ਪ੍ਰੀਮੀਅਰਾਂ ਵੱਲੋਂ ਫੈਡਰਲ ਸਰਕਾਰ ਦੀ ਹੈਲਥ ਕੇਅਰ ਫੰਡਿੰਗ ਦੀ ਪੇਸ਼ਕਸ਼ ਸਵੀਕਾਰ

0
109

ਓਟਵਾ-ਕੈਨੇਡਾ ਦੇ ਪ੍ਰੀਮੀਅਰਾਂ ਨੇ ਫੈਡਰਲ ਸਰਕਾਰ ਦੀ ਨਵੀਂ ਸਿਹਤ ਸੰਭਾਲ ਫੰਡਿੰਗ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਜਿਸ ਨਾਲ ਆਉਣ ਵਾਲੇ ਫੈਡਰਲ ਬਜਟ ਵਿਚ ਸੂਬਿਆਂ ਤੇ ਟੈਰੀਟਰੀਜ਼ ਨੂੰ ਫੰਡ ਟਰਾਂਸਫਰ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ। ਸੋਮਵਾਰ ਨੂੰ ਪ੍ਰੀਮੀਅਰਜ਼ ਤੇ ਟੈਰੀਟੋਰੀਅਲ ਨੇਤਾਵਾਂ ਦੀ ਇਕ ਘੰਟਾ ਚੱਲੀ ਵਰਚੂਅਲ ਮੀਟਿੰਗ ਪਿੱਛੋਂ ਮੈਨੀਟੋਬਾ ਦੀ ਪ੍ਰੀਮੀਅਰ ਹੀਥਰ ਸਟੇਫਨਸਨ ਨੇ ਦੱਸਿਆ ਕਿ ਅਸੀਂ ਫੈਡਰਲ ਫੰਡਾਂ ਨੂੰ ਸਵੀਕਾਰ ਕਰਾਂਗੇ। ਅਸੀਂ ਇਸ ਨੂੰ ਸਹੀ ਦਿਸ਼ਾ ਵੱਲ ਕਦਮ ਵਜੋਂ ਦੇਖਦੇ ਹਾਂ। ਓਟਵਾ ਨੇ 10 ਸਾਲਾਂ ਲਈ ਸੂਬਿਆਂ ਨੂੰ ਨਵੇਂ ਹੈਲਥ ਕੇਅਰ ਫੰਡਿੰਗ ਲਈ ਪ੍ਰੀਮੀਅਰਜ਼ ਨੂੰ 46.2 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਹੈ ਪਰ ਇਹ ਰਕਮ ਸੂਬਿਆਂ ਦੀ ਮੰਗ ਨਾਲੋਂ ਕਾਫੀ ਘੱਟ ਹੈ। ਕੌਂਸਲ ਆਫ ਫੈਡਰੇਸ਼ਨ ਦੀ ਚੇਅਰ ਮਿਸ ਸਟੀਫਨਸਨ ਨੇ ਇਕ ਮੁਲਾਕਾਤ ਵਿਚ ਕਿਹਾ ਕਿ ਸਮਝੌਤਾ ਹਰੇਕ ਸੂਬੇ ਤੇ ਟੈਰੀਟਰੀਜ਼ ਨੂੰ ਆਪੋ ਆਪਣੇ ਵਿਸ਼ੇਸ਼ ਮੁੱਦਿਆਂ ’ਤੇ ਫੈਡਰਲ ਸਰਕਾਰ ਨਾਲ ਦੁਵੱਲੇ ਸਿਹਤ ਫੰਡਿੰਗ ਸਮਝੌਤੇ ਕਰਨ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਸਿਹਤ ਸੰਭਾਲ ਫੰਡਿੰਗ ਚੁਣੌਤੀਆਂ ਜਿਨ੍ਹਾਂ ਦੀ ਸੂਬੇ ਤੇ ਟੈਰੀਟਰੀਜ਼ ਸਾਹਮਣਾ ਕਰ ਰਹੇ ਹਨ ਦੇ ਸਬੰਧ ਵਿਚ ਇਹ ਸਮਝੌਤਾ ਲੰਬਾ ਸਮਾਂ ਕੰਮ ਨਹੀਂ ਰਹੇਗਾ, ਇਸ ਲਈ ਅਸੀਂ ਪ੍ਰਧਾਨ ਮੰਤਰੀ ਨੂੰ ਦੂਸਰੇ ਕੁਝ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਲਿਖਾਂਗੇ। ਪ੍ਰੀਮੀਅਰਜ਼ ਕੈਨੇਡਾ ਹੈਲਥ ਟਰਾਂਸਫਰ ਦੀ ਰਕਮ ਵਧਾ ਕੇ 28 ਬਿਲੀਅਨ ਡਾਲਰ ਕਰਨ ਅਤੇ ਸਾਲਾਨਾ ਪੰਜ ਫ਼ੀਸਦੀ ਦੇ ਵਾਧੇ ਦੀ ਮੰਗ ਕਰ ਰਹੇ ਸਨ। 10 ਸਾਲਾਂ ਵਿਚ ਇਹ ਰਕਮ 300 ਅਰਬ ਡਾਲਰ ਬਣ ਜਾਣੀ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੀਟਿੰਗ ਵਿਚ ਪ੍ਰੀਮੀਅਰਜ਼ ਨੂੰ ਸ਼ਾਇਦ ਇਹ ਅੰਤਿਮ ਪੇਸ਼ਕਸ਼ ਕੀਤੀ ਗਈ ਸੀ। ਓਟਵਾ ਦਾ ਕਹਿਣਾ ਕਿ ਫੰਡ ਵਾਧੇ ਵਿਚ ਪਿਛਲੀ ਵਚਨਬੱਧਤਾ ਸਮੇਤ ਇਹ 10 ਸਾਲਾਂ ਵਿਚ ਸਿਹਤ ਸੰਭਾਲ ਲਈ ਫੰਡ ਨੂੰ ਵਧਾ ਕੇ 196.1 ਅਰਬ ਡਾਲਰ ਕਰ ਦੇਵੇਗਾ।