ਨਿੱਝਰ ਹੱਤਿਆਕਾਂਡ ਸਬੰਧੀ ਵਿਵਾਦ ਦੌਰਾਨ SFJ ਨੇ ਭਾਰਤੀ ਮੂਲ ਦੇ ਹਿੰਦੂਆਂ ਨੂੰ ਦਿੱਤੀ ਕੈਨੇਡਾ ਛੱਡਣ ਦੀ ਧਮਕੀ

0
28

ਟੋਰਾਂਟੋ : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਟਕਰਾਅ ਚੱਲ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਖਾਲਿਸਤਾਨ ਪੱਖੀ ਸਿੱਖਸ ਫਾਰ ਜਸਟਿਸ (Sikhs for Justice) ਗਰੁੱਪ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। Sikhs for Justice ਨੇ ਕੈਨੇਡਾ ‘ਚ ਰਹਿ ਰਹੇ ਭਾਰਤੀ ਮੂਲ ਦੇ ਹਿੰਦੂਆਂ ਨੂੰ ਕੈਨੇਡਾ ਛੱਡਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਖਾਲਿਸਤਾਨ ਪੱਖੀ ਹੋਣ ਕਾਰਨ 2019 ‘ਚ ਸਿੱਖਸ ਫਾਰ ਜਸਟਿਸ (SFJ) ‘ਤੇ ਪਾਬੰਦੀ ਲਗਾ ਦਿੱਤੀ ਸੀ।

ਭਾਰਤ-ਹਿੰਦੂ ਕੈਨੇਡਾ ਛੱਡੋ

ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਇੱਕ ਵੀਡੀਓ ਜਾਰੀ ਕਰ ਕੇ ਇਹ ਧਮਕੀ ਦਿੱਤੀ ਹੈ। ਵੀਡੀਓ ‘ਚ ਪੰਨੂੰ ਨੇ ਕਿਹਾ ਹੈ, ‘ਭਾਰਤ-ਹਿੰਦੂ ਕੈਨੇਡਾ ਛੱਡੋ, ਇੰਡੀਆ ਜਾਓ। ਤੁਸੀਂ ਨਾ ਸਿਰਫ ਭਾਰਤ ਦਾ ਸਮਰਥਨ ਕਰਦੇ ਹੋ, ਸਗੋਂ ਖਾਲਿਸਤਾਨ ਪੱਖੀ ਸਿੱਖਾਂ ਦੇ ਭਾਸ਼ਣਾਂ ਦਾ ਵੀ ਵਿਰੋਧ ਕਰਦੇ ਹੋ।

ਗੁਰਪਤਵੰਤ ਪੰਨੂ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਦੱਸ ਦੇਈਏ ਕਿ ਗੁਰਪਤਵੰਤ ਪੰਨੂ ਨੂੰ ਭਾਰਤ ‘ਚ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ।

ਜਾਣੋ ਕਿਵੇਂ ਵਧਿਆ ਭਾਰਤ-ਕੈਨੇਡਾ ਤਣਾਅ

ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ‘ਚ ਕਿਹਾ ਕਿ ਇਸ ਸਾਲ ਜੂਨ ‘ਚ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋ ਸਕਦਾ ਹੈ।

ਇਸ ਤੋਂ ਤੁਰੰਤ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ। ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਦਿੱਲੀ ਛੱਡਣ ਲਈ ਵੀ ਕਿਹਾ ਹੈ।

ਧਮਕੀ ‘ਤੇ ਹਿੰਦੂ ਸੰਗਠਨ ਦੀ ਪ੍ਰਤੀਕਿਰਿਆ

ਕੈਨੇਡੀਅਨ ਹਿੰਦੂਜ਼ ਫਾਰ ਹਾਰਮੋਨੀ ਦੇ ਬੁਲਾਰੇ ਵਿਜੇ ਜੈਨ ਨੇ ਪੰਨੂ ਦੀ ਧਮਕੀ ‘ਤੇ ਚਿੰਤਾ ਪ੍ਰਗਟਾਈ ਹੈ। ਕਿਹਾ- ‘ਹੁਣ ਅਸੀਂ ਹਰ ਪਾਸੇ ਪੂਰੇ ਪੈਮਾਨੇ ‘ਤੇ ਹਿੰਦੂਫੋਬੀਆ ਦੇਖ ਰਹੇ ਹਾਂ।’

ਜੈਨ ਨੇ ਕਿਹਾ ਕਿ ਨਿੱਝਰ ਦੀ ਹੱਤਿਆ ‘ਚ ਭਾਰਤ ਦੀ ਕਥਿਤ ਸ਼ਮੂਲੀਅਤ ਬਾਰੇ ਟਰੂਡੋ ਦੀਆਂ ਟਿੱਪਣੀਆਂ ਭਾਵਨਾਵਾਂ ਨੂੰ ਭੜਕਾ ਸਕਦੀਆਂ ਹਨ। ਅਸੀਂ ਚਿੰਤਤ ਹਾਂ ਕਿ ਇਸ ਨਾਲ ਕੈਨੇਡਾ ‘ਚ ਹਿੰਦੂ ਲੋਕਾਂ ਦੀ ਜਾਨ 1985 ਵਾਂਗ ਖਤਰੇ ਵਿੱਚ ਪੈ ਸਕਦੀ ਹੈ।