 16 ਅਪਰਾਧਕ ਮਾਮਲਿਆਂ ’ਚ ਲੁੜੀਂਦਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਬਰਾੜ ਉਰਫ ਗੋਲਡੀ ਬਰਾੜ, ਅੱਤਵਾਦੀ ਗੁਰਪ੍ਰੀਤ, ਭਗਤ ਸਿੰਘ ਬਰਾੜ, ਮਨਿੰਦਰ ਸਿੰਘ ਬੁਆਲ ਸਣੇ ਕਈ ਗੈਂਗਸਟਰਾਂ ਦੀ ਹਵਾਲਗੀ ਦੀ ਅਪੀਲ ਉਨ੍ਹਾਂ ਖ਼ਿਲਾਫ਼ ਸਬੂਤਾਂ ਨਾਲ ਪੇਸ਼ ਕੀਤੀ ਗਈ ਸੀ ਪਰ ਕੈਨੇਡੀਅਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵੱਖਵਾਦੀ ਸੰਗਠਨ ਖੁੱਲ੍ਹੇਆਮ ਹੱਤਿਆ ਦੀਆਂ ਧਮਕੀਆਂ ਦੇ ਰਹੇ ਹਨ। ਵੱਖਵਾਦੀਆਂ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ ਤੇ ਭਾਰਤ ’ਚ ਹੱਤਿਆਵਾਂ ਕਰ ਰਹੇ ਹਨ।